ਸ਼ਰਾਰਤੀ ਅਨਸਰਾਂ ਨੇ ਘਰਾਂ ਨੇੜੇ ਪਈ ਰਹਿੰਦ-ਖੂੰਹਦ ਨੂੰ ਲਈ ਅੱਗ, ਵੱਡਾ ਹਾਦਸਾ ਹੋਣੋਂ ਟਲਿਆ
Friday, May 27, 2022 - 01:29 PM (IST)
ਬਟਾਲਾ (ਜ.ਬ., ਯੋਗੀ, ਅਸ਼ਵਨੀ): ਬੀਤੀ ਦੇਰ ਰਾਤ ਘਰਾਂ ਨੇੜੇ ਗੇਟਾਂ ਦੇ ਬਾਹਰ ਲੱਗੇ ਜੰਗਲਾਤ ਵਿਭਾਗ ਦੇ ਦਰੱਖਤਾਂ ਦੇ ਥੱਲੇ ਰਹਿੰਦ ਖੂੰਹਦ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਥੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਕਾਦੀਆਂ ਹਰਚੋਵਾਲ ਰੋਡ ’ਤੇ ਸਥਿਤ ਸਿਵਲ ਲਾਈਨ ਚੌਕ ਨੇੜੇ ਘਰਾਂ ਦੇ ਗੇਟਾਂ ਦੇ ਨਜ਼ਦੀਕ ਪਈ ਰਹਿੰਦ ਖੂਹੰਦ ਨੂੰ ਅੱਗ ਲਗਾ ਦਿੱਤੀ ਗਈ, ਜਿਸ ਦੇ ਸਿੱਟੇ ਵਜੋਂ ਇਹ ਅੱਗ ਭਿਆਨਕ ਰੂਪ ਧਾਰਨ ਕਰ ਗਈ।
ਦੇਖਦੇ ਹੀ ਦੇਖਦੇ ਇਸ ਦਾ ਧੂੰਆਂ ਚਾਰੇ ਪਾਸੇ ਫੈਲ ਗਿਆ, ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਦਾ ਸਾਹ ਲੈਣਾ ਔਖਾ ਹੋ ਗਿਆ ਪਰ ਵੱਡਾ ਹਾਦਸਾ ਹੋਣੋਂ ਟੱਲ ਗਿਆ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਕ ਜਿਮ ਹੈ, ਜਿਸ ਵਿਚ ਨੌਜਵਾਨ ਕਸਰਤ ਕਰਨ ਲਈ ਆਉਂਦੇ ਹਨ ਅਤੇ ਇਸ ਦੇ ਨਜ਼ਦੀਕ ਅਨੇਕਾਂ ਦੁਕਾਨਾਂ ਅਤੇ ਰਿਹਾਇਸ਼ਾਂ ਹਨ। ਉਨ੍ਹਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੇਖਦੇ ਹੀ ਦੇਖਦੇ ਚਾਰੇ ਪਾਸੇ ਫੈਲ ਗਈ ਪਰ ਵੱਡਾ ਹਾਦਸਾ ਹੋਣੋਂ ਟਲ ਗਿਆ। ਰਾਹਗੀਰਾਂ ਨੇ ਦੱਸਿਆ ਕਿ ਇਸ ਅੱਗ ਦੇ ਕਾਰਨ ਹੀ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ, ਇਸ ਲਈ ਸਾਡੀ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਹੈ ਕਿ ਇਹ ਅੱਗ ਲਗਾਉਣ ਵਾਲਿਆਂ ਦੀ ਤਫਤੀਸ਼ ਕਰਕੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵੱਡਾ ਹਾਦਸਾ ਨਾ ਵਾਪਰ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਇਸ ਅੱਗ ਦੇ ਚਲਦਿਆਂ ਹਨ੍ਹੇਰੀ ਆ ਜਾਂਦੀ ਤਾਂ ਇਹ ਅੱਗ ਘਰਾਂ ਤੱਕ ਅਤੇ ਦੁਕਾਨਾਂ ਤੱਕ ਜਿੰਮ ਤੱਕ ਪਹੁੰਚ ਸਕਦੀ ਸੀ। ਇਹ ਅੱਗ ਸੜਕ ’ਤੇ ਚਲਦੇ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਸੀ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ।
