ਨਗਰ ਕੀਰਤਨ ਦੌਰਾਨ ਪਟਾਕੇ ਚਲਾਉਣ ਸਮੇਂ ਹੋਇਆ ਧਮਾਕਾ, ਨਾਬਾਲਗ ਨੌਜਵਾਨ ਗੰਭੀਰ ਜ਼ਖਮੀ

Friday, Nov 23, 2018 - 09:15 PM (IST)

ਨਗਰ ਕੀਰਤਨ ਦੌਰਾਨ ਪਟਾਕੇ ਚਲਾਉਣ ਸਮੇਂ ਹੋਇਆ ਧਮਾਕਾ, ਨਾਬਾਲਗ ਨੌਜਵਾਨ ਗੰਭੀਰ ਜ਼ਖਮੀ

ਤਰਨ ਤਾਰਨ,(ਰਮਨ)—ਪ੍ਰਕਾਸ਼ ਪੁਰਬ ਮੌਕੇ ਅੱਜ ਇਕ ਨਾਬਾਲਗ ਨੌਜਵਾਨ ਵਲੋਂ ਗੰਦਕ ਪਟਾਸ ਰਾਹੀਂ ਪਟਾਕੇ ਚਲਾਉਣ ਸਮੇ ਹੋਏ ਧਮਾਕੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਦੇ ਹੱਥਾਂ ਅਤੇ ਅੱਖਾਂ ਦਾ ਬਹੁਤ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੰਭੀਰ ਰੂਪ 'ਚ ਜ਼ਖਮੀ ਨਾਬਾਲਗ ਨੂੰ ਅੰਮ੍ਰਿਤਸਰ ਦੇ ਇਕ ਮੈਡਗਾਰਡ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੇ ਇਲਾਜ ਸਬੰਧੀ ਆਪ੍ਰੇਸ਼ਨ ਦੇਰ ਸ਼ਾਮ ਤਕ ਜਾਰੀ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ ਹਰਪ੍ਰੀਤ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ ਕੋਟ ਮੁਹੰਮਦ ਖਾਂ, ਸਾਬਕਾ ਸਰਪੰਚ ਸੁਬੇਗ ਸਿੰਘ, ਮਨਜਿੰਦਰ ਸਿੰਘ, ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿੰਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਗਿਆ ਸੀ। ਇਸ ਦੌਰਾਨ ਨਗਰ ਕੀਰਤਨ ਅੱਗੇ ਕਾਫੀ ਦੂਰੀ 'ਤੇ ਸਰੂਪ ਸਿੰਘ (15) ਪੁੱਤਰ ਜਸਵੰਤ ਸਿੰਘ ਵਾਸੀ ਕੋਟ ਮੁਹੰਮਦ ਖਾਂ ਜੋ 10ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਗਰੀਬ ਘਰ ਨਾਲ ਸਬੰਧਤ ਹੈ, ਗੰਦਕ ਅਤੇ ਪਟਾਸ ਦੇ ਬਣਾਏ ਹੋਏ ਬੰਬ ਚਲਾ ਰਿਹਾ ਸੀ। ਇਸ ਦੌਰਾਨ ਉਸ ਦੇ ਹੱਥ 'ਚ ਫੜੇ ਖਤਰਨਾਕ ਪਟਾਸ ਅਤੇ ਗੰਦਕ ਦੇ ਲ਼ਿਫਾਫੇ ਤੋਂ ਬਹੁਤ ਜ਼ੋਰ ਦਾ ਧਮਾਕਾ ਹੋਣ ਨਾਲ ਉਸ ਦੇ ਦੋਹਾਂ ਹੱਥਾਂ ਦੀਆਂ ਉਗਲ਼ੀਆਂ ਲੱਥ ਗਈਆਂ ਅਤੇ ਅੱਖਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਇਸ ਗਰੀਬ ਘਰ ਦੇ ਬੱਚੇ ਨੂੰ ਉਨ੍ਹਾਂ ਵਲੋਂ ਤੁਰੰਤ ਤਰਨ-ਤਾਰਨ ਰੋਡ ਅੰਮ੍ਰਿਤਸਰ ਵਿਖੇ ਮੈਡ ਕਾਰਡ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਦੇਰ ਸ਼ਾਮ ਤਕ ਸਰੂਪ ਸਿੰਘ ਦੇ ਅਪ੍ਰਰੇਸ਼ਨ ਜਾਰੀ ਸਨ।

PunjabKesari ਉਕਤ ਪਿੰਡ ਵਾਸੀਆਂ ਨੇ ਦੱਸਿਆ ਕਿ ਸਰੂਪ ਸਿੰਘ ਦੇ ਇਲਾਜ ਲਈ ਡਾਕਟਰਾਂ ਵਲੋਂ 2 ਲੱਖ ਤੋਂ ਵੱਧ ਦਾ ਖਰਚ ਦੱਸਿਆ ਗਿਆ ਹੈ ਅਤੇ ਅੱਜ ਸਮੂਹ ਪਿੰਡ ਵਾਸੀਆਂ ਵਲੋਂ ਉਸ ਦੀ ਮਦਦ ਲਈ ਕਰੀਬ 70 ਹਜ਼ਾਰ ਰੁਪਏ ਜਮਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਅਪੀਲ ਕੀਤੀ ਕੀ ਦਾਨੀ ਸੱਜਣ ਇਸ ਗਰੀਬ ਬੱਚੇ ਦੀ ਮਦਦ ਵੱਧ ਚੜ ਕੇ ਕਰਨ ਤਾਂ ਜੋ ਉਹ ਠੀਕ ਹੋ ਸਕੇ।


Related News