ਸਰਕਾਰ ਦੇ ਦਾਅਵੇ ਸਾਬਤ ਹੋ ਰਹੇ ਝੂਠੇ, ਮੰਡੀਆਂ ’ਚ ਰੁਲ ਰਹੀ ਹਜ਼ਾਰਾਂ ਕੁਇੰਟਲ ਕਣਕ

Thursday, May 13, 2021 - 03:16 PM (IST)

ਮਜੀਠਾ (ਪ੍ਰਿਥੀਪਾਲ)-ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਅਤੇ ਬਾਰਦਾਨੇ ਦੇ ਕੀਤੇ ਵਾਅਦੇ ਉਸ ਵਕਤ ਖੋਖਲੇ ਸਾਬਤ ਹੋਏ ਜਦੋਂ ਦਾਣਾ ਮੰਡੀ ਮਜੀਠਾ ਵਿਖੇ ਕਰੀਬ ਇਕ ਲੱਖ ਕੁਇੰਟਲ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਨਹੀਂ ਕੀਤੀ ਗਈ, ਜਿਹੜੀ ਕਿ ਸ਼ੈੱਡਾਂ ਦੇ ਬਾਹਰ ਖੁੱਲ੍ਹੇ ਆਸਮਾਨ ਹੇਠਾਂ ਬਰਸਾਤ ਦੇ ਨਾਲ ਖਰਾਬ ਹੋ ਰਹੀ ਹੈ। ਇਸ ਸਬੰਧੀ ਜਦ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਕੁਲਦੀਪ ਸਿੰਘ ਕਾਹਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਮਜੀਠਾ ’ਚ ਕੁਲ ਤਿੰਨ ਸਰਕਾਰੀ ਖਰੀਦ ਏਜੰਸੀਆਂ ਨੇ ਕਣਕ ਦੀ ਖਰੀਦ ਕਰਨੀ ਸੀ, ਜਿਨ੍ਹਾਂ ’ਚ ਮਾਰਕਫੈੱਡ, ਪਨਸਪ ਅਤੇ ਵੇਅਰਹਾਊਸ ਹਨ । ਦੋ ਖਰੀਦ ਏਜੰਸੀਆਂ ਪਨਸਪ ਅਤੇ ਵੇਅਰ ਹਾਊਸ ਨੇ ਆਪਣੇ ਨਿਰਧਾਰਤ ਟੀਚੇ ਮੁਤਾਬਕ ਕਣਕ ਦੀ ਖਰੀਦ ਪੂਰੀ ਕਰ ਲਈ ਹੈ, ਜਦਕਿ ਮਾਰਕਫੈੱਡ ਖਰੀਦ ਏਜੰਸੀ ਦੇ ਮੈਨੇਜਰ ਵੱਲੋਂ ਆਪਣੇ ਟੀਚੇ ਤੋਂ ਕਿਤੇ ਘੱਟ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਅਧਿਕਾਰੀ ਦੀ ਅਣਗਹਿਲੀ ਕਾਰਣ ਹਜ਼ਾਰਾਂ ਕੁਇੰਟਲ ਕਣਕ ਮੰਡੀ ’ਚ ਸ਼ੈੱਡ ਤੋਂ ਬਾਹਰ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ, ਜਿਸ ਦੀ ਖਰੀਦ ਅਜੇ ਤੱਕ ਨਹੀਂ ਕੀਤੀ ਗਈ।

ਮੌਸਮ ਖਰਾਬ ਹੋਣ ਕਾਰਣ ਕਣਕ ਦਾ ਖਰਾਬ ਹੋਣਾ ਬਿਲਕੁਲ ਤੈਅ ਹੈ, ਜਿਸ ਨਾਲ ਆੜ੍ਹਤੀਆਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਸਰਕਾਰ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਵੇਗਾ। ਇਸ ਸਬੰਧੀ ਮਾਰਕਫੈੱਡ ਦੇ ਮੈਨੇਜਰ ਹਰਵਿੰਦਰ ਸਿੰਘ ਹੰਜਰਾ ਨਾਲ ਫੋਨ ’ਤੇ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ’ਤੇ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ। ਸੁਪਰਵਾਈਜ਼ਰ ਕਾਹਲੋਂ ਨੇ ਦੱਸਿਆ ਕਿ ਮੈਂ ਵੀ ਕਈ ਵਾਰ ਮੈਨੇਜਰ ਹੰਜਰਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਕਾਹਲੋਂ ਨੇ ਕਿਹਾ ਕਿ ਇਸ ਵਿਚ ਮੈਨੇਜਰ ਦੀ ਕਥਿਤ ਤੌਰ ’ਤੇ ਮਨਸ਼ਾ ਵਿਚ ਫਰਕ ਲੱਗਦਾ ਹੈ, ਜਿਸ ਕਾਰਣ ਉਹ ਕਣਕ ਦੀ ਸਿੱਧੇ ਤਰੀਕੇ ਨਾਲ ਖਰੀਦ ਨਹੀਂ ਕਰ ਰਹੇ। ਦੂਸਰੇ ਪਾਸੇ ਉਨ੍ਹਾਂ ਕਿਹਾ ਕਿ 15 ਮਈ ਤੋਂ ਕਣਕ ਦੀ ਸਰਕਾਰ ਵੱਲੋਂ ਖਰੀਦ ਬੰਦ ਕੀਤੀ ਜਾ ਰਹੀ ਹੈ। ਜੇਕਰ ਇਸ ਕਣਕ ਦੀ ਖਰੀਦ 15 ਮਈ ਤੱਕ ਨਾ ਹੋਈ ਤਾਂ ਇਹ ਕਣਕ ਕਿੱਥੇ ਵਿਕੇਗੀ, ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗੇਗਾ ਕਿਉਂਕਿ ਜੇਕਰ ਕਣਕ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਤਾਂ ਸਰਕਾਰ ਨੂੰ ਮਿਲਣ ਵਾਲੀ ਮਾਰਕੀਟ ਕਮੇਟੀ ਫੀਸ ਨਹੀਂ ਮਿਲੇਗੀ।

ਇਸ ਸਬੰਧੀ ਕੁਝ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਕਰੀਬ ਅਪ੍ਰੈਲ ਮਹੀਨੇ ਤੱਕ ਦੀ ਖਰੀਦੀ ਹੋਈ ਕਣਕ ਦੇ ਪੈਸੇ ਹੀ ਕਿਸਾਨਾਂ ਦੇ ਖਾਤਿਆਂ ਵਿਚ ਆਏ ਹਨ, ਜਦਕਿ ਕਿਸਾਨਾਂ ਵੱਲੋਂ ਮਈ ਮਹੀਨੇ ਵਿਚ ਵੇਚੀ ਗਈ ਕਣਕ ਦੇ ਪੈਸੇ ਹੁਣ ਤੱਕ ਖਾਤਿਆਂ ਵਿਚ ਸਰਕਾਰ ਵੱਲੋਂ ਨਹੀਂ ਪੁਆਏ ਗਏੇ, ਜਿਸ ਤੋਂ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਸਾਫ ਜ਼ਾਹਿਰ ਹੋ ਰਹੀ ਹੈ, ਜਦਕਿ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ 24 ਘੰਟਿਆਂ ਵਿਚ ਪਾਉਣ ਦਾ ਦਾਅਵਾ ਕੀਤਾ ਸੀ। ਦੂਜੇ ਪਾਸੇ ਆੜ੍ਹਤੀਆਂ ਵੱਲੋਂ ਕਿਸਾਨਾਂ ਨਾਲ ਹਮਦਰਦੀ ਕਰਦੇ ਹੋਏ ਆਪਣੇ ਰਿਸਕ ’ਤੇ ਕਿਸਾਨ ਦੀ ਕਣਕ ਸੁਟਵਾ ਕੇ ਕਿਸਾਨਾਂ ਨੂੰ ਪਰਚੀ ਦੇ ਕੇ ਫਾਰਗ ਕਰ ਦਿੱਤਾ ਜਾਂਦਾ ਹੈ ਕਿਉਂਕਿ ਖਰੀਦ ਏਜੰਸੀ ਦੇ ਇੰਸਪੈਕਟਰ ਵੱਲੋਂ ਕਣਕ ਦੀ ਖਰੀਦ ਮੰਡੀ ਵਿਚ ਆ ਕੇ ਨਹੀਂ ਕੀਤੀ ਜਾ ਰਹੀ। ਇਸ ਕਰ ਕੇ ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਕਿਸਾਨਾਂ ਨਾਲ ਹੁੰਦੀ ਲੁੱਟ ਅਤੇ ਪ੍ਰੇਸ਼ਾਨੀ ਨੂੰ ਦੂਰ ਕਰਾਇਆ ਜਾਵੇ।


Manoj

Content Editor

Related News