ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਨੇ ਅਧਿਆਪਕਾਂ ਦਾ ਕੱਢਵਾਇਆ ਪਸੀਨਾ, ਜਾਣੋ ਕਿਉਂ

02/17/2021 4:12:02 PM

ਅੰਮ੍ਰਿਤਸਰ (ਦਲਜੀਤ) - ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ 6ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀਆਂ ਗਈਆਂ ਪ੍ਰੀ-ਬੋਰਡ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਮੁਹੱਈਆ ਕਰਵਾਉਣ ’ਚ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਦਾ ਪਸੀਨਾ ਨਿਕਲ ਗਿਆ। ਜ਼ਿਲ੍ਹੇ ਦੇ 419 ਸੀਨੀਅਰ ਸੈਕੰਡਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਹੱਥਾਂ ’ਚ ਪ੍ਰਸ਼ਨ ਪੱਤਰ ਪਹੁੰਚਾਉਣ ਲਈ ਅਧਿਆਪਕਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ ।

ਵਿਭਾਗ ਵੱਲੋਂ ਸੋਮਵਾਰ ਫ਼ੈਸਲਾ ਕੀਤਾ ਗਿਆ ਸੀ ਕਿ ਮੰਗਲਵਾਰ ਹੋਣ ਵਾਲੇ ਸਬਜੈਕਟ ਦੇ ਪੇਪਰ ਦਾ ਪ੍ਰਸ਼ਨ ਪੱਤਰ ਸੂਬੇ ਦੇ ਸਾਰੇ ਸਕੂਲਾਂ ਨੂੰ ਈ-ਮੇਲ ਰਾਹੀਂ ਭੇਜਿਆ ਜਾਵੇਗਾ। ਉਸੇ ਕਾਰਣ ਸਵੇਰੇ 7 ਵਜੇ ਪ੍ਰਸ਼ਨ ਪੱਤਰ ਈ-ਮੇਲ ਰਾਹੀਂ ਸਕੂਲ ਪ੍ਰਬੰਧਕਾਂ ਤੱਕ ਪਹੁੰਚਿਆ। ਨਿਯਮ ਮੁਤਾਬਕ 7 ਵਜੇ ਪੁੱਜੇ ਪ੍ਰਸ਼ਨ ਪੱਤਰ ਦੇ ਪ੍ਰਿੰਟ ਕਢਵਾਉਣ ਦੀ ਜ਼ਿੰਮੇਵਾਰੀ ਸਕੂਲ ਦੇ ਪ੍ਰਿੰਸੀਪਲ ਦੀ ਹੈ। ਜ਼ਿਲ੍ਹੇ ਦੇ ਜ਼ਿਆਦਾਤਰ ਸਕੂਲਾਂ ’ਚ ਪ੍ਰਿੰਟਿੰਗ ਦੀ ਸਹੂਲਤ ਹੀ ਨਹੀਂ। ਜਿਹੜੇ ਸਕੂਲਾਂ ’ਚ ਇਹ ਸਹੂਲਤ ਉਪਲਬਧ ਹੈ, ਉੱਥੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਣ ਇਕੱਠੇ ਪ੍ਰਿੰਟ ਕੱਢ ਕੇ ਸਮੇਂ ਸਿਰ ਪੇਪਰ ਸ਼ੁਰੂ ਕਰਨਾ ਵੀ ਇਕ ਚੈਲੰਜ ਬਣਿਆ ਰਿਹਾ। 

ਇਹ ਸਮੱਸਿਆ ਸਭ ਤੋਂ ਜ਼ਿਆਦਾ ਸਰਹੱਦੀ ਅਤੇ ਦਿਹਾਤੀ ਏਰੀਏ ਦੇ ਸਕੂਲਾਂ ’ਚ ਦੇਖਣ ਨੂੰ ਮਿਲੀ। ਪੇਪਰ ਪ੍ਰਿੰਟਿੰਗ ’ਚ ਜ਼ਿਆਦਾ ਸਮਾਂ ਲੱਗਣ ਕਾਰਣ ਐਗਜ਼ਾਮ ਸ਼ੁਰੂ ਹੋਣ ’ਚ ਦੇਰੀ ਹੋਈ। ਸਵੇਰੇ 11. 30 ਵਜੇ ਸ਼ੁਰੂ ਹੋਣ ਵਾਲਾ ਪੇਪਰ 12 ਵਜੇ ਅਤੇ ਕੁਝ ਜਗ੍ਹਾ ’ਤੇ ਇਸ ਤੋਂ ਵੀ ਲੇਟ ਸ਼ੁਰੂ ਹੋਇਆ। ਪੇਪਰ ਦੇਰੀ ਨਾਲ ਸ਼ੁਰੂ ਹੋਣ ਕਾਰਣ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਮਿਲਣ ਵਾਲਾ ਮਿਡ-ਡੇ ਮੀਲ ਸਰਵ ਕਰਨ ’ਚ ਮੁਸ਼ਕਿਲ ਹੋਈ। ਪੇਪਰ ਕਾਫ਼ੀ ਦੇਰੀ ਨਾਲ ਹੋਣ ਕਾਰਣ ਵਿਦਿਆਰਥੀਆਂ ਨੂੰ ਸਕੂਲ ਟਾਈਮ ਦੌਰਾਨ ਖਾਣਾ ਦੇਣ ’ਚ ਵੀ ਦੇਰੀ ਹੋਈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਹੁਣ ਪ੍ਰਸ਼ਨ ਪੱਤਰ ਇਕ ਦਿਨ ਪਹਿਲਾਂ ਹੀ ਸਕੂਲਾਂ ’ਚ ਪਹੁੰਚੇਗਾ, ਜਿਸ ਕਾਰਣ ਇਸਦਾ ਪ੍ਰਿੰਟ ਕੱਢਵਾਉਣ ’ਚ ਕੋਈ ਸਮੱਸਿਆ ਨਹੀਂ ਹੋਵੇਗੀ।


rajwinder kaur

Content Editor

Related News