ਸਾਂਝ ਕੇਂਦਰ ’ਚ ਹੋਈ ਦੂਜੀ ਚੋਰੀ

01/24/2019 5:14:12 AM

ਵਲਟੋਹਾ, (ਬਲਜੀਤ)- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੀ ਪੁਲਸ ਚੌਕੀ ਅਲਗੋਂ ਕੋਠੀ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਬਣੇ ਸਾਂਝ ਕੇਂਦਰ ’ਚੋਂ ਡੇਢ ਮਹੀਨੇ ’ਚ ਹੋਈ ਦੂਜੀ ਚੋਰੀ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾ ਕੇਂਦਰ ’ਚ ਕੰਮ ਕਰਨ ਵਾਲੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਸ਼ਾਮ ਨੂੰ ਸਾਂਝ ਕੇਂਦਰ ਦਾ ਦਰਵਾਜਾ ਬੰਦ ਕਰ ਚਲੇ ਗਏ ਸੀ। ਜਦ ਸਵੇਰੇ ਅੱਜ ਡਿਊਟੀ ਸਮੇਂ ਆ ਕੇ ਦੇਖਿਆ ਤਾਂ ਸਾਂਝ ਕੇਂਦਰ ਦਾ ਮੇਨ ਦਰਵਾਜਾ ਟੁੱਟਾ ਹੋਇਆ ਸੀ ਅਤੇ ਜਿਸ ’ਚੋਂ ਚੋਰ ਤਿੰਨ ਨਵੀਂਆਂ ਐੱਲ.ਸੀ.ਡੀ., ਇਕ ਯੂ.ਪੀ.ਐੱਸ., ਚਾਰ ਬੈਟਰੀਆਂ ਚੋਰੀ ਕਰ ਆਪਣੇ ਨਾਲ ਲੈ ਗਏ। ਇਸ ਸਬੰਧੀ ਲਿਖਤੀ ਦਰਖਾਸਤ ਪੁਲਸ ਚੌਕੀ ਅਲਗੋਂ ਕੋਠੀ ਵਿਖੇ ਦੇ ਦਿੱਤੀ ਹੈ। ਜ਼ਿਕਰਯੋਗ ਇਹ ਹੈ ਕਿ ਡੇਢ ਮਹੀਨੇ ’ਚ ਇਹ ਸਾਂਝ ਕੇਂਦਰ ’ਚ ਹੋਈ ਦੂਜੀ ਚੋਰੀ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਕਰ  ਦਿੱਤੇ  ਹਨ ਕਿ ਚੌਕੀ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਇਹ ਦੂਜੀ ਚੋਰੀ ਹੋਣਾ ਇਸ ਤੋਂ ਸਾਫ਼ ਜ਼ਾਹਿਰ ਕਰਦਾ ਹੈ ਕਿ ਪੁਲਸ ਸੁਸਤ ਅਤੇ ਚੋਰ ਚੁਸਤ ਦਿਖਾਈ ਦਿੰਦੇ ਹਨ।
 ਜਦ ਇਸ ਸਬੰਧੀ ਪੁਲਸ ਚੌਕੀ ਅਲਗੋਂ ਕੋਠੀ ਦੇ ਏ.ਐੱਸ.ਆਈ. ਸਾਹਿਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਂਝ ਕੇਂਦਰ ’ਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਅਸੀਂ ਕਹਿ ਚੁੱਕੇ ਹਾਂ ਕਿ ਤੁਸੀਂ ਆਪਣਾ ਸਕਿਉਰਿਟੀ ਗਾਰਡ ਰੱਖੋ ਪਰ ਇਥੇ ਕੋਈ ਵੀ ਸਕਿਉਰਿਟੀ ਗਾਰਡ ਨਾ ਹੋਣ ਕਾਰਨ ਵਾਰ ਵਾਰ ਇਹ ਵਾਰਦਾਤ ਵਾਪਰ ਰਹੀ ਹੈ। ਇਸ ਵਿਚ ਅਸੀਂ ਕੀ ਕਰ ਸਕਦੇ ਹਾਂ।


Related News