ਅੰਮ੍ਰਿਤਸਰ ਦੇ ਇਸ ਬ੍ਰਿਜ ’ਤੇ 2 ਸਾਲਾਂ ਲਈ ਆਵਾਜਾਈ ਮੁਕੰਮਲ ਬੰਦ, ਜਾਣੋ ਕੀ ਰਹੀ ਵਜ੍ਹਾ

Thursday, Dec 14, 2023 - 06:44 PM (IST)

ਅੰਮ੍ਰਿਤਸਰ ਦੇ ਇਸ ਬ੍ਰਿਜ ’ਤੇ 2 ਸਾਲਾਂ ਲਈ ਆਵਾਜਾਈ ਮੁਕੰਮਲ ਬੰਦ, ਜਾਣੋ ਕੀ ਰਹੀ ਵਜ੍ਹਾ

ਅੰਮ੍ਰਿਤਸਰ (ਨੀਰਜ)- ਜ਼ਿਲ੍ਹੇ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਵਿਭਾਗਾਂ ਸਮੇਤ ਟ੍ਰੈਫ਼ਿਕ ਪੁਲਸ, ਨਗਰ ਨਿਗਮ, ਪੁੱਡਾ, ਪੀ. ਡਬਲਯੂ. ਡੀ. ਅਤੇ ਹੋਰ ਵਿਭਾਗਾਂ ਦੀ ਰਿਪੋਰਟ ਲੈਣ ਤੋਂ ਬਾਅਦ ਆਖਿਰਕਾਰ ਸ਼ਹਿਰ ਦੀ ਜੀਵਨ ਰੇਖਾ ਕਹੇ ਜਾਣ ਵਾਲੇ ਰੀਗੋ ਬ੍ਰਿਜ ਨੂੰ ਦੋ ਸਾਲਾਂ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਪੁਲ ਦੀ ਉਸਾਰੀ ਕਰਨ ਵਾਲੀ ਕੰਪਨੀ ਨੂੰ ਆਪਣੇ ਟੈਂਡਰ ਅਨੁਸਾਰ 24 ਮਹੀਨਿਆਂ ਦੇ ਅੰਦਰ ਪੁਲ ਦਾ ਪੁਨਰ ਨਿਰਮਾਣ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇੰਨਾ ਹੀ ਨਹੀਂ, ਅਟਾਰੀ ਸਰਹੱਦ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਦੇ ਇਲਾਕੇ ਦੀ ਜਨਤਾ ਨੂੰ ਆਵਾਜਾਈ ਲਈ ਰੀਗੋ ਪੁਲ ਦੇ ਬਦਲ ਦੇ ਰੂਪ ਵਿਚ 22 ਨੰਬਰ ਫਾਟਕ, ਜੋ ਖਾਲਸਾ ਕਾਲਜ ਦੇ ਸਾਹਮਣੇ ਪੈਂਦਾ ਹੈ ਅਤੇ ਇਸ ਤੋਂ ਅੱਗੇ ਵਾਲੇ ਇਲਾਕਿਆਂ ਵਿਚ ਵਾਹਨਾਂ ਦੀ ਆਵਾਜਾਈ ਲਈ ਭੰਡਾਰੀ ਪੁੱਲ ਨੂੰ ਬਦਲ ਰੱਖਿਆ ਹੈ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਅਤੇ ਟ੍ਰੈਫਿਕ ਪੁਲਸ ਦੇ ਸਹਿਯੋਗ ਨਾਲ ਮਹਾਨਗਰ ਦੇ ਸਾਰੇ ਚੌਕ-ਚੌਰਾਹਿਆਂ ’ਤੇ ਜਿੱਥੇ ਪਹਿਲਾਂ ਹੀ ਟ੍ਰੈਫਿਕ ਪੁਲਸ ਇਕ ਸ਼ਲਾਘਾਯੋਗ ਕੰਮ ਕਰ ਰਹੀ ਹੈ, ਉਨ੍ਹਾਂ ਨੂੰ ਟ੍ਰੈਫਿਕ ਹਟਾਉਣ ਲਈ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਪਹਿਲੇ ਦਿਨ ਆਮ ਰਹੇ ਹਾਲਾਤ, ਨਹੀਂ ਲੱਗਾ ਟ੍ਰੈਫਿਕ ਜਾਮ

ਸਾਬਕਾ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਦੇ ਸਮੇਂ ਜਦੋਂ ਰੀਗੋ ਪੁਲ ਨੂੰ ਬੰਦ ਕੀਤਾ ਗਿਆ ਸੀ ਤਾਂ ਮਹਾਨਗਰ ਦੇ ਚਾਰੇ ਪਾਸੇ ਟ੍ਰੈਫਿਕ ਦੇ ਜਾਮ ਲੱਗ ਗਏ ਸਨ ਪਰ ਉਸ ਸਮੇਂ ਸਥਿਤੀ ਕੁਝ ਵੱਖਰੀ ਹੀ ਸੀ, ਕਿਉਂਕਿ ਉਸ ਸਮੇਂ ਖਾਲਸਾ ਕਾਲਜ ਦੇ ਸਾਹਮਣੇ 22 ਨੰਬਰ ਗੇਟ ਵਾਲਾ ਪੁਲ ਵੀ ਬੰਦ ਸੀ ਅਤੇ ਅਟਾਰੀ ਸਰਹੱਦ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਸਮੁੱਚੇ ਇਲਾਕੇ ਦੀ ਆਵਾਜਾਈ ਭੰਡਾਰੀ ਪੁਲ ਤੱਕ ਸੀਮਤ ਸੀ ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਗੇਟ ਨੰਬਰ 22 ’ਤੇ ਆਵਾਜਾਈ ਸ਼ੁਰੂ ਹੋ ਗਈ ਹੈ। ਭੰਡਾਰੀ ਪੁਲ ’ਤੇ ਵੀ ਚਾਰੇ ਪਾਸਿਓਂ ਆਵਾਜਾਈ ਚੱਲ ਰਹੀ ਹੈ। ਪਹਿਲੇ ਦਿਨ ਜਦੋਂ ਡੀ. ਸੀ. ਵੱਲੋਂ ਪੁਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਤਾਂ ਮਹਾਨਗਰ ਵਿਚ ਆਵਾਜਾਈ ਪੂਰੀ ਤਰ੍ਹਾਂ ਕੰਟਰੋਲ ਵਿਚ ਰਹੀ ਅਤੇ ਸਥਿਤੀ ਆਮ ਵਾਂਗ ਦਿਖਾਈ ਦਿੱਤੀ ਅਤੇ ਕਿਤੇ ਵੀ ਜਾਮ ਲੱਗਾ ਨਜ਼ਰ ਨਹੀਂ ਆਇਆ।

ਇਹ ਵੀ ਪੜ੍ਹੋ-  ਗੁਰੂ ਨਾਨਕ ਦੇਵ ਹਸਪਤਾਲ 'ਤੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਨੇ ਕੱਸਿਆ ਸ਼ਿਕੰਜਾ, ਫੜੇ 6 ਡਾਕਟਰ

1905 ’ਚ ਬਣਾਏ ਰੀਗੋ ਬ੍ਰਿਜ ਦੀ 1955 ’ਚ ਖ਼ਤਮ ਹੋ ਗਈ ਸੀ ਮਿਆਦ

ਅੰਗਰੇਜ਼ਾਂ ਦੇ ਸਮੇਂ ਦੌਰਾਨ ਸਾਲ 1905 ਵਿਚ ਰੀਗੋ ਪੁਲ ਦਾ ਨਿਰਮਾਣ ਹੋਇਆ ਸੀ ਪਰ ਉਸ ਸਮੇਂ ਦੀ ਆਵਾਜਾਈ ਅਤੇ ਅੱਜ ਦੀ ਆਵਾਜਾਈ ਵਿਚ ਸੈਂਕੜੇ ਗੁਣਾ ਵਾਧਾ ਹੋ ਗਿਆ ਹੈ। ਉਸ ਸਮੇਂ ਵੀ 1955 ਵਿਚ ਇਸ ਪੁਲ ਨੂੰ ਖ਼ਸਤਾ ਹਾਲਤ ਕਰਾਰ ਦਿੱਤਾ ਗਿਆ ਸੀ ਅਤੇ ਸਮੇਂ-ਸਮੇਂ ’ਤੇ ਵੱਖ-ਵੱਖ ਸਰਕਾਰਾਂ ਵੱਲੋਂ ਇਸ ਦੀ ਮੁਰੰਮਤ ਲਈ ਕਦਮ ਚੁੱਕੇ ਗਏ ਸਨ। ਫਿਲਹਾਲ ਵਾਲਡ ਸਿਟੀ ਨੂੰ ਜੋੜਨ ਵਾਲਾ ਇਹ ਪੁੱਲ ਅੰਮ੍ਰਿਤਸਰ ਦੀ ਜੀਵਨ ਰੇਖਾ ਹੈ ਅਤੇ ਇਸ ਦੀ ਮੁਰੰਮਤ ਵੀ ਜ਼ਰੂਰੀ ਸੀ। ਹੁਣ 118 ਸਾਲਾਂ ਬਾਅਦ ਰੀਗੋ ਬ੍ਰਿਜ ਦਾ ਦੁਬਾਰਾ ਨਵੀਨੀਕਰਨ ਕੀਤਾ ਜਾ ਰਿਹਾ ਹੈ।

ਸਾਬਕਾ ਡੀ. ਸੀ. ਹਰਪ੍ਰੀਤ ਸੂਦਨ ਨੇ ਵੱਡੇ ਵਾਹਨਾਂ ਦੇ ਦਾਖ਼ਲੇ ’ਤੇ ਲਗਾਈ ਸੀ ਰੋਕ

ਸਾਬਕਾ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੇ ਰੀਗੋ ਬ੍ਰਿਜ ਦੇ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਖਸਤਾ ਹਾਲਤ ਵਿਚ ਹੋ ਗਏ ਪੁਲ ਬਾਰੇ ਸੂਚਨਾ ਮਿਲਣ ਤੋਂ ਬਾਅਦ 29 ਅਕਤੂਬਰ ਨੂੰ ਡੀ. ਸੀ. ਨੇ ਇਸ ਮਾਮਲੇ ਦੀ ਜਾਂਚ ਲਈ ਐੱਸ. ਡੀ. ਐੱਮ-1 ਮਨਕੰਵਲ ਸਿੰਘ ਦੀ ਅਗਵਾਈ ਵਿਚ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਰੀਗੋ ਬ੍ਰਿਜ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਜਨਵਰੀ 2023 ਵਿਚ ਪੁਲ ’ਤੇ ਭਾਰੀ ਵਾਹਨਾਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਪੁਲ ’ਤੇ ਸਾਰੇ ਚਾਰ ਪਹੀਆ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ, ਆਟੋ ਆਦਿ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਅਤੇ ਸਿਰਫ਼ ਸਕੂਟਰਾਂ ਅਤੇ ਮੋਟਰਸਾਈਕਲਾਂ ਨੂੰ ਹੀ ਚੱਲਣ ਦਿੱਤਾ ਗਿਆ ਪਰ ਮਹਾਂਨਗਰ ਵਿਚ ਟ੍ਰੈਫ਼ਿਕ ਦੀ ਸਥਿਤੀ ਭਿਆਨਕ ਹੋਣ ਤੋਂ ਬਾਅਦ ਡੀ. ਸੀ. ਨੇ ਕਾਰਾਂ, ਜੀਪਾਂ ਆਦਿ ਸਮੇਤ ਛੋਟੇ ਵਾਹਨਾਂ ਨੂੰ ਪੁਲ ਤੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ।

ਇਹ ਵੀ ਪੜ੍ਹੋ- ਸਰਕਾਰੀ ਨੌਕਰੀ ਕਰ ਰਹੇ ਕਈ ਫਾਰਮਾਸਿਸਟ ਵਿਜੀਲੈਂਸ ਦੇ ਰਾਡਾਰ 'ਤੇ, 300 ਤੋਂ ਵੱਧ ਫੜ੍ਹੇ ਫਰਜ਼ੀ ਸਰਟੀਫਿਕੇਟ

ਇਨ੍ਹਾਂ ਹਸਤੀਆਂ ਨੇ ਨਿਭਾਈ ਪੁਲ ਲਈ ਫੰਡ ਲੈਣ ’ਚ ਅਹਿਮ ਭੂਮਿਕਾ

ਰੀਗੋ ਬ੍ਰਿਜ਼ ਲਈ 48.79 ਕਰੋੜ ਰੁਪਏ ਕੇਂਦਰ ਸਰਕਾਰ ਵਲੋਂ ਰੇਲਵੇ ਨੇ ਜਾਰੀ ਕੀਤਾ ਹੈ ਪਰ ਇਸ ਨੂੰ ਪ੍ਰਾਪਤ ਕਰਨ ਲਈ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਵਪਾਰੀ ਆਗੂ ਅਨਿਲ ਮਹਿਰਾ, ਬੀ. ਕੇ. ਬਜਾਜ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਮਹੱਤਵਪੂਰਨ ਅਹਿਮ ਭੂਮਿਕਾ ਨਿਭਾਈ ਗਈ।

2023 ਦੌਰਾਨ ਰੀਗੋ ਬ੍ਰਿਜ ਦੇ ਨਿਰਮਾਣ ਸਬੰਧੀ ਆਏ ਪੜਾਅ

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਭਾਜਪਾ ਵਪਾਰ ਸੈੱਲ ਦੇ ਉਪ ਪ੍ਰਧਾਨ ਅਤੇ ਵਪਾਰੀ ਆਗੂ ਅਨਿਲ ਮਹਿਰਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਡੀ. ਸੀ. ਸੂਦਨ ਦੀ ਪਹਿਲਕਦਮੀ ਤੋਂ ਬਾਅਦ 21 ਜਨਵਰੀ 2023 ਤੋਂ ਬਾਅਦ ਡੀ. ਆਰ. ਐੱਮ. ਫ਼ਿਰੋਜ਼ਪੁਰ, ਐੱਮ. ਪੀ. ਗੁਰਜੀਤ ਔਜਲਾ, ਡੀ. ਸੀ. ਸੂਦਨ, ਸਥਾਨਕ ਵਿਧਾਇਕਾਂ ਵੱਲੋਂ ਪੁਲ ਦਾ ਦੌਰਾ ਕੀਤਾ ਗਿਆ ਪਰ ਉਸ ਸਮੇਂ ਇਹ ਗੱਲ ਸਾਹਮਣੇ ਆਈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਬਜਟ ਵਿਚ ਪੇਚ ਫੱਸਿਆ ਸੀ, ਜਿਸ ਕਰ ਕੇ ਪੁਲ ਦਾ ਨਿਰਮਾਣ ਨਹੀਂ ਹੋ ਸਕਿਆ।

-ਇਸ ਦੌਰਾਨ ਤਰੁਣ ਚੁੱਘ, ਅਨਿਲ ਮਹਿਰਾ ਅਤੇ ਸੰਸਦ ਮੈਂਬਰ ਔਜਲਾ ਵੱਲੋਂ ਕੇਂਦਰੀ ਰੇਲ ਮੰਤਰੀ ਅੱਗੇ ਕਈ ਵਾਰ ਰੀਗੋ ਬ੍ਰਿਜ ਦਾ ਮੁੱਦਾ ਉਠਾਇਆ ਗਿਆ।

-ਮਾਰਚ 2023 ਵਿਚ ਰੀਗੋ ਬ੍ਰਿਜ ਦੇ ਨਿਰਮਾਣ ਲਈ 48.79 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ ਅਤੇ ਪੁਲ ਦੇ ਨਿਰਮਾਣ ਦਾ ਟੈਂਡਰ 7 ਅਗਸਤ ਨੂੰ ਕੱਢ ਦਿੱਤਾ ਗਿਆ ਸੀ, ਫਿਲਹਾਲ ਪੁਲ ਦੇ ਨਿਰਮਾਣ ਕਰਨ ਲਈ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News