ਪਿੰਡ ਬਚਾਓ, ਪੰਜਾਬ ਬਚਾਓ ਕਮੇਟੀ ਵਲੋਂ ਕੱਢਿਆ ਚੇਤਨਾ ਮਾਰਚ

08/21/2018 3:56:15 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਪੰਜਾਬ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਿੰਡ ਬਚਾਓ, ਪੰਜਾਬ ਬਚਾਓ ਕਮੇਟੀ ਦੇ ਸੂਬਾਈ ਸੰਚਾਲਕ ਗੁਰਮੀਤ ਸਿੰਘ ਥੂਹੀ ਦੀ ਅਗਵਾਈ 'ਚ ਇਨ੍ਹਾਂ ਚੋਣਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਚੇਤਨਾ ਮਾਰਚ ਅਰੰਭ ਕੀਤਾ ਗਿਆ ਹੈ। ਇਹ ਚੇਤਨਾ ਮਾਰਚਾ ਵਾਹਘਾ ਬਾਰਡਰ ਤੋਂ ਹੁੰਦਾ ਹੋਇਆ ਵੱਖ-ਵੱਖ ਪਿੰਡਾਂ 'ਚ ਪੁੱਜ ਕੇ ਲੋਕਾਂ ਨੂੰ ਪੰਚਾਇਤੀ ਚੋਣਾਂ ਸਬੰਧੀ ਜਾਗਰੂਕ ਕਰ ਰਿਹਾ ਹੈ। 
ਇਸ ਦੌਰਾਨ ਪ੍ਰਧਾਨ ਗੁਰਮੀਤ ਸਿੰਘ ਥੂਹੀ ਨੇ ਕਿਹਾ ਕਿ ਪਿੰਡਾਂ ਅੰਦਰ ਨਸ਼ਾ ਰਹਿਤ ਅਤੇ ਸਰਬ ਸੰਮਤੀ ਨਾਲ ਪੰਚਾਇਤਾਂ ਦਾ ਗਠਨ ਕੀਤਾ ਜਾਵੇ, ਪਿੰਡਾਂ ਅੰਦਰ ਭਾਈਚਾਰਕ ਸਾਂਝ ਬਹਾਲ ਰੱਖਣ ਤੇ ਔਰਤਾਂ ਦੀ ਭੂਮਿਕਾ ਨੂੰ ਲਾਜ਼ਮੀ ਕਰਨ ਲਈ 50 ਫੀਸਦੀ ਰਾਖਵਾਂਕਰਨ ਦਾ ਬਿੱਲ ਪ੍ਰਵਾਨ ਕੀਤਾ ਜਾਵੇ। ਇਸ ਦੇ ਨਾਲ ਹੀ ਗ੍ਰਾਮ ਸਭਾਵਾਂ ਦੀ ਮਹੱਤਤਾ ਜ਼ਰੂਰੀ ਬਨਾਉਣ, ਪੰਚਾਇਤੀ ਚੋਣਾਂ ਪਾਰਟੀ ਚਿੰਨ੍ਹਾਂ 'ਤੇ ਨਾ ਲੜਣ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਅਧਿਕਾਰਾਂ ਦੇ ਹੱਕ ਪ੍ਰਾਪਤ ਕਰਨ ਸਮੇਤ ਪਿੰਡਾਂ ਦੀਆਂ ਪੰਚਾਇਤਾਂ 'ਚੋਂ ਪਤੀ ਰਾਜ ਪ੍ਰਭਾਵ ਖਤਮ ਕਰਨ ਆਦਿ ਮੁੱਦਿਆਂ ਤਹਿਤ ਪਿੰਡ ਬਚਾਓ, ਪੰਜਾਬ ਬਚਾਓ ਕਮੇਟੀ ਵਲੋਂ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ (ਆਈ.ਡੀ.ਪੀ.), ਸੂਬਾ ਕਮੇਟੀ ਦੇ ਸਹਿਯੋਗ ਨਾਲ ਇਹ ਚੇਤਨਾ ਮਾਰਚ ਨਾਭਾ (ਪਟਿਆਲਾ) ਤੋਂ ਅਰੰਭ ਕਰਕੇ ਅਟਾਰੀ ਸਰਹੱਦ ਤੱਕ ਕੱਢਿਆ ਗਿਆ ਹੈ। 

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੇਤਨਾ ਮਾਰਚ ਦੇ ਵਲੰਟੀਅਰਾਂ ਵਲੋਂ ਸੂਬੇ ਦੇ ਗੰਭੀਰ ਸੰਕਟਾਂ ਜਿਵੇਂ ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਕਰ ਰਹੇ ਕਿਸਾਨ ਅਤੇ ਮਜ਼ਦੂਰਾਂ ਸਬੰਧੀ ਉਚਿਤ ਕਦਮ ਚੁੱਕਣ, ਨਸ਼ੇ ਦੀ ਗਹਿਰੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਬਚਾਉਣ, ਰੋਜ਼ੀ ਰੋਟੀ ਦੀ ਤਲਾਸ਼ ਲਈ ਵਿਦੇਸ਼ਾਂ 'ਚ ਰੁਲ ਰਹੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲਿਆਉਣ। ਉਨ੍ਹਾਂ ਲਈ ਨੌਕਰੀਆਂ ਦੇ ਪ੍ਰਬੰਧ ਕਰਨ, ਹਾਸ਼ੀਏ 'ਤੇ ਜਾ ਰਹੀ ਪਿੰਡਾਂ 'ਚ ਸਥਿਤ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ, ਸੂਬੇ ਅੰਦਰ ਗੰਭੀਰ ਹੋ ਰਹੇ ਪਾਣੀ ਦੇ ਸੰਕਟ, ਹਵਾ ਪ੍ਰਦੂਸ਼ਣ ਅਤੇ ਮਿੱਟੀ ਦੇ ਜ਼ਹਿਰੀਲੇ ਹੁੰਦੇ ਜਾ ਰਹੇ ਤੱਤਾਂ ਨੂੰ ਸ਼ੁੱਧ ਰੱਖਣ, ਕੈਂਸਰ ਅਤੇ ਕਾਲੇ ਪੀਲੀਏ ਦੇ ਸੂਬੇ ਅੰਦਰ ਵੱਧ ਰਹੇ ਪ੍ਰਕੋਪ ਨੂੰ ਰੋਕਣ ਸਮੇਤ ਪੰਜਾਬ ਦੀ ਸੱਭਿਅਤਾ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਵੀ ਲੋਕਾਂ ਨੂੰ ਪੈਂਫਲਟ ਵੰਡ ਕੇ ਲਾਮਬੱਧ ਕੀਤਾ ਜਾ ਰਿਹਾ ਹੈ। ਇਹ ਚੇਤਨਾ ਮਾਰਚ ਪੂਰੇ ਪੰਜਾਬ ਦੇ ਪਿੰਡ-ਪਿੰਡ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਤਰਲੋਚਨ ਸਿੰਘ ਸੂਲਰ, ਗੁਰਮੇਲ ਸਿੰਘ ਅੱਕਾਂਵਾਲੀ, ਫਲਜੀਤ ਸਿੰਘ, ਦਰਸ਼ਨ ਸਿੰਘ ਠਨੇਲਾ, ਸ਼ਮਸ਼ੇਰ ਸਿੰਘ ਗਿੱਦੜਬਾਹਾ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।


Related News