ਬਰਸਾਤ ਦੇ ਪਾਣੀ ਨਾਲ ਮੰਡੀ ਹੋਈ ਪਾਣੀਓ-ਪਾਣੀ
Tuesday, Sep 25, 2018 - 09:57 AM (IST)

ਝਬਾਲ/ ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)—2 ਦਿਨ ਹੋਈ ਭਾਰੀ ਬਰਸਾਤ ਕਾਰਨ ਦਾਣਾ ਮੰਡੀ ਝਬਾਲ ਜਿੱਥੇ ਪਾਈਓ-ਪਾਣੀ ਹੋ ਗਈ ਹੈ, ਉੱਥੇ ਹੀ ਮੰਡੀ 'ਚ ਬਣੇ ਕੱਚੇ ਫੜ ਪਾਣੀ ਨਾਲ ਭਰ ਜਾਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਗਏ ਹਨ, ਜਿਸ ਕਰਕੇ ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨੀ 'ਚ ਹਨ। ਮੀਂਹ ਦੇ ਪਾਣੀ ਦਾ ਪ੍ਰਭਾਵ ਭਾਰੀ ਵੱਧ ਜਾਣ ਕਰਕੇ ਮੰਡੀ ਦੀਆਂ ਸੜਕਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਅਤੇ ਮੰਡੀ ਛੱਪੜ ਦਾ ਰੂਪ ਧਾਰਨ ਚੁੱਕੀ ਹੈ। ਜਾਣਕਾਰੀ ਦਿੰਦਿਆਂ ਸਰਪੰਚ ਸ਼ਾਮ ਸਿੰਘ ਕੋਟ, ਗੁਰਸੇਵਕ ਸਿੰਘ ਕੋਟ, ਕਿਸਾਨ ਕੈਪਟਨ ਸਿੰਘ ਬਘਿਆੜੀ, ਕਰਮਜੀਤ ਸਿੰਘ ਪੱਪੂ, ਬਲਜੀਤ ਸਿੰਘ ਸਰਾਂ, ਅਵਤਾਰ ਸਿੰਘ ਚਾਹਲ ਸਮੇਤ ਆੜ੍ਹਤੀ ਸੁਰਿੰਦਰ ਸਿੰਘ ਸੋਨੂੰ ਕੋਟ, ਸੈਂਡੀ ਪੰਜਵੜ ਅਤੇ ਗੋਲਡੀ ਝਬਾਲ ਨੇ ਦੱਸਿਆ ਕਿ ਅੱਡਾ ਝਬਾਲ ਭਿੱਖੀਵਿੰਡ ਰੋਡ ਸਥਿਤ ਨਿਕਾਸੀ ਨਾ ਹੋਣ ਕਰਕੇ ਭਾਰੀ ਮਾਤਰਾ 'ਚ ਪਾਣੀ ਦਾ ਵਹਾਅ ਮੰਡੀ ਵੱਲ ਨੂੰ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਬਾਅਦ ਉਨ੍ਹਾਂ ਦੀਆਂ ਆੜ੍ਹਤੀਆਂ 'ਤੇ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋਣ ਵਾਲੀ ਹੈ ਪਰ ਮੰਡੀ ਪੂਰੀ ਤਰ੍ਹਾਂ ਪਾਣੀ ਨਾਲ ਭਰਨ ਤੋਂ ਇਲਾਵਾ ਆੜ੍ਹਤੀਆਂ ਦੇ ਕੱਚੇ ਅਤੇ ਪੱਕੇ ਫੜ•ਵੀ ਛੱਪੜਾਂ ਦਾ ਰੂਪ ਧਾਰਨ ਕਰ ਗਏ ਹਨ। ਉਨ੍ਹਾਂ ਦੱਸਿਆ ਕਿ ਪਾਣੀ ਨਾਲ ਮੰਡੀ ਦੀਆਂ ਸੜਕਾਂ ਵੀ ਛੱਪੜ ਦਾ ਰੂਪ ਧਾਰਨ ਕਰਨ ਕਰਕੇ ਥਾਂ-ਥਾਂ ਤੋਂ ਟੁੱਟ ਕੇ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਉਕਤ ਲੋਕਾਂ ਨੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਤੋਂ ਪਾਣੀ ਨੂੰ ਤਰੁੰਤ ਮੰਡੀ 'ਚੋਂ ਬਾਹਰ ਕੱਢਣ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਹੀ ਮੰਡੀ 'ਚ ਅਨਾਜ ਭੰਡਾਰ ਕਰਨ ਲਈ ਜਗ੍ਹਾ ਦੀ ਵੱਡੀ ਘਾਟ ਹੈ ਅਤੇ ਉਪਰੋਂ ਪਾਣੀ ਨਾਲ ਮੰਡੀ ਦੀ ਜਗ੍ਹਾ ਭਰ ਜਾਣ ਨਾਲ ਆਉਣ ਵਾਲੇ ਝੋਨੇ ਦੇ ਸੀਜ਼ਨ 'ਚ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਜਦਕਿ ਗੰਦਾ ਪਾਣੀ ਮੰਡੀ 'ਚ ਖੜ੍ਹਾ ਰਹਿਣ ਕਾਰਨ ਇਸ ਤੋਂ ਫੈਲਣ ਵਾਲੇ ਮੱਛਰਾਂ ਕਾਰਨ ਮੰਡੀ 'ਚ ਕੰਮ ਕਰਨ ਵਾਲੇ ਲੋਕ ਬੀਮਾਰੀਆਂ ਦਾ ਸ਼ਿਕਾਰ ਵੀ ਹੋਣਗੇ।
ਮੰਡੀ 'ਚੋਂ ਪਾਣੀ ਬਹਾਰ ਕੱਢਣ ਲਈ ਕੀਤੇ ਜਾ ਰਹੇ ਹਨ ਢੁੱਕਵੇਂ ਪ੍ਰਬੰਧ
ਸੈਕਟਰੀ ਅਨਿਲ ਅਰੋੜਾ ਮਾਰਕਿਟ ਕਮੇਟੀ ਝਬਾਲ ਦੇ ਸੈਕੇਟਰੀ ਅਨਿਲ ਅਰੋੜਾ ਨੇ ਦੱਸਿਆ ਕਿ ਮੰਡੀ ਦੀ ਜਗ੍ਹਾ ਨੀਵੀਂ ਹੋਣ ਕਰਕੇ ਭਾਰੀ ਬਰਸਾਤ ਦਾ ਪਾਣੀ ਮੰਡੀ 'ਚ ਆ ਗਿਆ ਹੈ, ਪਰ ਮੰਡੀ ਦੇ ਪੱਕਾ ਫੜ•ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਨੂੰ ਮੰਡੀ ਅੰਦਰ ਆ ਰਹੀ ਝੋਨੇ ਦੀ ਫਸਲ ਨੂੰ ਧਿਆਨ 'ਚ ਰੱਖਦਿਆਂ ਮੰਡੀ ਦੀਆਂ ਸੜਕਾਂ ਅਤੇ ਕੱਚੇ ਫੜ੍ਹਾਂ 'ਤੇ ਇਕੱਠੇ ਹੋਏ ਪਾਣੀ ਨੂੰ ਤਰੁੰਤ ਬਾਹਰ ਕੱਢਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੰਡੀ ਦੇ ਨਵੀਨਕਰਨ ਲਈ ਸਾਢੇ 4 ਕਰੋੜ ਰੁਪਏ ਦੇ ਕਰੀਬ ਗ੍ਰਾਂਟ ਮੰਡੀ ਬੋਰਡ ਵਲੋਂ ਜਲਦ ਹੀ ਜਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਮੰਡੀ ਦਾ ਪੱਕਾ ਫੜ, ਪਾਰਕਿੰਗ, ਸੈੱਡ ਤਿਆਰ ਕਰਨ, ਸੜਕਾਂ, ਸੀਵਰੇਜ, ਬਾਥਰੂਮ ਬਲਾਕ ਆਦਿ ਤਿਆਰ ਕਰਨ ਦੇ ਨਾਲ ਨਵੀਆਂ ਲਾਇਟਾਂ ਵੀ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ਦੇ ਸੀਜ਼ਨ ਮੌਕੇ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।