ਗੁਰਦਾਸਪੁਰ 'ਚ ਲਿੰਕ ਸੜਕ ’ਤੇ ਪਾਰਕ ਬਣਿਆ ਖੰਡਰ, ਟੁੱਟ ਚੁੱਕੈ ਸਾਰਾ ਸਾਮਾਨ ਤੇ ਉਦਘਾਟਨ ਪੱਥਰ ਵੀ ਲਾਪਤਾ

Sunday, Jun 25, 2023 - 06:01 PM (IST)

ਗੁਰਦਾਸਪੁਰ 'ਚ ਲਿੰਕ ਸੜਕ ’ਤੇ ਪਾਰਕ ਬਣਿਆ ਖੰਡਰ, ਟੁੱਟ ਚੁੱਕੈ ਸਾਰਾ ਸਾਮਾਨ ਤੇ ਉਦਘਾਟਨ ਪੱਥਰ ਵੀ ਲਾਪਤਾ

ਗੁਰਦਾਸਪੁਰ (ਵਿਨੋਦ)- ਲੋਕਾਂ ਦੀ ਸਹੂਲਤ ਲਈ ਲੱਖਾਂ ਰੁਪਏ ਖਰਚ ਕੇ ਮਿਲਕ ਪਲਾਂਟ ਚੌਕ ਤੋਂ ਮਾਨ ਕੌਰ ਚੌਕ ਲਿੰਕ ਸੜਕ ’ਤੇ ਬਣਿਆ ਪਾਰਕ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਖੰਡਰ ਅਤੇ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ। ਜਦੋਂਕਿ ਇਹ ਅਕਾਲੀ ਭਾਜਪਾ ਸਰਕਾਰ ਦੇ ਸ਼ਾਸਨ ’ਚ ਇਹ ਪਾਰਕ ਬਣਾਇਆ ਗਿਆ ਸੀ ਤਾਂ ਇਸ ਪਾਰਕ ਦਾ ਲੋਕਾਂ ਨੂੰ ਕੀ ਲਾਭ ਮਿਲੇਗਾ, ਸਬੰਧੀ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ- ਸਹੁਰੇ ਪਰਿਵਾਰ ਤੋਂ ਪਰੇਸ਼ਾਨ ਵਿਆਹੁਤਾ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ

ਕੀ ਹੈ ਪਾਰਕ ਦਾ ਇਤਿਹਾਸ

ਸਾਲ 2016 ’ਚ ਜਦੋਂ ਇਸ ਮਿਲਕ ਪਲਾਂਟ-ਮਾਨ ਕੌਰ ਲਿੰਕ ਸੜਕ ਦਾ ਨਿਰਮਾਣ ਕਰਵਾਇਆ ਗਿਆ ਸੀ ਤਾਂ ਉਦੋਂ ਪਤਾ ਲੱਗਾ ਕਿ ਸੜਕ ਦੇ ਇਕ ਪਾਸੇ ਨਗਰ ਪਾਲਿਕਾ ਦੀ ਕਾਫੀ ਜ਼ਮੀਨ ਹੈ, ਜੋ ਬੇਕਾਰ ਪਈ ਸੀ। ਉਦੋਂ ਉਸ ਸਮੇਂ ’ਚ ਗੁਰਦਾਸਪੁਰ ਦੇ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਇਸ ਸਥਾਨ ’ਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਤੋਂ ਇਕ ਸ਼ਾਨਦਾਰ ਪਾਰਕ ਬਣਾਇਆ ਸੀ ਅਤੇ ਉਸ ਦਾ ਉਦਘਾਟਨ ਵੀ ਖੁਦ ਹੀ ਕੀਤਾ ਸੀ। ਇਸ ਪਾਰਕ ’ਚ ਉਦੋਂ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੇ ਲੱਖਾਂ ਰੁਪਏ ਖਰਚ ਕੇ ਇਸ ਵਿਚ ਬੱਚਿਆਂ ਦੇ ਖੇਡਣ ਵਾਲਾ ਸਾਮਾਨ, ਬੱਚਿਆਂ ਲਈ ਝੂਲੇ ਸਮੇਤ ਬੈਠਣ ਲਈ ਬੈਂਚ ਆਦਿ ਲਵਾਏ ਸੀ। ਇਸ ਪਾਰਕ ਦੇ ਚਾਰੇ ਪਾਸੇ ਪਿੱਲਰ ਬਣਾ ਕੇ ਕੰਡਿਆਲੀ ਤਾਰ ਵੀ ਲਾਈ ਗਈ ਸੀ ਅਤੇ ਸੁੰਦਰ ਗੇਟ ਵੀ ਲਾਇਆ ਗਿਆ ਸੀ ਤਾਂ ਕਿ ਪਸ਼ੂ ਇਸ ’ਚ ਦਾਖ਼ਲ ਹੋ ਕੇ ਇੱਥੇ ਲਾਏ ਸੁੰਦਰ ਬੂਟਿਆਂ ਨੂੰ ਖ਼ਰਾਬ ਨਾ ਕਰ ਸਕਣ। ਉਦੋਂ ਗੁਰਬਚਨ ਸਿੰਘ ਬੱਬੇਹਾਲੀ ਨੇ ਇਸ ਪਾਰਕ ਦਾ ਉਦਘਾਟਨ ਕਰ ਕੇ ਵਿਸ਼ਾਲ ਪੱਥਰ ਵੀ ਲਾਇਆ ਸੀ। ਜ਼ਮੀਨ ਬੇਸ਼ੱਕ ਨਗਰ ਪਾਲਿਕਾ ਦੀ ਸੀ ਪਰ ਪਾਰਕ ’ਤੇ ਸਾਰੀ ਰਾਸ਼ੀ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੇ ਖ਼ਰਚ ਕੀਤੀ ਸੀ।

PunjabKesari

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਕੀ ਹਾਲਤ ਹੈ ਹੁਣ ਇਸ ਪਾਰਕ ਦੀ

ਇਸ ਪਾਰਕ ਦਾ ਦੌਰਾ ਕਰਨ ’ਤੇ ਵੇਖਿਆ ਗਿਆ ਕਿ ਇਹ ਪਾਰਕ ਹੁਣ ਖੰਡਰ ਅਤੇ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਪਾਰਕ ’ਚ ਬੱਚਿਆਂ ਲਈ ਲਾਇਆ ਸਾਰਾ ਸਾਮਾਨ ਲਗਭਗ ਟੁੱਟ ਚੁੱਕਾ ਹੈ। ਪਾਰਕ ’ਚ ਇਸ ਸਮੇਂ ਇਕ ਵੀ ਬੂਟਾ ਦਿਖਾਈ ਨਹੀਂ ਦਿੰਦਾ ਅਤੇ ਫੁਲ ਤਾਂ ਸਾਲਾਂ ਤੋਂ ਹੀ ਇੱਥੇ ਲਾਏ ਨਹੀਂ ਗਏ ਹਨ। ਇਸ ਪਾਰਕ ਦੇ ਚਾਰੇ ਪਾਸੇ ਪਿੱਲਰ ਲਾ ਕੇ ਲਾਈ ਕੰਡਿਆਲੀ ਤਾਰ ਕਿੱਥੇ ਗਈ, ਜਿਸ ਦਾ ਪਤਾ ਨਹੀਂ ਹੈ। ਜਦੋਂਕਿ ਗੇਟ ਕੋਲ ਬਣੀ ਕੰਧ ਵੀ ਟੁੱਟ ਚੁੱਕੀ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਪਾਰਕ ਦੇ ਉਦਘਾਟਨ ਸਮੇਂ ਲਾਇਆ ਪੱਥਰ ਵੀ ਹੁਣ ਕਿਤੇ ਦਿਖਾਈ ਨਹੀਂ ਦਿੰਦਾ।

ਪਾਰਕ ਪੂਰੀ ਤਰ੍ਹਾਂ ਖੰਡਰ ਅਤੇ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਸਾਲਾਂ ਤੋਂ ਇਸ ਪਾਰਕ ’ਚ ਬੱਚੇ ਨਹੀਂ ਵੇਖੇ ਗਏ। ਪਹਿਲਾਂ ਤਾਂ ਇਸ ਪਾਰਕ ’ਚ ਪਸ਼ੂਆਂ ਦੇ ਦਾਖਲ ਹੋਣ ’ਤੇ ਰੋਕ ਲਾਉਣ ਲਈ ਪ੍ਰਬੰਧ ਕੀਤਾ ਗਿਆ ਸੀ, ਜਦੋਂਕਿ ਇਸ ਸਮੇਂ ਪਸ਼ੂ ਇਸ ਪਾਰਕ ’ਚ ਆਮ ਵੇਖੇ ਜਾਂਦੇ ਹਨ, ਜਿਸ ਕਾਰਨ ਇਸ ਪਾਰਕ ’ਤੇ ਖਰਚ ਕੀਤੀ ਰਾਸ਼ੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਸ਼ਿਵ ਸੈਨਾ ਆਗੂ 'ਤੇ ਗੋਲ਼ੀਆਂ ਚੱਲਣ ਦਾ ਮਾਮਲਾ: cctv ਤਸਵੀਰਾਂ ਆਈਆਂ ਸਾਹਮਣੇ

ਕੀ ਕਹਿਣੈ ਨਗਰ ਸੁਧਾਰ ਟਰੱਸਟ ਦੇ ਈ. ਓ. ਮਨੋਜ ਕੁਮਾਰ ਦਾ

ਇਸ ਸਬੰਧੀ ਜਦੋਂ ਨਗਰ ਸੁਧਾਰ ਟਰੱਸਟ ਦੇ ਈ. ਓ. ਮਨੋਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪਾਰਕ ਕਦੋਂ ਬਣਿਆ ਅਤੇ ਕਿਸ ਨੇ ਬਣਾਇਆ ਇਹ ਪੁਰਾਣੀ ਗੱਲ ਹੈ। ਜਦੋਂ ਨਗਰ ਸੁਧਾਰ ਟਰੱਸਟ ਨੇ ਪਾਰਕ ਬਣਾਇਆ ਸੀ ਤਾਂ ਜਿਸ ਜ਼ਮੀਨ ’ਤੇ ਪਾਰਕ ਬਣਿਆ, ਉਹ ਨਗਰ ਪਾਲਿਕਾ ਦੀ ਸੀ। ਇਸ ਪਾਰਕ ਨੂੰ ਠੀਕ ਠਾਕ ਰੱਖਣਾ ਨਗਰ ਪਾਲਿਕਾ ਦੀ ਜ਼ਿੰਮੇਵਾਰੀ ਸੀ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਇਸ ਸੜਕ ’ਤੇ ਜਦੋਂ ਸੀਵਰੇਜ ਪਾਇਆ ਗਿਆ ਤਾਂ ਉਦੋਂ ਇਸ ਪਾਰਕ ਦਾ ਨੁਕਸਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਜਲਦ ਹੀ ਇਸ ਪਾਰਕ ਦਾ ਸਾਰਾ ਰਿਕਾਰਡ ਕੱਢ ਕੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਦੇ ਧਿਆਨ ’ਚ ਮਾਮਲਾ ਲਿਆਵਾਂਗਾ। ਉਸ ਤੋਂ ਬਾਅਦ ਪਾਰਕ ਦੇ ਸੁਧਾਰ ਸਬੰਧੀ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਜਲਦ ਹੀ ਇਸ ਪਾਰਕ ਸਮੇਤ ਸ਼ਹਿਰ ਦੇ ਇਕ-ਦੋ ਪਾਰਕ ਨੂੰ ਅਪਣਾਏਗੀ। ਉਸ ਤੋਂ ਬਾਅਦ ਇਨ੍ਹਾਂ ਸਾਰੇ ਅਪਣਾਏ ਪਾਰਕਾਂ ਦੀ ਦੇਖ-ਰੇਖ ਅਤੇ ਮੁਰੰਮਤ ਦਾ ਕੰਮ ਨਗਰ ਸੁਧਾਰ ਟਰੱਸਟ ਵੱਲੋਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News