ਗੰਡੀਵਿੰਡ ''ਚ ਕਿਉਂ ਛੱਡਿਆ ਗਿਆ ਬੇਸਹਾਰਾ ਲੋਕਾਂ ਨੂੰ, ਬਣੀ ਬੁਝਾਰਤ

06/05/2019 4:14:44 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਬੀਤੀ ਦੇਰ ਰਾਤ ਸ਼੍ਰੋਮਣੀ ਕਮੇਟੀ ਦੀਆਂ ਅੰਮ੍ਰਿਤਸਰ ਤੋਂ ਫ੍ਰੀ ਸੇਵਾ ਵਾਲੀਆਂ ਕੁਝ ਗੱਡੀਆਂ 'ਚ ਲੱਦ ਕੇ ਲਿਆਂਦੇ ਗਏ ਬੇਸਹਾਰਾ ਸੈਂਕੜੇ ਲੋਕਾਂ ਨੂੰ ਕਸਬਾ ਗੰਡੀਵਿੰਡ ਵਿਖੇ ਸ਼ੱਕੀ ਹਲਾਤਾਂ 'ਚ ਲਵਾਰਸ ਛੱਡ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਸਾਫ ਨਹੀਂ ਹੋ ਰਿਹਾ ਕਿ ਇਨ੍ਹਾਂ ਬੇਸਹਾਰਾ ਲੋਕਾਂ ਨੂੰ ਇੱਥੇ ਕਿਉਂ ਛੱਡਿਆ ਗਿਆ ਪਰ ਪਿੰਡ ਵਾਲਿਆਂ ਦੀ ਮੰਨੀਏ ਤਾਂ ਉਨ੍ਹਾਂ ਵਲੋਂ ਵਿਰੋਧਤਾ ਤੋਂ ਬਾਅਦ ਬੇਹਸਹਾਰਾ ਲੋਕਾਂ ਨੂੰ ਇਥੋ ਵਾਪਸ ਵੀ ਲਿਜਾਣਾ ਪਿਆ ਹੈ। 

ਮਿਲੀ ਜਾਣਕਾਰੀ ਮੁਤਾਬਕ ਬੀਤੀ ਮੰਗਲਵਾਰ ਦੀ ਦੇਰ ਰਾਤ ਕਰੀਬ 12 ਵਜੇ ਸ਼੍ਰੋਮਣੀ ਕਮੇਟੀ ਦੀਆਂ ਕੁਝ ਗੱਡੀਆਂ ਵਲੋਂ ਕਸਬਾ ਗੰਡੀਵਿੰਡ ਸਥਿਤ ਬਲਜੀਤ ਸਿੰਘ ਪਟਵਾਰੀ ਦੀ ਅਟਾਰੀ ਰੋਡ 'ਤੇ ਨਵੀਂ ਮਾਰਕਿਟ ਦੇ ਬਾਹਰ ਖਾਲੀ ਜਗ੍ਹਾ 'ਤੇ ਉਤਾਰਿਆ ਜਾ ਰਿਹਾ ਸੀ ਤਾਂ ਪਿੰਡ ਦੇ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਜਿੱਥੇ ਪਹਿਲਾਂ ਹੀ ਉਕਤ ਲੋਕਾਂ ਨੂੰ ਉਤਾਰ ਕੇ ਕੁਝ ਗੱਡੀਆਂ ਵਾਲੇ ਫਰਾਰ ਹੋ ਚੁੱਕੇ ਸਨ, ਉੱਥੇ ਹੀ ਮੌਕੇ 'ਤੇ ਹੋਰ ਲੋਕਾਂ ਨੂੰ ਉਤਾਰ ਰਹੀਆਂ ਗੱਡੀਆਂ ਦੀ ਪਿੰਡ ਵਾਸੀਆਂ ਵੱਲੋਂ ਵਿਰੋਧਤਾ ਕਰਨ 'ਤੇ ਉਕਤ ਗੱਡੀਆਂ ਵਾਲਿਆਂ ਵਲੋਂ ਮਜ਼ਬੂਰੀ ਵੱਸ ਬਾਕੀ ਲੋਕਾਂ ਨੂੰ ਵਾਪਸ ਲਿਜਾਣਾ ਪਿਆ। ਇਸ ਸਬੰਧੀ ਪਿੰਡ ਗੰਡੀਵਿੰਡ ਵਾਸੀ ਇਕ ਮਾਸਟਰ ਗੁਰਪ੍ਰਤਾਪ ਸਿੰਘ ਨਾਮੀ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੌਕੇ 'ਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਵੀ ਫੋਨ 'ਤੇ ਸੂਚਿਤ ਕੀਤਾ ਗਿਆ, ਜੋ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਲੋਕ ਕੌਣ ਹਨ, ਕਿੱਥੋਂ ਦੇ ਵਸਨੀਕ ਹਨ, ਇਸ ਸਬੰਧੀ ਉਕਤ ਲੋਕ ਖੁਦ ਹੀ ਨਹੀਂ ਜਾਣਦੇ ਹਨ ਜਦ ਕਿ ਇਹ ਗੱਲ ਪਿੰਡ ਵਾਸੀਆਂ ਲਈ ਵੀ ਜਿੱਥੇ ਬੁਝਾਰਤ ਬਣੀ ਹੋਈ ਹੈ ਕਿ ਇਨ੍ਹਾਂ ਅਪਾਹਜ, ਮੰਦਬੁੱਧੀ ਅਤੇ ਬੇਸਹਾਰਾ ਲੋਕਾਂ ਨੂੰ ਇੱਥੇ ਹੀ ਕਿਉਂ ਲਵਾਰਸ ਹਾਲਤ 'ਚ ਛੱਡਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਦਬੁੱਧੀ ਅਤੇ ਅਪਹਾਜ ਉਕਤ ਬੇਸਹਾਰਾ ਲੋਕ ਉਹ ਲੋਕ ਹਨ ਜੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਦੇ ਨਜ਼ਦੀਕ ਭੀਖ ਮੰਗਦੇ ਜਾਂ ਫਿਰ ਲਵਾਰਸ ਘੁੰਮਦੇ ਰਹਿੰਦੇ ਸਨ ਅਤੇ ਰਾਤ ਸਮੇਂ ਇਹ ਲੋਕ ਗਲਿਆਰੇ ਦੀਆਂ ਸੜਕਾਂ ਅਤੇ ਫੁੱਟਪਾਥਾਂ 'ਤੇ ਹੀ ਸੌਂਦੇ ਸਨ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸਿੱਖ ਜਥੇਬੰਦੀਆਂ ਵਲੋਂ 6 ਜੂਨ ਨੂੰ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ 35ਵਾਂ ਸਮਾਗਮ ਕਰਾਇਆ ਜਾ ਰਿਹਾ ਹੈ, ਜਿਸ ਸਬੰਧੀ ਦਲ ਖਾਲਸਾ ਵਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਮੰਨਿਆਂ ਜਾ ਰਿਹਾ ਹੈ ਕਿ ਘੱਲੂਘਾਰੇ ਸਮਾਗਮ ਮੌਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਉਕਤ ਲੋਕਾਂ ਨੂੰ ਪੁਲਸ ਵਲੋਂ ਆਪਣੀ 'ਸੁਰੱਖਿਆ ਪ੍ਰਣਾਲੀ' ਨੂੰ ਸਫਲ ਬਨਾਉਣ ਲਈ ਵੀ ਰਿਡਾਰ 'ਤੇ ਲਿਆ ਹੋਇਆ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਐਡੀਸ਼ਨਲ ਮੈਨੇਜਰ ਰਜਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਨਹੀਂ ਸਗੋਂ ਪੁਲਸ ਵਲੋਂ ਉਨ੍ਹਾਂ ਦੀਆਂ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਉਣ ਜਾਣ ਵਾਲੀਆਂ ਫ੍ਰੀ ਸੇਵਾ ਵਾਲੀਆਂ ਗੱਡੀਅ ਲਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਗੱਡੀਆਂ ਕਿਸ ਕੰਮ ਲਈ ਵਰਤੀਆਂ ਗਈਆਂ ਹਨ ਇਸ ਗੱਲ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਪੁਲਸ ਕਮਿਸ਼ਨਰ ਅੰਮ੍ਰਿਤਸਰ ਐੱਸ.ਐੱਸ. ਸ੍ਰੀ ਵਾਸਤਵ ਨੇ ਅਜਿਹੇ ਕਿਸੇ ਵੀ ਮਾਮਲੇ ਨਾਲ ਪੁਲਸ ਦਾ ਕੋਈ ਲੈਣ-ਦੇਣ ਹੋਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੀ ਨਹੀਂ ਹੈ।


Baljeet Kaur

Content Editor

Related News