ਸਰਹੱਦੀ ਖੇਤਰਾਂ ’ਚ ਨਕਲੀ ਦੁੱਧ, ਮਠਿਆਈਆਂ ਸਮੇਤ ਹੋਰ ਸਾਮਾਨ ਦੀ ਹੋ ਰਹੀ ਧੜੱਲੇ ਨਾਲ ਵਿਕਰੀ

Monday, Jan 01, 2024 - 02:27 PM (IST)

ਬਹਿਰਾਮਪੁਰ (ਗੋਰਾਇਆ)- ਜੇਕਰ ਵੇਖਿਆ ਜਾਵੇ ਤਾਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸ਼ੁੱਧ ਮਠਿਆਈਆਂ ਸਮੇਤ ਦੁੱਧ, ਦਹੀ ਆਦਿ ਮੁਹੱਈਆ ਕਰਵਾਉਣ ਲਈ ਥਾਂ-ਥਾਂ ’ਤੇ ਚੈਕਿੰਗ ਕੀਤੀ ਜਾਂਦੀ ਹੈ ਪਰ ਇਹ ਚੈਕਿੰਗ ਅਭਿਆਨ ਸਿਰਫ਼ ਚੰਦ ਦਿਨ ਹੀ ਦਿਖਾਈ ਦਿੰਦਾ ਹੈ, ਜਿਸ ਤੋਂ ਬਾਅਦ ਮੁੜ ਸਾਰਾ ਕੰਮਕਾਜ ਠੰਡੇ ਬਸਤੇ ਵਿਚ ਪੈ ਜਾਂਦਾ ਹੈ, ਜਿਸ ਕਾਰਨ ਇਹ ਧੰਦੇ ਨਾਲ ਜੁੜੇ ਲੋਕਾਂ ਦੀ ਚਾਂਦੀ ਲੱਗ ਜਾਂਦੀ ਹੈ।

ਜਿਵੇਂ ਗੱਲ ਕੀਤੀ ਜਾਵੇ ਖੁਸ਼ੀਆਂ ਦੇ ਮੌਕੇ ਲੋਕਾਂ ਵੱਲੋਂ ਆਪਣੇ ਘਰਾਂ ਵਿਚ ਰੰਗ ਬਿਰੰਗੀਆਂ ਮਠਿਆਈਆਂ ਮਿੱਠੇ ਜ਼ਹਿਰ ਦੇ ਰੂਪ ਵਿਚ ਖਰੀਦਣ ਲਈ ਮਜ਼ਬੂਰ ਹੁੰਦੇ ਹਨ। ਇਸ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਸਰਹੱਦੀ ਖੇਤਰਾਂ ਦੇ ਅਧੀਨ ਪੈਂਦੀਆਂ ਮਠਿਆਈਆਂ ਵਾਲੀਆਂ ਦੁਕਾਨਾਂ, ਡੇਅਰੀਆਂ ਸਮੇਤ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕੋਈ ਵੀ ਚੈਕਿੰਗ ਨਹੀਂ ਕੀਤੀ ਜਾ ਰਹੀ ਹੈ। ਜਦਕਿ ਵੱਡੇ ਸ਼ਹਿਰਾਂ ’ਚ ਇਕ 2 ਦੁਕਾਨਾਂ ਦੀ ਚੈਕਿੰਗ ਕਰ ਕੇ ਸਿਰਫ਼ ਖਾਨਾ ਪੂਰਤੀ ਜਾਂ ਗੋਲੂਆਂ ਤੋਂ ਮਿੱਟੀ ਚਾੜ੍ਹੀ ਜਾਂਦੀ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਦੀ ਆਮਦ ’ਤੇ ਵੱਡੀ ਗਿਣਤੀ ’ਚ ਸੰਗਤ ਸ੍ਰੀ ਦਰਬਾਰ ਸਾਹਿਬ ਨਤਮਸਤਕ, ਦੇਖੋ ਅਲੌਕਿਕ ਤਸਵੀਰਾਂ

ਜ਼ਿਕਰਯੋਗ ਹੈ ਕਿ ਸਭ ਤੋਂ ਜ਼ਿਆਦਾ ਇਕ ਦੂਜੇ ਨੂੰ ਗਿਫ਼ਟ ਦੇ ਰੂਪ ’ਚ ਮਠਿਆਈਆਂ ਹੀ ਦਿੱਤੀਆਂ ਜਾਂਦੀਆਂ ਹਨ। ਇਸ ਲਈ ਹਰ ਆਮ ਤੇ ਖਾਸ ਵਿਅਕਤੀ ਵੱਲੋਂ ਇਨਾਂ ਦਿਨਾਂ ’ਚ ਮਠਿਆਈਆਂ ਦੀ ਖਰੀਦੋ-ਫਰੋਖਤ ਤਿਉਹਾਰਾਂ ਨੂੰ ਮੁੱਖ ਰੱਖ ਕੇ ਆਪਣੇ ਨੇੜਲੇ ਕਸਬਿਆਂ ’ਚੋਂ ਜ਼ਿਆਦਾ ਹੀ ਕੀਤੀ ਜਾਂਦੀ ਹੈ ਪਰ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਜਿਹੜੀ ਮਠਿਆਈ ਅਸੀਂ ਖਾ ਰਹੇ ਹਾਂ, ਇਹ ਸਾਡੀ ਸਿਹਤ ਲਈ ਕਿੰਨੀਆਂ ਕੁ ਫਾਇਦੇਮੰਦ ਹਨ ਤੇ ਕਿੰਨੀਆਂ ਕੁ ਨੁਕਸਾਨਦਾਇਕ ਹਨ।

ਜੇਕਰ ਵੇਖਿਆ ਜਾਵੇ ਤਾਂ ਅੱਜ ਦੇ ਮਿਲਾਵਟਖੋਰੀ ਯੁੱਗ ਵਿਚ ਤਾਂ ਸਾਫ਼ ਵਿਖਾਈ ਦਿੰਦਾ ਹੈ ਕਿ ਇਹ ਬਹੁਤੀਆਂ ਮਠਿਆਈਆਂ ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹਨ। ਮਾਹਿਰ ਦੱਸਦੇ ਹਨ ਕਿ ਇਹ ਨਕਲੀ ਖੋਆ, ਦੁੱਧ ਯੂਰੀਆ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ

ਇਸ ਤੋਂ ਇਲਾਵਾ ਇਹ ਮਠਿਆਈਆਂ ਤਿਆਰ ਕਰਨ ਲਈ ਜ਼ਿਆਦਾਤਰ ਨਕਲੀ ਤੇਲ, ਘਿਓ ਤੇ ਦੁੱਧ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਮਠਿਆਈਆਂ ’ਚ ਵਰਤੇ ਜਾਣ ਵਾਲੇ ਰੰਗ ਦੀ ਹੱਦ ਘਟੀਆਂ ਹੁੰਦੇ ਹਨ, ਕਿਉਂਕਿ ਅਸਲੀ ਰੰਗ ਮਹਿੰਗੇ ਹੋਣ ਕਾਰਨ ਕਈ ਹਲਵਾਈ ਤਕਰੀਬਨ ਨਕਲੀ ਰੰਗ ਹੀ ਵਰਤਦੇ ਹਨ। ਇਹ ਨਕਲੀ ਰੰਗ ਲੱਡੂ, ਜਲੇਬੀ ਵੇਚਣ, ਗੁਲਾਬ ਜਾਮਨ ਤੇ ਰਸਗੁੱਲੇ ਆਦਿ ’ਚ ਧੜੱਲੇ ਨਾਲ ਵਰਤੇ ਜਾਂਦੇ ਹਨ।

ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਬੜੇ ਵੱਡੇ ਪੱਧਰ ’ਤੇ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਪਰ ਫਿਰ ਵੀ ਲੋਕਾਂ ਨੂੰ ਨਕਲੀ ਸਾਮਾਨ ਤੋਂ ਤਿਆਰ ਹੋਈਆਂ ਘਟੀਆਂ ਮਠਿਆਈਆਂ ਦੇ ਰੂਪ ਵਿਚ ਰੰਗ ਬਿਰੰਗੇ ਵਿਕ ਰਹੇ ਮਿੱਠੇ ਜ਼ਹਿਰ ਖਾਣ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨਵੇਂ ਸਾਲ ’ਤੇ ਹੋਵੇਗੀ ਹੱਡ ਚੀਰਵੀਂ ਠੰਡ, ਧੁੰਦ ਦੀ ਚਾਦਰ ’ਚ ਲਿਪਟੀ ਰਿਹੇਗੀ ਗੁਰੂ ਨਗਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News