ਛੁੱਟੀਆਂ ਤੇ ਹਿੱਲ-ਸਟੇਸ਼ਨ ਕਾਰਨ ਹੋਈ ਘੱਟ ਪੋਲਿੰਗ, ਹਿਮਾਚਲ ਤੇ ਹਰਿਦੁਆਰ ’ਚ ਵਧੀ ਸੈਲਾਨੀਆਂ ਦੀ ਗਿਣਤੀ

06/03/2024 2:22:32 PM

ਅੰਮ੍ਰਿਤਸਰ (ਇੰਦਰਜੀਤ)-ਲੋਕ ਸਭਾ ਚੋਣਾਂ ਦਰਮਿਆਨ ਵੋਟਰਾਂ ਦੀ ਘੱਟ ਗਿਣਤੀ ਸਭ ਤੋਂ ਵੱਡੀ ਹੈਰਾਨੀ ਦਾ ਕਾਰਨ ਬਣ ਰਹੀ ਹੈ। ਖਾਸ ਕਰ ਕੇ ਇਹ ਗਿਣਤੀ ਉਸ ਸਮੇਂ ਘੱਟ ਹੋਈ ਹੈ ਜਦੋਂ ਲੋਕ ਇਨ੍ਹਾਂ ਇਲੈਕਸ਼ਨਾਂ ਪ੍ਰਤੀ ਬੇਹੱਦ ਸੰਜੀਦਾ ਦਿਖਾਈ ਦੇ ਰਹੇ ਸਨ। ਇਸ ਤੋਂ ਵੀ ਵੱਡੀ ਗੱਲ ਹੈ ਕਿ ਇਨ੍ਹਾਂ 2024 ਚੋਣਾਂ ਦੀ ਪ੍ਰਚਾਰ ਮੁਹਿੰਮ ਦੌਰਾਨ ਵੱਡੇ ਤੋਂ ਵੱਡਾ ਆਗੂ ਆ ਕੇ ਵੱਡੀਆਂ-ਵੱਡੀਆਂ ਰੈਲੀਆਂ ਕਰ ਚੁੱਕੇ ਹਨ। ਓਧਰ ਜ਼ਿਲ੍ਹਾ ਮੁਖੀ ਵੱਲੋਂ ਵੋਟਰਾਂ ਦੀ ਗਿਣਤੀ ਨੂੰ ਵਧਾਉਣ ਲਈ ਥਾਂ-ਥਾਂ ਕੰਧਾਂ ’ਤੇ ਪੇਂਟਿੰਗ ਕੀਤੀ ਗਈ ਸੀ। ਇਸ ’ਤੇ ਲਿਖਿਆ ਸੀ ਕਿ ਪੇਂਟਿੰਗ ਨੂੰ ਮਿਟਾਉਣ ਵਾਲਿਆਂ ਨੂੰ ਜੁਰਮਾਨਾ ਤੇ ਸਜ਼ਾ ਵੀ ਹੋ ਸਕਦੀ ਹੈ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਇਸ ਵਾਰ ਡੇਢ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਚੋਣ ਕੈਂਪੇਨ ਦੌਰਾਨ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇ ਜੋ ਇਸ ਦੀ ਚਰਚਾ ਤੋਂ ਬਚਿਆ ਹੋਵੇਗਾ। ਇਸ ਦੇ ਬਾਵਜੂਦ ਵੀ ਕੁਲ ਵੋਟਰਾਂ ਦੀ ਗਿਣਤੀ ’ਚ ਅੱਧ ਵੋਟਰ ਗਾਇਬ ਰਹੇ! ਇਸ ਸਬੰਧ ’ਚ ਦਿੱਤੇ ਗਏ ਸਰਵੇਖਣ ਦੇ ਮੁਤਾਬਕ ਕੁਝ ਕੁ ਕਾਰਨ ਹੀ ਨਿਕਲੇ, ਜਿਸ ਦੇ ਕਾਰਨ ਵੋਟਿੰਗ ਬੇਹੱਦ ਘੱਟ ਰਹੀ।

ਭਿਆਨਕ ਗਰਮੀ ਬਣੀ ਇਕ ਵਜ੍ਹਾ

ਇਸ ਸਬੰਧ ’ਚ ਮੁਲਾਂਕਣ ਕਰਨ ਤੋਂ ਪਤਾ ਲੱਗਾ ਕਿ ਵੱਧ ਗਰਮੀ ਕਾਰਨ ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਦੇ ਰਹੇ। ਸ਼ਾਮ ਤੱਕ ਧੁੱਪ ਤੇਜ਼ ਰਹੀ ਤੇ ਪਾਰਾ 45 ਦੇ ਪਾਰ। ਪਿਛਲੇ ਕਾਫੀ ਦਿਨਾਂ ਤੋਂ ਮੀਂਹ ਬਿਲਕੁਲ ਨਾ ਹੋਣ ਕਾਰਨ ਤਪਸ਼ ਬੜੀ ਵੱਧ ਸੀ। ਵੱਡੀ ਗੱਲ ਹੈ ਕਿ ਨੌਜਵਾਨ ਵਰਗ ਤੱਕ ਵੀ ਗਰਮੀ ਦੇ ਕਾਰਨ ਬਾਹਰ ਨਿਕਲਣ ਨੂੰ ਤਿਆਰ ਨਹੀਂ ਸੀ।

ਇਹ ਵੀ ਪੜ੍ਹੋ-  ਲਾਹੌਰ ਦੇ ਇੱਕ ਮਹਿਲਾ ਹੋਸਟਲ ਦੇ ਵਾਸ਼ਰੂਮ 'ਚ ਗੁਪਤ ਕੈਮਰਾ ਮਿਲਣ ਤੋਂ ਬਾਅਦ ਮਚਿਆ ਹੜਕੰਪ

ਜ਼ਿਆਦਾ ਛੁੱਟੀਆਂ ਅਤੇ ਹਿੱਲ-ਸਟੇਸ਼ਨ

ਵੋਟਰਾਂ ਦੀ ਗਿਣਤੀ ਦੇ ਘੱਟ ਹੋਣ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਚੋਣਾਂ ਸ਼ਨੀਵਾਰ ਵਾਲੇ ਦਿਨ ਸੀ ਤੇ ਛੁੱਟੀ ਵੀ ਸੀ। ਇਸ ਦੇ ਉਪਰੰਤ ਐਤਵਾਰ ‘ਗਜਟਿਡ-ਹਾਲੀਡੇ’ ਹੈ। ਉੱਥੇ ਸੋਮਵਾਰ ਨੂੰ ਵੀ ਉਦਯੋਗਿਕ ਇਕਾਈਆਂ, ਕਾਰਖਾਨੇ ਅਤੇ ਇਨ੍ਹਾਂ ਨਾਲ ਸਬੰਧਤ ਛੋਟੇ-ਛੋਟੇ ਸਥਾਨਕ ਕਾਰੋਬਾਰੀ ਇਲਾਕੇ ਬੰਦ ਰਹਿੰਦੇ ਹਨ। ਓਧਰ ਕੱਪੜਾ ਮਾਰਕੀਟ ਸਮੇਤ ਇਕ ਦਰਜਨ ਤੋਂ ਵੱਧ ਅਜਿਹੇ ਕਾਰੋਬਾਰ ਹੈ, ਜਿਸ ਦੀ ਮਾਰਕੀਟ ਸੋਮਵਾਰ ਨੂੰ ਬੰਦ ਰਹਿੰਦੀ ਹੈ। ਕੁੱਲ ਮਿਲਾ ਕੇ ਖੁਸ਼ਹਾਲ ਮੰਡੀਆਂ ’ਚ ਥੋਕ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ।

ਇਸ ਕਾਰਨ ਵੱਡੀ ਗਿਣਤੀ ’ਚ ਲੋਕ ਇਨ੍ਹਾਂ ਤਿੰਨ ਛੁੱਟੀਆਂ ਦਾ ਲਾਭ ਉਠਾ ਕੇ ਹਿਲ ਸਟੇਸ਼ਨਾਂ ਵੱਲ ਚੱਲ ਨਿਕਲੇ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਤੋਂ ਮਿਲੀ ਸੂਚਨਾ ਅਨੁਸਾਰ ਵੱਡੀ ਗਿਣਤੀ ’ਚ ਪੰਜਾਬ ਦੇ ਲੋਕ ਧਰਮਸ਼ਾਲਾ, ਨੱਡੀ, ਭਾਗਸੁਨਾਗ ਅਤੇ ਮੈਕਲੋੜ-ਗੰਜ ਪੁੱਜੇ, ਉੱਥੇ ਡਲਹੌਜ਼ੀ ਅਤੇ ਮਨਾਲੀ ਦੇ ਇਲਾਕਿਆਂ ’ਚ ਵੀ ਟੂਰਿਸਟਾਂ ਦੀ ਚੰਗੀ ਰੌਣਕ ਲੱਗੀ। ਜਾਪਦਾ ਹੈ ਕਿ ਵਧੇਰੇ ਲੋਕ ਬਾਇਕਾਂ ਤੋਂ ਵੀ ਹਿਮਾਚਲ ਦੇ ਕਈ ਇਲਾਕੇ ਪੁੱਜੇ।

ਵੋਟਰਾਂ ਦੇ ਮੋਬਾਇਲ ਅਤੇ ਸੁਰੱਖਿਆ ਮੁਲਾਜ਼ਮਾਂ ਦਾ ਦੁਰਵਿਹਾਰ!

ਅੱਜ ਕੱਲ ਮੋਬਾਇਲ ਇਕ ਲਾਈਫ ਸੁਰੱਖਿਆ ਯੰਤਰ ਦਾ ਦਰਜਾ ਲੈ ਚੁੱਕਾ ਹੈ ਤੇ ਕੋਈ ਵੀ ਵਿਅਕਤੀ ਚਾਰ ਕਦਮ ਘਰੋਂ ਬਾਹਰ ਮੋਬਾਇਲ ਦੇ ਬਿਨਾਂ ਨਹੀਂ ਨਿਕਲਦਾ। ਚੋਣਾਂ ਦੇ ਦਿਨ ਪੋਲਿੰਗ ਦੇ ਸਮੇਂ ਜਦੋਂ ਵੋਟਰ ਆਪਣੇ ਘਰ ਤੋਂ ਬਾਹਰ ਨਿਕਲਦਾ ਸੀ ਤਾਂ ਉੱਥੇ ਸੁਰੱਖਿਆ ਮੁਲਾਜ਼ਮ ਨਾ ਤਾਂ ਫੋਨ ਅੰਦਰ ਲਿਜਾਣ ਦਿੰਦੇ ਸਨ ਅਤੇ ਨਾ ਹੀ ਮੋਬਾਈਲ ਨੂੰ ਬਾਹਰ ਰੱਖਣ ਦੀ ਕੋਈ ਵਿਵਸਥਾ ਸੀ। ਸੁਰੱਖਿਆ ਮੁਲਾਜ਼ਮ ਆਪਣੇ ਅੱਗੇ ਪਏ ਟੇਬਲ ’ਤੇ ਵੀ ਮੋਬਾਇਲ ਨੂੰ ਰੱਖਣ ਦੀ ਗੱਲ ਵੀ ਸਵੀਕਾਰ ਨਹੀਂ ਕਰਦੇ ਸੀ। ਇਸ ਕਾਰਨ ਸੁਰੱਖਿਆ ਮੁਲਾਜ਼ਮ ਨਾਲ ਕਈ ਲੋਕਾਂ ਦਾ ਵਾਦ-ਵਿਵਾਦ ਵੀ ਹੋਇਆ। ਪੁਲਸ ਚੌਕੀ ਦੁਰਗਿਆਨਾ ਦੇ ਨੇੜੇ ਗੋਲ ਬਾਗ ਦੇ ਪੋਲਿੰਗ ਬੂਥ ਸਮੇਤ ਨਾਰਥ ਹਲਕੇ ਦੇ ਹੋਰ ਵੋਟਰ ਕੇਂਦਰਾਂ ਦੇ ਬਾਹਰ ਵੀ ਸੁਰੱਖਿਆ ਮੁਲਾਜ਼ਮਾਂ ਦਾ ਵਿਹਾਰ ਬੇਹੱਦ ਨਿੰਦਣਨਕ ਸੀ। ਇਸੇ ਕਾਰਨ ਵੱਡੀ ਗਿਣਤੀ ’ਚ ਗੁੱਸੇ ’ਚ ਆਏ ਵੋਟਰ ਬਿਨਾਂ ਵੋਟ ਦਿੱਤੇ ਹੀ ਵਾਪਸ ਚਲੇ ਗਏ। ਸੁਰੱਖਿਆ ਮੁਲਾਜ਼ਮਾਂ ਦਾ ਵਿਹਾਰ ਇਸ ਤਰ੍ਹਾਂ ਸੀ ਕਿ ਮੰਨੋ ਇਹ ਮੁਲਾਜ਼ਮ ਵੋਟਿੰਗ ਕਰਵਾ ਕੇ ਵੋਟਰਾਂ ’ਤੇ ਅਹਿਸਾਨ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਬਾਹਰ ਦੇ ਖੇਤਰਾਂ ਤੋਂ ਆਏ ਸੁਰੱਖਿਆ ਮੁਲਾਜ਼ਮ ਵੋਟਿੰਗ ਕੇਂਦਰਾਂ ਦੇ ਸਬੰਧ ’ਚ ਬਿਲਕੁਲ ਅਣਜਾਣ ਸਾਬਤ ਹੋਏ। ਇਸੇ ਕਾਰਨ ਵੀ ਵੋਟਿੰਗ ’ਚ ਭਾਰੀ ਕਮੀ ਆਈ।

ਇਹ ਵੀ ਪੜ੍ਹੋ-  ਨਸ਼ੇ ਦੀ ਪੂਰਤੀ ਲਈ ਨਸ਼ੇੜੀਆਂ ਨੇ ਲੱਭਿਆ ਇਹ ਨਵਾਂ ਤਰੀਕਾ, ਪੂਰੀ ਖ਼ਬਰ ਪੜ੍ਹ ਉੱਡਣਗੇ ਹੋਸ਼

ਹਰਿਦੁਆਰ ਦੇ ਗੰਗਾ ਘਾਟ ਨੂੰ ਵੀ ਕੂਚ ਕੀਤੇ ਵੱਡੀ ਗਿਣਤੀ ’ਚ ਲੋਕ

ਜਾਪਦਾ ਹੈ ਕਿ ਇਨ੍ਹਾਂ ਚੋਣਾਂ ਦੇ ਦਿਨਾਂ ’ਚ ਵੱਡੀ ਗਿਣਤੀ ’ਚ ਹਰਿਦੁਆਰ ਨੂੰ ਵੀ ਟੂਰਿਸਟ ਦਰਸ਼ਨਾਂ ਤੇ ਸੈਰਗਾਹ ਲਈ ਗਏ ਹਨ। ਪਿਛਲੇ ਕਈ ਦਿਨਾਂ ਤੋਂ ਹੀ ਜੂਨ ਦੇ ਪਹਿਲੇ ਹਫਤੇ ’ਚ ਹਰਿਦੁਆਰ ’ਚ ਜਾਣ ਲਈ ਟ੍ਰੇਨਾਂ ’ਚ ਏ. ਸੀ. ਕਲਾਸ ਦੀ ਤਾਂ ਕੋਈ ਟਿਕਟ ਨਹੀਂ ਮਿਲੀ। ਹਾਲਾਂਕਿ ਇਨ੍ਹਾਂ ਦੋਵਾਂ ਰੇਲ ’ਚ ਸਫਰ ਕਰਨ ਲਈ ਹਰਿਦੁਆਰ ਦੇ ਲਈ ਨਾਨ ਏ. ਸੀ. ਦੀ ਟਿਕਟ ਜ਼ਿਆਦਾਤਰ ਮਿਲ ਜਾਂਦੀ ਹੈ ਪਰ ਹੁਣ ਤਾਂ ਇਹ ਵੀ ਪ੍ਰਾਪਤ ਨਹੀਂ ਹੋਈ। ਜਾਣਕਾਰਾਂ ਦਾ ਕਹਿਣਾ ਹੈ ਕਿ ਭਿਆਨਕ ਗਰਮੀ ’ਚ ਵੋਟ ਪਾਉਣ ਦੀ ਬਜਾਏ ਲੋਕਾਂ ਨੇ ਗੰਗਾ ਘਾਟ ’ਤੇ ਸਮਾਂ ਬਿਤਾਉਣਾ ਵਧੇਰੇ ਬਿਹਤਰ ਸਮਝਿਆ।

ਇਸ ਵਾਰ ਵੋਟਰਾਂ ਨੂੰ ਨਹੀਂ ਹੋਏ ‘ਲਾਲ-ਪਰੀ’ ਦੇ ਦਰਸ਼ਨ

ਲਾਲ-ਪਰੀ ਜਾਂ ਸ਼ਰਾਬ ਦਾ ਦਹਾਕਿਆਂ ਤੋਂ ਵੋਟਰਾਂ ਨਾਲ ਡੂੰਘਾ ਸਬੰਧ ਹੈ। ਚੋਣਾਂ ਦੇ ਸਮੇਂ ਸ਼ਰਾਬ ਵੰਡਣਾ ਇਕ ਰਿਵਾਜ਼ ਬਣ ਚੁੱਕਾ ਹੈ। ਇਹ ਕੌੜੀ ਸੱਚਾਈ ਹੈ ਕਿ ਕਈ ਵਾਰ ਅਜਿਹੇ ਉਮੀਦਵਾਰਾਂ ਨੂੰ ਵੀ ‘ਚੋਣ-ਦੌੜ’ ’ਚ ਸ਼ਰਾਬ ਵੰਡਣੀ ਪੈਂਦੀ ਹੈ ਜੋ ਖੁਦ ਸ਼ਰਾਬ ਨੂੰ ਹੱਥ ਨਹੀਂ ਲਗਾਉਂਦੇ। 77 ਸਾਲ ਦੇ ਇਤਿਹਾਸ ’ਚ ਸ਼ਾਇਦ ਹੀ ਕੋਈ ਚੋਣ ਆਈ ਹੋਵੇ ਜਿੱਥੇ ਸ਼ਰਾਬ ਦਾ ਰੁਝਾਨ ਨਾ ਹੋਇਆ ਹੋਵੇ।

ਇਹ ਵੀ ਪੜ੍ਹੋ- ਅਸਮਾਨ ਤੋਂ ਵਰ੍ਹ ਰਹੀ ਅੱਗ, ਅੱਜ ਤਿੰਨ ਡਿਗਰੀ ਤਾਪਮਾਨ ਦਾ ਹੋ ਸਕਦੈ ਵਾਧਾ, ਐਡਵਾਈਜ਼ਰੀ ਜਾਰੀ

ਇਸ ਸਬੰਧ ’ਚ ਆਬਕਾਰੀ ਵਿਭਾਗ ਅਤੇ ਪੁਲਸ ਬਲਾਂ ਨੇ ਨਾਜਾਇਜ਼ ਤੌਰ ’ਤੇ ਸ਼ਰਾਬ ਖਰੀਦਣ ਅਤੇ ਵੇਚਣ ਵਾਲਿਆਂ ’ਤੇ ਸਖਤ ਪਾਬੰਦੀ ਲਾਈ ਰੱਖੀ ਸੀ। ਅੰਮ੍ਰਿਤਸਰ ਦਿਹਾਤੀ ਦੇ ਇਲਾਕੇ ਜਿੱਥੇ ਨਾਜਾਇਜ਼ ਸ਼ਰਾਬ ਦੇ ਕਈ ਗੜ੍ਹ ਸਾਲਾਂ ਤੋਂ ਬਣੇ ਹੋਏ ਹਨ ਪਰ ਚੋਣਾਂ ਦੇ ਦਿਨਾਂ ’ਚ ਨਾਜਾਇਜ਼ ਸ਼ਰਾਬ ’ਤੇ ਪੂਰੀ ਤਰ੍ਹਾਂ ਰੋਕ ਰਹੀ। ਇੱਥੋਂ ਤੱਕ ਕਿ ਆਉਂਦੇ-ਜਾਂਦੇ ਲਗਾਤਾਰ ਚੈੱਕ ਹੁੰਦੇ ਰਹੇ। ਦੱਸਦੇ ਚੱਲੀਏ ਕਿ ਕਈ ਇਲਾਕੇ ਹਨ ਜਿੱਥੇ ਸ਼ਰਾਬ ਦੀਆਂ ਪੇਟੀਆਂ ਦੇ ਭਰੇ ਹੋਏ ਟਰੱਕ ਪਹੁੰਚਾਉਣ ਦੀ ਇਨ੍ਹਾਂ ਇਲੈਕਕਸ਼ਨ ਦੇ ਦਿਨਾਂ ’ਚ ਰਿਵਾਇਤ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ‘‘ਦਾਰੂ’’ ਦੀ ਉਡੀਕ ’ਚ ਕਈ ਇਲਾਕਿਆਂ ਦੇ ਲੋਕ ਨਾਰਾਜ਼ ਵੀ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News