ਦਾਜ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਵਿਰੁੱਧ ਕੇਸ ਦਰਜ
Saturday, Nov 24, 2018 - 06:18 AM (IST)

ਝਬਾਲ/ਬੀਡ਼ ਸਾਹਿਬ, (ਲਾਲੂਘੁੰਮਣ, ਬਖਤਾਵਰ)- ਥਾਣਾ ਝਬਾਲ ਦੀ ਪੁਲਸ ਵਲੋਂ ਉੱਚ ਅਧਿਕਾਰੀਆਂ ਦੀ ਪਡ਼ਤਾਲ ਉਪਰੰਤ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪਤਨੀ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਵਿਰੁੱਧ ਕੇਸ ਦਰਜ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਦਿਲਚਸਪ ਗੱਲ ਇਹ ਹੈ ਕਿ ਪੀਡ਼ਤਾ ਵਲੋਂ ਆਪਣੇ ਪਤੀ ਸਮੇਤ ਸੱਸ, ਸਹੁਰਾ, ਚਾਚੀ ਸੱਸ ਅਤੇ ਚਾਚੇ ਸਹੁਰੇ ਨੂੰ ਸ਼ਿਕਾਇਤ ’ਚ ਨਾਮਜ਼ਦ ਕਰਦਿਆਂ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਸਨ, ਪਰ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਤਫਤੀਸ਼ ਉਪਰੰਤ ਕੇਵਲ ਪੀਡ਼ਤਾ ਦੇ ਪਤੀ ਵਿਰੁੱਧ ਹੀ ਕੇਸ ਦਰਜ ਕੀਤਾ ਗਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਤਰਨਤਾਰਨ ਤਿਲਕ ਰਾਜ ਨੇ ਦੱਸਿਆ ਕਿ ਰਮਨਦੀਪ ਕੌਰ ਪੁੱਤਰੀ ਸਵ. ਜਗੀਰ ਸਿੰਘ ਵਾਸੀ ਪਿੰਡ ਪੰਡੋਰੀ ਤਖਤਮੱਲ ਵਲੋਂ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟ-ਮਾਰ ਕਰਨ ਸਬੰਧੀ ਇਕ ਸ਼ਿਕਾਇਤ ਮਾਣਯੋਗ ਆਈ. ਜੀ. ਬਾਰਡਰ ਜ਼ੋਨ ਅੰਮ੍ਰਿਤਸਰ ਕੋਲ ਕੀਤੀ ਗਈ ਸੀ। ਜਿਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਬਤੌਰ ਪਡ਼ਤਾਲੀਆ ਅਧਿਕਾਰੀ ਵਜੋਂ ਕਰਨ ਉਪਰੰਤ ਇਹ ਪਾਇਆ ਗਿਆ ਕਿ ਪੀਡ਼ਤਾ ਦੇ ਪਤੀ ਵਲੋਂ ਉਸਨੂੰ ਦਾਜ ਲਈ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕੀਤੀ ਜਾਂਦੀ ਰਹੀ ਹੈ। ਐੱਸ. ਪੀ. ਤਿਲਕ ਰਾਜ ਅਨੁਸਾਰ ਪਡ਼ਤਾਲ ਉਪਰੰਤ ਪੀਡ਼ਤ ਰਮਨਦੀਪ ਕੌਰ ਦੇ ਪਤੀ ਗੁਰਇਕਬਾਲ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਅਗਵਾਨ, ਥਾਣਾ ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਐੱਸ. ਪੀ. ਇਨਵੈਸਟੀਗੇਸ਼ਨ ਤਿਲਕ ਰਾਜ ਅਨੁਸਾਰ ਸ਼ਿਕਾਇਤਕਰਤਾ ਵਿਆਹੁਤਾ ਲਡ਼ਕੀ ਵਲੋਂ ਆਪਣੇ ਪਤੀ ਰਮਨਦੀਪ ਸਿੰਘ ਸਮੇਤ ਸੱਸ, ਸਹੁਰਾ, ਚਾਚੀ ਸੱਸ ਅਤੇ ਚਾਚਾ ਸਹੁਰਾ ਵਿਰੁੱਧ ਵੀ ਦੋਸ਼ ਲਾਏ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਉਨ੍ਹਾਂ ਵਲੋਂ ਕੀਤੀ ਗਈ ਡੂੰਘੀ ਜਾਂਚ ਦੌਰਾਨ ਵਿਆਹੁਤਾ ਦੇ ਪਤੀ ਤੋਂ ਇਲਾਵਾ ਦੋਸ਼ ਸਿੱਧ ਇਸ ਕਰ ਕੇ ਨਹੀਂ ਹੁੰਦੇ ਸਨ ਕਿਉਂਕਿ ਵਿਆਹੁਤਾ ਦੇ ਸੱਸ, ਸਹੁਰਾ, ਚਾਚੀ ਸੱਸ ਅਤੇ ਚਾਚਾ ਸਹੁਰਾ ਵੱਖਰੇ ਤੌਰ ’ਤੇ ਰਹਿੰਦੇ ਹਨ।