ਬਾਜ਼ਾਰਾਂ ’ਚ ਘਟੀਆਂ ਸਮੱਗਰੀ ਨਾਲ ਤਿਆਰ ਖਾਣ-ਪੀਣ ਚੀਜ਼ਾਂ ਵੇਚ ਰਹੇ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ

Thursday, Jun 15, 2023 - 01:28 PM (IST)

ਬਾਜ਼ਾਰਾਂ ’ਚ ਘਟੀਆਂ ਸਮੱਗਰੀ ਨਾਲ ਤਿਆਰ ਖਾਣ-ਪੀਣ ਚੀਜ਼ਾਂ ਵੇਚ ਰਹੇ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ

ਗੁਰਦਾਸਪੁਰ (ਵਿਨੋਦ)- ਇਸ ਸਾਲ ਮੌਸਮ ’ਚ ਆਏ ਦਿਨ ਤਬਦੀਲੀ ਹੋ ਰਹੀ ਹੈ ਅਤੇ ਇਕ-ਦੋ ਦਿਨ ਦੀ ਗਰਮੀ ਤੋਂ ਬਾਅਦ ਜ਼ੋਰਦਾਰ ਬਰਸਾਤ ਵੇਖਣ ਨੂੰ ਮਿਲੀ ਹੈ। ਅਪ੍ਰੈਲ ਅਤੇ ਮਈ ਮਹੀਨੇ ’ਚ ਬਹੁਤ ਘੱਟ ਦਿਨ ਗਰਮੀ ਦੇ ਵੇਖਣ ਨੂੰ ਮਿਲੇ, ਜਿਸ ਕਾਰਨ ਇਲਾਕੇ ’ਚ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੈ ਪਰ ਇਸ ਦੇ ਬਾਵਜੂਦ ਸ਼ਹਿਰਾਂ ’ਚ ਸੜਕਾਂ, ਬਾਜ਼ਾਰਾਂ, ਗਲੀਆਂ-ਮੁਹੱਲਿਆਂ, ਪ੍ਰਮੁੱਖ ਚੌਂਕਾਂ ’ਚ ਅਤੇ ਪੇਂਡੂ ਖੇਤਰਾਂ ’ਚ ਘਟੀਆਂ ਮਟੀਰੀਅਲ ਤੋਂ ਤਿਆਰ ਕੀਤੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ, ਜਿਸ ਕਾਰਨ ਇਨ੍ਹਾਂ ਲੋਕਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਚੁੱਪ ਬੈਠਾ ਹੈ।

ਕੀ ਹੈ ਮਾਮਲਾ

ਇਸ ਵਾਰ ਇਕ ਦਿਨ ਦੀ ਗਰਮੀ ਤੋਂ ਬਾਅਦ ਜ਼ੋਰਦਾਰ ਬਰਸਾਤ ਹੁੰਦੀ ਰਹੀ। ਇਨ੍ਹਾਂ ਦੋ ਮਹੀਨਿਆਂ ’ਚ ਸ਼ਾਇਦ ਹੀ 4-5 ਦਿਨ ਗਰਮੀ ਵੇਖਣ ਨੂੰ ਮਿਲੀ ਹੋਵੇ। ਮੌਸਮ ਦੇ ਇਸ ਬਦਲਾਅ ਕਾਰਨ ਗਰਮੀ ਨਾ ਪੈਣ ਅਤੇ ਬਰਸਾਤ ਹੁੰਦੇ ਰਹਿਣ ਕਾਰਨ ਮੱਖੀ ਅਤੇ ਮੱਛਰਾਂ ਤੋਂ ਮੁਕਤੀ ਨਹੀਂ ਮਿਲੀ, ਪਰ ਜਦ ਵੇਖਿਆ ਜਾਵੇ ਤਾਂ ਇਸ ਸਮੇਂ ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀ-ਮੁਹੱਲਿਆਂ, ਸੜਕਾਂ ਅਤੇ ਚੌਂਕਾਂ ’ਚ ਅਜਿਹੀਆਂ ਚੀਜ਼ਾਂ ਖਾਣ-ਪੀਣ ਵਾਲੀਆਂ ਵੇਚੀਆਂ ਜਾ ਰਹੀਆਂ ਹਨ। ਜਿਨ੍ਹਾਂ ਦੀ ਕੁਆਲਿਟੀ ਬਹੁਤ ਹੀ ਘਟੀਆ ਹੈ। ਰੇਹੜੀਆਂ ’ਤੇ ਵਿਕਣ ਵਾਲਾ ਇਹ ਸਾਮਾਨ ਬਹੁਤ ਹੀ ਘਟੀਆਂ ਸਮੱਗਰੀ ਅਤੇ ਘਟੀਆਂ ਤੇਲ ਨਾਲ ਤਿਆਰ ਕੀਤਾ ਜਾਂਦਾ ਹੈ। ਰੇਹੜੀਆਂ ’ਚ ਚਾਰੇ ਪਾਸੇ ਗੰਦਗੀ ਦਾ ਵੀ ਬੋਲਬਾਲਾ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰੇਹੜੀਆਂ ਜ਼ਿਆਦਾਤਰ ਬਰਸਾਤ ਦੇ ਪਾਣੀ ਦੇ ਨਿਕਾਸ ਲਈ ਬਣਾਏ ਗੰਦੇ ਨਾਲਿਆਂ ਦੇ ਉਪਰ ਹੀ ਖੜ੍ਹੀਆਂ ਹਨ। ਜਦਕਿ ਕਈ ਵੱਡੀਆਂ ਦੁਕਾਨਾਂ ਗੰਦੇ ਨਾਲਿਆਂ ’ਤੇ ਹੀ ਬਣਾ ਦਿੱਤੀਆਂ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਸਾਫ਼-ਸੁਥਰਾ ਖਾਣ-ਪੀਣ ਦਾ ਸਾਮਾਨ ਮਿਲਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ- ਮੋਗਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੁਆਏ ਵੈਣ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਦਰਦਨਾਕ ਮੌਤ

ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਕੁਝ ਹਲਵਾਈਆਂ ਵੱਲੋਂ ਸ਼ਰੇਆਮ ਸਵਾਦੀ ਸਨੈਕਸ, ਨੂਡਲਜ, ਚੈਂਪਸ, ਮਾਸਾ-ਹਾਰੀ ਖਾਣ ਦੀਆਂ ਕਈ ਕਿਸਮਾਂ ਅਤੇ ਹੋਰ ਸਮਾਨ ਸੜਕਾਂ ’ਤੇ ਵੇਚਿਆ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਇਹ ਕੰਮ ਕੁਝ ਦਿਨਾਂ ਤੋਂ ਅਮਲ ਵਿਚ ਆਇਆ ਹੈ, ਜਦੋਂ ਕਿ ਸਾਲਾਂ ਤੋਂ ਇਹ ਧੰਦਾ ਗਲੀਆਂ-ਬਾਜ਼ਾਰਾਂ ਵਿਚ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਿਹਾ ਹੈ। ਇਨ੍ਹਾਂ ’ਤੇ ਬੈਠੀਆਂ ਮੱਖੀਆਂ ਅਤੇ ਹੋਰ ਜ਼ਹਿਰੀਲੇ ਕੀੜਿਆਂ ਕਾਰਨ ਲੋਕ ਟਾਈਫ਼ਾਈਡ, ਲੂਜ ਮੋਸਨ ਅਤੇ ਡਾਇਰੀਆ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਮੱਸਿਆ ਨੂੰ ਲੈ ਕੇ ਸਮਾਜਿਕ ਜਥੇਬੰਦੀਆਂ ਪਹਿਲਾਂ ਵੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਧਿਆਨ ਖਿੱਚ ਚੁੱਕੀਆਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਇਕ-ਦੋ ਦਿਨਾਂ ਦੀ ਸਖ਼ਤੀ ਤੋਂ ਬਾਅਦ ਉਹੀ ਪੁਰਾਣੀ ਚਾਲ ’ਤੇ ਮੁੜ ਆਉਂਦਾ ਹੈ।

ਨਕਲੀ ਜ਼ਹਿਰੀਲੇ ਰੰਗਾਂ ਦੀ ਵਰਤੋਂ

ਕੁਝ ਹਲਵਾਈਆਂ ਅਤੇ ਹੋਰ ਦੁਕਾਨਾਂ ’ਤੇ ਜਾ ਕੇ ਪਤਾ ਲੱਗਦਾ ਹੈ ਕਿ ਕਿਵੇਂ ਨਕਲੀ ਜ਼ਹਿਰੀਲੇ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿਚ ਘਟੀਆ ਸਮੱਗਰੀ ਦੀ ਵਰਤੋਂ ਦੇ ਨਾਲ-ਨਾਲ ਜ਼ਹਿਰੀਲੇ ਰੰਗਾਂ ਅਤੇ ਚਾਂਦੀ ਦੇ ਢੱਕਣ ਦੀ ਵਰਤੋਂ ਕੀਤੀ ਜਾ ਰਹੀ ਹੈ। ਬੇਸ਼ੱਕ ਇਨ੍ਹਾਂ ਚੀਜ਼ਾਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਲਈ ਕਾਗਜ਼ਾਂ ’ਤੇ ਬਹੁਤ ਕੁਝ ਹੋ ਚੁੱਕਾ ਹੈ ਪਰ ਅਮਲੀ ਤੌਰ ’ਤੇ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਕੁਝ ਦੁਕਾਨਦਾਰ ਸਿਹਤ ਵਿਭਾਗ ਦੇ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਘਟੀਆ ਤੇਲ ਵਿਚ ਘਟੀਆ ਸਨੈਕਸ ਤਲਦੇ ਹਨ, ਜਿਸ ਕਾਰਨ ਲੋਕਾਂ ਅਤੇ ਖਾਸ ਕਰ ਕੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਖ਼ਾਸ ਕਰ ਕੇ ਮਾਸਪੇਸੀਆਂ ਦੀ ਸਮੱਸਿਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਪੂਰੇ ਜ਼ਿਲ੍ਹੇ ਵਿਚ ਤਾਜ਼ੇ ਫਲਾਂ ਦੇ ਜੂਸ ਦੇ ਕਾਰੋਬਾਰ ਵਿਚ ਕਈ ਤਰ੍ਹਾਂ ਦੇ ਜਹਿਰੀਲੇ ਰੰਗਾਂ ਅਤੇ ਹੋਰ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

 

ਇਹ ਵੀ ਪੜ੍ਹੋ- ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਪਤੀ ਦੀ ਦਰਦਨਾਕ ਮੌਤ

ਕੀ ਕਹਿਣਾ ਹੈ ਬਾਲ ਰੋਗ ਮਾਹਿਰ ਦਾ

ਇਸ ਸਮੱਸਿਆ ਬਾਰੇ ਗੁਰਦਾਸਪੁਰ ਦੇ ਬੱਚਿਆਂ ਦੇ ਮਾਹਿਰ ਡਾਕਟਰ ਪੀ. ਕੇ. ਮਹਾਜਨ ਅਨੁਸਾਰ ਇਨ੍ਹੀ ਦਿਨੀਂ ਨਿਊਰੋਸਿਸ ਤੋਂ ਪੀੜਤ ਜ਼ਿਆਦਾ ਬੱਚੇ ਇਲਾਜ ਲਈ ਆ ਰਹੇ ਹਨ। ਜਦੋਂ ਕਿ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਵੀ ਮਾਂ ਵੱਲੋਂ ਬਾਜ਼ਾਰ ਦੀਆਂ ਇਹ ਸਸਤੀਆਂ ਅਤੇ ਮਸਾਲੇਦਾਰ ਚੀਜਾਂ ਖਾਣ ਕਾਰਨ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜਕੱਲ ਇਹ ਸਮੱਸਿਆ ਆਮ ਦਿਨਾਂ ਦੇ ਮੁਕਾਬਲੇ ਬੱਚਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਘਰ ਵਿਚ ਹੀ ਬੱਚਿਆਂ ਨੂੰ ਭੋਜਨ ਤਿਆਰ ਕਰ ਕੇ ਦੇਣ।

ਕੀ ਕਹਿਣਾ ਹੈ ਡਾ. ਕੇ. ਐੱਸ. ਬੱਬਰ ਦਾ

ਸ਼ਹਿਰ ਦੇ ਪ੍ਰਮੁੱਖ ਡਾ.ਕੇ.ਐੱਸ.ਬੱਬਰ ਅਨੁਸਾਰ ਅੱਜ ਜ਼ਿਆਦਾਤਰ ਬਿਮਾਰੀਆਂ ਦਾ ਕਾਰਨ ਖਾਣ-ਪੀਣ ਦੀ ਸ਼ੁੱਧਤਾ ਦੀ ਘਾਟ ਹੈ। ਬਾਜਾਰਾਂ ਵਿਚ ਵਿਕਣ ਵਾਲੇ ਸਾਮਾਨ ਦੀ ਗੁਣਵੱਤਾ ਕੀ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਆਈਸ ਕੈਂਡੀ ਸਮੇਤ ਹੋਰ ਮਿੱਠਾ ਦੁੱਧ ਜੋ ਬਾਜ਼ਾਰ ਵਿਚ ਵਿਕ ਰਿਹਾ ਹੈ, ਉਹ ਕਿਸੇ ਜ਼ਹਿਰ ਤੋਂ ਘੱਟ ਨਹੀਂ ਹੈ। ਮਿੱਠੇ ਅਤੇ ਠੰਡੇ ਦੁੱਧ ਦੇ ਨਾਂ ’ਤੇ ਸੜਕਾਂ ’ਤੇ ਵਿਕ ਰਹੇ ਦੁੱਧ ਦੇ ਮੁਕਾਬਲੇ ਜ਼ਿਲੇ ਵਿਚ ਦੁੱਧ ਦਾ ਉਤਪਾਦਨ 50 ਫੀਸਦੀ ਵੀ ਨਹੀਂ ਹੈ। ਗੁੱਜਰ ਵੀ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਵਾਪਸ ਚਲੇ ਜਾਂਦੇ ਹਨ ਅਤੇ ਸਾਡੇ ਪਸ਼ੂਆਂ ਤੋਂ ਮਿਲਣ ਵਾਲੇ ਦੁੱਧ ਦੀ ਮਾਤਰਾ ਵੀ ਘੱਟ ਜਾਂਦੀ ਹੈ। ਇਹੀ ਕਾਰਨ ਹੈ ਕਿ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕ ਟਾਈਫਾਈਡ, ਲੂਜ ਮੋਸਨ ਅਤੇ ਡਾਇਰੀਆ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਦਾ ਜਗਦੀਪ ਸਿੰਘ ਮਾਨ ਬਣਿਆ ਕੈਨੇਡਾ ’ਚ ਜੇਲ੍ਹ ਫੈਡਰਲ ਦਾ ਉੱਚ ਅਧਿਕਾਰੀ, ਮਾਪਿਆਂ ਦਾ ਨਾਂ ਕੀਤਾ ਰੌਸ਼ਨ

ਕੀ ਕਹਿਣਾ ਹੈ ਪ੍ਰਮੁੱਖ ਲੋਕਾਂ ਦਾ

ਇਸ ਸਬੰਧੀ ਸਹਿਰ ਦੇ ਮੋਹਤਬਰ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਇਸ ਸਬੰਧੀ ਸਖਤੀ ਨਾਲ ਕੰਮ ਕਰਨਾ ਚਾਹੀਦਾ ਹੈ । ਮਨੁੱਖ ਲਈ ਉਸ ਦੀ ਸਿਹਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਲੋਕ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਨਾਲ ਜੂਝ ਰਹੇ ਹਨ, ਜੇਕਰ ਲੋਕਾਂ ਨੂੰ ਸੁੱਧ ਖਾਣ-ਪੀਣ ਨਾ ਮਿਲਿਆ ਤਾਂ ਲੋਕਾਂ ਨੂੰ ਹੋਰ ਵੀ ਕਈ ਬੀਮਾਰੀਆਂ ਦਾ ਸ਼ਿਕਾਰ ਹੋਣਾ ਪਵੇਗਾ। ਇਸ ਲਈ ਮੌਸਮ ਦੇ ਹਿਸਾਬ ਨਾਲ ਘਟੀਆ ਮਟੀਰੀਅਲ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਚੀਜਾਂ ਅਤੇ ਬਿਨਾਂ ਕਵਰ ਤੋਂ ਵਿਕਣ ਵਾਲੀਆਂ ਚੀਜਾਂ ’ਤੇ ਸਖਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਲੋਕਾਂ ਅਨੁਸਾਰ ਸਕੂਲਾਂ ਵਿਚ ਚੱਲ ਰਹੀਆਂ ਕੰਟੀਨਾਂ ’ਤੇ ਵੀ ਇਸ ਸਬੰਧੀ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ।

ਕੀ ਕਹਿਣਾ ਹੈ ਸਹਾਇਕ ਕਮਿਸ਼ਨਰ ਫ਼ੂਡ ਸੇਫ਼ਟੀ ਦਾ

ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਸੇਫਟੀ ਗੁਰਦਾਸਪੁਰ ਡਾ.ਜੀ.ਐੱਸ.ਪੰਨੂ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਕਾਰੋਬਾਰੀ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਸ ਸਬੰਧੀ ਰੇਹੜੀ ਜਾਂ ਹੋਰ ਖਾਣ-ਪੀਣ ਦੇ ਪਦਾਰਥ ਵੇਚਣ ਵਾਲੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾਂਦਾ ਹੈ ਕਿ ਉਹ ਆਪਣੇ ਕੰਮਕਾਜ ਵਿਚ ਸੁਧਾਰ ਕਰਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News