ਪੁਲਸ ਨੇ ਡੀਲਰ ਨੂੰ ਗੋਲੀ ਮਾਰ ਕੇ ਕਾਰ ਖੋਹਣ ਦਾ ਮਾਮਲਾ ਸੁਲਝਿਅਾ

11/13/2018 6:23:12 AM

ਅੰਮ੍ਰਿਤਸਰ,   (ਅਰੁਣ)-  ਕਾਰ ਡੀਲਰ ਦੀ ਲੱਤ ਵਿਚ ਗੋਲੀ ਮਾਰ ਕੇ ਉਸ ਦੀ ਕਾਰ ਖੋਹ ਕੇ ਦੌਡ਼ੇ ਅਣਪਛਾਤੇ ਲੁਟੇਰਿਆਂ ਖਿਲਾਫ ਦਰਜ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਛੇਹਰਟਾ ਦੀ ਪੁਲਸ  ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਲੁਟੇਰਿਆਂ ਵਿਚੋਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। 
ਪ੍ਰੈੱਸ ਮਿਲਣੀ  ਦੌਰਾਨ ਖੁਲਾਸਾ ਕਰਦਿਆਂ ਏ.ਸੀ.ਪੀ.ਪੱਛਮੀ ਵਿਸ਼ਾਲਜੀਤ ਸਿੰਘ ਅਤੇ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ 8 ਨਵੰਬਰ ਨੂੰ ਦਰਜ ਮਾਮਲਾ ਨੰ. 239 ਜਿਸ ਵਿਚ ਤਿੰਨ ਲੁਟੇਰਿਆਂ ਵੱਲੋਂ ਕਾਰ ਦੀ ਟਰਾਈ ਲੈਣ ਦੌਰਾਨ ਕਾਰ ਮਾਲਕ ਦਿਲਬਾਗ ਸਿੰਘ ਵਾਸੀ ਵਡਾਲੀ ਦੀ ਲੱਤ ਵਿਚ ਗੋਲੀ ਮਾਰਨ ਮਗਰੋਂ ਉਸ ਦੀ ਕਾਰ ਅਤੇ ਮੋਬਾਇਲ ਫੋਨ ਖੋਹ ਲਿਆ ਸੀ। ਪੁਲਸ ਪਾਰਟੀ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਇਸ ਲੁਟੇਰਾ ਗਿਰੋਹ ਦੇ ਇਕ ਮੈਂਬਰ ਰਾਜਬੀਰ ਸਿੰਘ ਟੋਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਭਿੰਡਰ ਕਾਲੋਨੀ ਤਰਨਤਾਰਨ ਰੋਡ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਦੇ ਕਬਜ਼ੇ ਵਿਚੋਂ ਦਿਲਬਾਗ ਸਿੰਘ  ਕੋਲੋਂ ਖੋਹਿਆ ਮੋਬਾਇਲ ਫੋਨ ਪੁਲਸ ਨੇ ਬਰਾਮਦ ਕਰ ਲਿਆ। 
ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਏ.ਸੀ.ਪੀ.ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮ ਰਾਜਬੀਰ ਸਿੰਘ ਨੇ ਮੰਨਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਸਲ ਮੁਲਜ਼ਮ ਹਰਵਿੰਦਰ ਸਿੰਘ ਵਾਸੀ ਪੰਡੋਰੀ ਵਡ਼ੈਚ ਅਤੇ ਸਤਨਾਮ ਸਿੰਘ ਵਾਸੀ ਖੋਦੇਬਾਂਗਰ ਫਤਿਹਗਡ਼੍ਹ ਚੂਡ਼ੀਆ ਨੂੰ ਉਹ ਆਪਣੇ ਮੋਟਰਸਾਈਕਲ ਉੱਪਰ ਦਿਲਬਾਗ ਸਿੰਘ ਦੇ ਕੋਲ ਛੱਡ ਕੇ ਆਇਆ ਸੀ ਅਤੇ ਬਾਅਦ ਵਿਚ ਟਰਾਈ ਲੈਣ ਦੌਰਾਨ ਇਨ੍ਹਾਂ ਮੁਲਜ਼ਮਾਂ ਵੱਲੋਂ ਦਿਲਬਾਗ ਸਿੰਘ ਦੀ ਲੱਤ ਵਿਚ ਗੋਲੀ ਮਾਰਨ ਮਗਰੋਂ ਉਸ ਦੀ ਕਾਰ ਖੋਹ ਲਈ ਸੀ। 
 ਕੀ ਸੀ ਮਾਮਲਾ 
 ਵਡਾਲੀ ਗੇਟ ਸੰਨ੍ਹ ਸਾਹਿਬ ਰੋਡ ਵਾਸੀ ਦਿਲਬਾਗ ਸਿੰਘ ਜੋ ਕਾਰਾਂ ਖਰੀਦਣ-ਵੇਚਣ ਦਾ ਕੰਮ ਕਰਦਾ ਹੈ, ਵੱਲੋਂ ਆਪਣੀ ਸਵਿਫਟ ਕਾਰ ਵੇਚਣ  ਲਈ ਓ.ਐੱਲ.ਐਕਸ. ਉਪਰ ਮੈਸੇਜ ਪਾਇਆ ਸੀ। ਕਾਰ ਖਰੀਦਣ ਦਾ ਕਹਿ ਕੇ ਉਸ ਕੋਲ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ  ’ਤੇ ਆਏ ਅਤੇ ਕਾਰ ਦੀ ਟਰਾਈ ਲੈਣ ਬਹਾਨੇ ਦੋ ਨੌਜਵਾਨ ਦਿਲਬਾਗ ਸਿੰਘ ਦੇ ਨਾਲ ਕਾਰ ਵਿਚ ਬੈਠ ਗਏ। ਪਿੰਡ ਰਾਮੂਵਾਲ ਨੇਡ਼ੇ ਪੁੱਜਣ ’ਤੇ ਇਕ ਨੌਜਵਾਨ ਵੱਲੋਂ ਦਿਲਬਾਗ ਸਿੰਘ ਦੀ ਲੱਤ ਵਿਚ ਗੋਲੀ ਮਾਰਨ ਮਗਰੋਂ ਉਸ ਨੂੰ ਕਾਰ ਤੋਂ ਹੇਠਾਂ ਸੁੱਟ ਦਿੱਤਾ। ਲੁਟੇਰੇ ਕਾਰ ਅਤੇ ਉਸ ਦਾ ਮੋਬਾਇਲ ਫੋਨ ਲੈ ਕੇ ਦੌਡ਼ ਗਏ ਸਨ। 
ਜਲਦ ਗ੍ਰਿਫਤਾਰ ਹੋਣਗੇ 2 ਹੋਰ ਲੁਟੇਰੇ : ਏ.ਸੀ.ਪੀ.ਵਿਸ਼ਾਲਜੀਤ
ਪੱਤਰਕਾਰਾਂ ਵੱਲੋਂ ਕੀਤੇ ਇਕ ਸਵਾਲ ਦੇ ਜਵਾਬ ਵਿਚ ਬੋਲਦਿਆਂ ਏ.ਸੀ.ਪੀ.ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨੋਂ ਲੁਟੇਰਿਆਂ ਤੋਂ ਇਲਾਵਾ ਕਾਰ ਦੀ ਬਰਾਮਦਗੀ  ਬਾਰੇ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਵੀ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News