ਤੇਜ਼ਧਾਰ ਹਥਿਆਰਾਂ ਦੀ ਨੋਕ ''ਤੇ ਪਿਉ-ਪੁੱਤ ਨੂੰ ਅਗਵਾ ਕਰ ਕੇ ਅਲਮਾਰੀਆਂ ਨਾਲ ਲੋਡ ਬਲੈਰੋ ਗੱਡੀ ਖੋਹੀ
Wednesday, Dec 02, 2020 - 12:00 PM (IST)

ਤਰਨਤਾਰਨ (ਰਾਜੂ, ਬਲਵਿੰਦਰ ਕੌਰ): ਤਰਨਤਾਰਨ-ਪੱਟੀ ਮਾਰਗ 'ਤੇ ਪਿੰਡ ਰਸੂਲਪੁਰ ਨਹਿਰਾਂ ਨਜ਼ਦੀਕ ਕਾਰ ਸਵਾਰ ਅੱਧੀ ਦਰਜਨ ਨਕਾਬਪੋਸ਼ਾਂ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਬਲੈਰੋ ਮੈਕਸੀ ਟਰੱਕ ਸਵਾਰ ਪਿਉ-ਪੁੱਤ ਨੂੰ ਅਗਵਾ ਕਰ ਕੇ ਅਲਮਾਰੀਆਂ ਨਾਲ ਲੋਡ ਗੱਡੀ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਨੇ 6 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਵਾਨੀਅਤ : ਘਰ 'ਚ ਇਕੱਲੀ ਜਨਾਨੀ ਨਾਲ ਜਬਰ-ਜ਼ਿਨਾਹ, ਰੌਲਾ ਪਾਉਣ 'ਤੇ ਮੂੰਹ 'ਚ ਤੁੰਨ੍ਹਿਆ ਕੱਪੜਾ
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਭੁਪਿੰਦਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਦਲੀਪ ਐਵੀਨਿਊ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਮਹਿੰਦਰਾ ਗੱਡੀ ਬਲੈਰੋ ਮੈਕਸੀ ਟਰੱਕ 'ਤੇ ਡਰਾਈਵਰੀ ਕਰਦਾ ਹੈ। ਬੀਤੇ ਦਿਨ ਉਸ ਨੇ ਆਪਣੀ ਗੱਡੀ 'ਚ ਸੱਚਦੇਵਾ ਫ਼ਰਨੀਚਰ ਫ਼ੈਕਟਰੀ ਤਰਨਤਾਰਨ ਤੋਂ 6 ਲੱਕੜ ਦੀਆਂ ਅਲਮਾਰੀਆਂ ਲੋਡ ਕੀਤੀਆਂ ਅਤੇ ਅਗਲੇ ਦਿਨ ਸਵੇਰੇ ਤੜਕੇ ਆਪਣੇ ਮੁੰਡੇ ਨਾਲ ਮੱਲਾਂਵਾਲਾ ਨੂੰ ਰਵਾਨਾ ਹੋ ਗਿਆ। ਇਸੇ ਦੌਰਾਨ ਜਦੋਂ ਉਹ ਰਸੂਲਪੁਰ ਨਹਿਰਾਂ ਤੋਂ ਪੱਟੀ ਵਾਲੀ ਸਾਈਡ ਨੂੰ ਮੁੜਿਆ ਤਾਂ ਇਕ ਇੰਡੀਗੋ ਕਾਰ ਉਨ੍ਹਾਂ ਦੀ ਗੱਡੀ ਅੱਗੇ ਆ ਕੇ ਰੁਕ ਗਈ, ਜਿਸ 'ਚ 6 ਨੌਜਵਾਨ ਸਵਾਰ ਸਨ ਅਤੇ ਨੰਬਰ ਪਲੇਟ ਗਾਇਬ ਸੀ। ਉਨ੍ਹਾਂ ਦੇ ਵੇਖਦਿਆਂ ਹੀ ਵੇਖਦਿਆਂ ਇਕ ਵਿਅਕਤੀ ਉਤਰਿਆ, ਜਿਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ, ਨੇ ਉਸ ਪਾਸੋਂ ਗੱਡੀ ਦੇ ਕਾਗਜ਼ਾਂ ਦੀ ਮੰਗ ਕੀਤੀ ਅਤੇ ਚਾਬੀ ਵੀ ਕੱਢ ਲਈ। ਫਿਰ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਗੱਡੀ 'ਚੋਂ ਬਾਹਰ ਕੱਢ ਲਿਆ ਅਤੇ 2 ਹੋਰ ਅਣਪਛਾਤੇ ਵਿਅਕਤੀ ਉਸ ਦੀ ਗੱਡੀ 'ਚ ਸਵਾਰ ਹੋ ਗਏ ਅਤੇ ਗੱਡੀ ਤਰਨਤਾਰਨ ਵਾਲੀ ਸਾਈਡ ਨੂੰ ਮੋੜ ਲਈ, ਜਦੋਂਕਿ ਉਨ੍ਹਾਂ ਦੋਵਾਂ ਪਿਉ-ਪੁੱਤਾਂ ਨੂੰ ਆਪਣੀ ਗੱਡੀ 'ਚ ਬਿਠਾ ਲਿਆ ਅਤੇ ਜੇਠੂਵਾਲ ਨਹਿਰਾਂ 'ਤੇ ਲਿਜਾ ਕੇ ਉਨ੍ਹਾਂ ਨੂੰ ਸੁੰਨਸਾਨ ਜਗ੍ਹਾ 'ਤੇ ਛੱਡ ਦਿੱਤਾ ਅਤੇ ਉਸ ਦੀ ਗੱਡੀ ਸਮੇਤ ਅਲਮਾਰੀਆਂ, ਇਕ ਮੋਬਾਇਲ, ਪਰਮਿਟ, ਲਾਇਸੈਂਸ, 4500 ਰੁਪਏ ਨਕਦੀ ਲੈ ਗਏ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸੈਨੇਟਰੀ ਇੰਸਪੈਕਟਰ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕੀਤਾ ਕਾਬੂ