ਦੇਸ਼ ਦੇ ਉੱਜਵਲ ਭਵਿੱਖ ਲਈ ਵਿਦਿਆਰਥੀਆਂ ’ਚ ਸਿੱਖਿਆ ਤੇ ਖੇਡਾਂ ਦਾ ਗਿਆਨ ਹੋਣਾ ਜ਼ਰੂਰੀ : ਸ਼੍ਰੀ ਵਿਜੇ ਚੋਪੜਾ
Saturday, Nov 11, 2023 - 12:35 PM (IST)
ਪਠਾਨਕੋਟ (ਆਦਿਤਿਆ, ਮੁਸਕਾਨ)- ਮੌਂਟੇਸਰੀ ਕੈਂਬ੍ਰਿਜ ਸਕੂਲ ਡਿਫੈਂਸ ਰੋਡ ਪਠਾਨਕੋਟ ਵਿਖੇ 25ਵਾਂ ਸਥਾਪਨਾ ਦਿਵਸ ਪ੍ਰਿੰਸੀਪਲ ਸ਼੍ਰੀਮਤੀ ਰਸ਼ਮੀ ਆਹਲੂਵਾਲੀਆ, ਚੇਅਰਮੈਨ ਵਿਨੋਦ ਮਹਾਜਨ, ਵਾਈਸ ਚੇਅਰਮੈਨ ਆਕਾਸ਼ ਮਹਾਜਨ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ, ਜਿਸ ’ਚ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਵਿਜੇ ਚੋਪੜਾ ਦੇ ਪਹੁੰਚਣ ’ਤੇ ਸਕੂਲ ਪ੍ਰਬੰਧਕਾਂ ਅਤੇ ਹਾਜ਼ਰ ਹਜ਼ਾਰਾਂ ਲੋਕਾਂ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਪ੍ਰਿੰਸੀਪਲ ਸ਼੍ਰੀਮਤੀ ਰਸ਼ਮੀ ਆਹਲੂਵਾਲੀਆ ਨੇ ਆਪਣੇ ਭਾਸ਼ਣ ’ਚ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕੀਤਾ ਅਤੇ ਪਿਛਲੇ ਸਾਲਾਂ ’ਚ ਸਕੂਲ ਦੇ ਵਿਕਾਸ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਇਹ ਵੀ ਪੜ੍ਹੋ- ਦੀਨਾਨਗਰ ਵਿਖੇ ਖੇਤਾਂ 'ਚ ਕੰਮ ਕਰ ਰਹੇ ਵਿਅਕਤੀ ਨੂੰ ਕਾਲ ਨੇ ਪਾਇਆ ਘੇਰਾ, ਪਰਿਵਾਰ 'ਚ ਵਿਛੇ ਸੱਥਰ
ਉਨ੍ਹਾਂ ਕਿਹਾ ਕਿ ਸਕੂਲ ’ਚ ਸਮੇਂ-ਸਮੇਂ ’ਤੇ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ’ਚ ਵੱਧ ਰਹੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਪਿਛਲੇ ਸਾਲ ਵਿੱਦਿਅਕ ਖੇਤਰ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ਼੍ਰੀ ਵਿਜੇ ਚੋਪੜਾ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਫਲਤਾ ਲਈ ਐੱਮ. ਸੀ. ਐੱਸ. ਦੇ ਵਿਦਿਆਰਥੀਆਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਗਈਆਂ। ਵਿਦਿਆਰਥੀਆਂ ਦੇ ਨਾਲ-ਨਾਲ ਮਾਪੇ ਵੀ ਇਸ ਪ੍ਰੋਗਰਾਮ ਨੂੰ ਦੇਖਣ ਲਈ ਉਤਾਵਲੇ ਨਜ਼ਰ ਆਏ। ਪ੍ਰੋਗਰਾਮ ਦੀ ਸ਼ੁਰੂਆਤ ’ਚ ਵਿਦਿਆਰਥੀਆਂ ਨੇ ਵੱਖ-ਵੱਖ ਸਾਜ਼ਾਂ ’ਤੇ ਸੰਗੀਤਕ ਧੁਨਾਂ ਪੇਸ਼ ਕਰ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ- ਸਾਵਧਾਨ! ਕਿਤੇ ਤੁਸੀਂ ਨਾ ਹੋ ਜਾਇਓ ਧੋਖਾਧੜੀ ਦਾ ਸ਼ਿਕਾਰ, ਹੈਕਰਾਂ ਨੇ ਠੱਗੀ ਮਾਰਨ ਦਾ ਲੱਭਿਆ ਨਵਾਂ ਤਰੀਕਾ
ਪ੍ਰੋਗਰਾਮ ਦੀ ਸ਼ੁਰੂਆਤ ਸੱਭਿਆਚਾਰ ਅਤੇ ਕਲਾ ਦੇ ਵੱਖ-ਵੱਖ ਰੂਪਾਂ ਦੀ ਪੇਸ਼ਕਾਰੀ ਰਾਹੀਂ ਭਾਰਤ ਭਰ ਦੇ ਵੱਖ-ਵੱਖ ਰਾਜਾਂ ਦੀ ਸੁੰਦਰਤਾ ਨੂੰ ਸਾਂਝਾ ਕੀਤਾ। ਉਪਰੰਤ ਵਿਦਿਆਰਥੀਆਂ ਨੇ ਬੈਲੇ ਡਾਂਸ, ਬਟਰਫਲਾਈ, ਵੇਕ ਅੱਪ ਸਿਡ, ਲਾਵਣੀ, ਕਣਕ ਦੀ ਰਾਖੀ, ਪਖੀੜਾ, ਬੰਬੂ ਡਾਂਸ, ਦੇਸ਼ ਭਗਤੀ, ਔਰਤਾਂ ਦੇ ਲਿਬਾਸ, ਫਿਊਜ਼ਨ ਆਦਿ ਵੱਖ-ਵੱਖ ਸੰਗੀਤਕ ਧੁਨਾਂ ਰਾਹੀਂ ਪੂਰੇ ਭਾਰਤ ਦੀ ਖੂਬਸੂਰਤ ਝਾਕੀ ਪੇਸ਼ ਕੀਤੀ। ਪ੍ਰੋਗਰਾਮ ਦੇ ਅੰਤ ’ਚ ਮੁੱਖ ਮਹਿਮਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਸਕੂਲ ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੀ ਸਫਲਤਾ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ਼੍ਰੀ ਚੋਪੜਾ ਜੀ ਨੇ ਕਿਹਾ ਕਿ ਦੇਸ਼ ਦੇ ਉੱਜਵਲ ਭਵਿੱਖ ਲਈ ਵਿਦਿਆਰਥੀਆਂ ’ਚ ਸਿੱਖਿਆ ਅਤੇ ਖੇਡਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਇਕ ਅਜਿਹੀ ਪ੍ਰਤਿਭਾ ਹੈ, ਜਿਸ ਨੂੰ ਕੋਈ ਵੀ ਕਿਸੇ ਤੋਂ ਖੋਹ ਨਹੀਂ ਸਕਦਾ। ਇਸ ਮੌਕੇ ਸ਼੍ਰੀ ਵਿਜੇ ਚੋਪੜਾ ਨੇ ਆਪਣੀ ਜੀਵਨੀ ਦੇ ਕੁਝ ਪਲ ਹਾਜ਼ਰ ਮਾਪਿਆਂ ਨਾਲ ਸਾਂਝੇ ਕੀਤੇ, ਜਿਸ ’ਤੇ ਮਾਤਾ-ਪਿਤਾ ਅਤੇ ਮਹਿਮਾਨ ਕਾਫੀ ਪ੍ਰਭਾਵਿਤ ਹੋਏ। ਇਸ ਮੌਕੇ ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ, ਵਾਈਸ ਚੇਅਰਮੈਨ ਆਕਾਸ਼ ਮਹਾਜਨ ਅਤੇ ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ ਵੱਲੋਂ ਸ਼੍ਰੀ ਚੋਪੜਾ ਜੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਿੰਦਰ ਸ਼ਰਮਾ, ਏ. ਡੀ. ਸੀ., ਐੱਸ. ਡੀ. ਐੱਮ., ਵੱਖ-ਵੱਖ ਸਕੂਲਾਂ ਦੇ ਚੇਅਰਮੈਨ, ਪ੍ਰਿੰਸੀਪਲ, ਪ੍ਰਸ਼ਾਸਨਿਕ ਅਧਿਕਾਰੀ, ਮਾਣਯੋਗ ਜੱਜ, ਫੌਜ ਦੇ ਅਧਿਕਾਰੀ, ਡਾਕਟਰ, ਜਿਨ੍ਹਾਂ ਦੇ ਬੱਚੇ ਸਕੂਲ ’ਚ ਪੜ੍ਹਦੇ ਹਨ, ਤੋਂ ਇਲਾਵਾ ਸੈਂਕੜੇ ਪਤਵੰਤੇ ਹਾਜ਼ਰ ਸਨ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਚਿੰਤਾਜਨਕ ਖ਼ਬਰ
ਜ਼ਰੂਰਤਮੰਦ ਲੋਕਾਂ ਨੂੰ ਭੇਜੀਆਂ ਰਜਾਈਆਂ
ਪ੍ਰੋਗਰਾਮ ਦੌਰਾਨ ਸ਼੍ਰੀ ਵਿਜੇ ਚੋਪੜਾ ਜੀ ਨੇ ਸਰਹੱਦੀ ਇਲਾਕਿਆਂ ਦੇ ਪੀੜਤ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਮੌਂਟੇਸਰੀ ਕੈਂਬ੍ਰਿਜ ਸਕੂਲ ਵੱਲੋਂ ਭੇਟ ਕੀਤੇ ਰਜਾਈਆਂ ਦੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਪ੍ਰੇਰਿਤ ਕੀਤਾ ਕਿ ਜ਼ਰੂਰਤਮੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਕਰਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8