ਦੀਵਾਲੀ ਮਨਾਉਣ ਲਈ ਪਟਾਕੇ ਲੈਣ ਜਾ ਰਹੇ ਨੌਜਵਾਨਾਂ ਨਾਲ ਹਾਦਸਾ, ਇਕ ਦੀ ਮੌਤ

Wednesday, Oct 22, 2025 - 05:07 PM (IST)

ਦੀਵਾਲੀ ਮਨਾਉਣ ਲਈ ਪਟਾਕੇ ਲੈਣ ਜਾ ਰਹੇ ਨੌਜਵਾਨਾਂ ਨਾਲ ਹਾਦਸਾ, ਇਕ ਦੀ ਮੌਤ

ਫਿਰੋਜ਼ਪੁਰ (ਕੁਮਾਰ) : ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਜਾ ਰਹੇ ਟਰੈਕਟਰ ਟਰਾਲੇ ਨੇ ਮੋਟਰਸਾਈਕਲ ''ਤੇ ਜਾ ਰਹੇ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 2 ਨੌਜਵਾਨ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏਐੱਸਆਈ ਪਵਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜਕੁਮਾਰ ਪੁੱਤਰ ਅਨੰਤ ਰਾਮ ਵਾਸੀ ਕੈਨਾਲ ਕਲੋਨੀ ਫਿਰੋਜ਼ਪੁਰ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸਦੇ ਲੜਕੇ ਦੇ ਦੋ ਦੋਸਤ ਮਨੀ ਪੁੱਤਰ ਸੁੱਚਾ ਸਿੰਘ ਵਾਸੀ ਪੀਰਕੇ ਅਤੇ ਹਰਮਨ ਪੁੱਤਰ ਸੁਖਚੈਨ ਵਾਸੀ ਕੋਠੀ ਰਾਏ ਸਾਹਿਬ, ਮੋਟਰਸਾਈਕਲ ''ਤੇ ਉਨ੍ਹਾ ਦੇ ਘਰ ਆਏ ਅਤੇ ਸ਼ਿਕਾਇਤਕਰਤਾ ਦੇ ਲੜਕੇ ਵਿਸ਼ਾਲ ਨੂੰ ਫਿਰੋਜ਼ਪੁਰ ਸ਼ਹਿਰ ਤੋਂ ਪਟਾਕੇ ਲਿਆਉਣ ਲਈ ਆਪਣੇ ਨਾਲ ਲੈ ਗਏ।

ਸ਼ਿਕਾਇਤਕਰਤਾ ਅਨੁਸਾਰ ਉਹ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਜਾ ਰਿਹਾ ਸੀ ਅਤੇ ਜਦੋਂ ਉਹ ਨਹਿਰ ਵਿਭਾਗ ਦੇ ਕੋਠੀ ਰਾਏ ਸਾਹਿਬ ਨੰਬਰ 6 ਨੇੜੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਆ ਰਹੇ ਟਰੈਕਟਰ ਚਾਲਕ ਨੇ ਉਸਦੇ ਲੜਕੇ ਅਤੇ ਉਸਦੇ ਦੋਸਤਾਂ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਲਿਜਾਇਆ ਗਿਆ, ਜਿੱਥੇ ਸ਼ਿਕਾਇਤਕਰਤਾ ਦੇ ਲੜਕੇ ਵਿਸ਼ਾਲ ਦੀ ਮੌਤ ਹੋ ਗਈ। ਏਐੱਸਆਈ ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News