ਅਮਰੀਕਾ ਭੇਜਣ ਦੀ ਬਜਾਏ ਇੰਡੋਨੇਸ਼ੀਆ ਭੇਜ ਕੇ ਬਣਾਇਆ ਬੰਧਕ, 44 ਲੱਖ ਰੁਪਏ ਦੀ ਮਾਰੀ ਠੱਗੀ

Saturday, Feb 11, 2023 - 01:46 PM (IST)

ਅਮਰੀਕਾ ਭੇਜਣ ਦੀ ਬਜਾਏ ਇੰਡੋਨੇਸ਼ੀਆ ਭੇਜ ਕੇ ਬਣਾਇਆ ਬੰਧਕ, 44 ਲੱਖ ਰੁਪਏ ਦੀ ਮਾਰੀ ਠੱਗੀ

ਤਰਨਤਾਰਨ (ਰਮਨ)- ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਮਰੀਕਾ ਭੇਜਣ ਦੀ ਬਜਾਏ ਇੰਡੋਨੇਸ਼ੀਆ ਭੇਜ ਤਸੀਹੇ ਦਿੰਦੇ ਹੋਏ 44 ਲੱਖ ਰੁਪਏ ਦੀ ਠੱਗੀ ਮਾਰਨ ਦੇ ਜੁਰਮ ਹੇਠ ਪਿਓ, ਪੁੱਤਰ ਅਤੇ ਨੂੰਹ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਭੇਜੇ ਗਏ ਪੁੱਤ ਨਾਲ ਹੋਈ ਇਸ ਘਟਨਾ ਦੇ ਗਮ ’ਚ ਪਿਤਾ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ।

ਜਾਣਕਾਰੀ ਦਿੰਦੇ ਹੋਏ ਦਿਲਬਾਗ ਸਿੰਘ ਨਿਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਉਸ ਦਾ ਭਤੀਜਾ ਅਮਨਦੀਪ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਨੰਗਲ ਝੋਹਲ ਜ਼ਿਲ੍ਹਾ ਗੁਰਦਾਸਪੁਰ ਨੇ ਅਮਰੀਕਾ ’ਚ ਜਾਣ ਲਈ ਸੰਦੀਪ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਭੈਲ ਢਾਏ ਵਾਲਾ ਜ਼ਿਲ੍ਹਾ ਤਰਨਤਾਰਨ ਨਾਲ ਸੰਪਰਕ ਕੀਤਾ, ਜਿਸ ਵਲੋਂ ਉਨ੍ਹਾਂ ਨੂੰ ਅਮਰੀਕਾ ਭੇਜਣ ਸਬੰਧੀ ਕਈ ਤਰ੍ਹਾਂ ਦੇ ਸਬਜ਼ਬਾਗ ਵਿਖਾਉਣੇ ਸ਼ੁਰੂ ਕਰ ਦਿੱਤੇ ਗਏ।

ਇਹ ਵੀ ਪੜ੍ਹੋ- ਗੱਡੀ ਨਾਲ ਬੰਦ ਕੀਤਾ ਸੀ ਨਵੀਂ ਬਣ ਰਹੀ ਗਲੀ ਦਾ ਰਸਤਾ, ਤੈਸ਼ 'ਚ ਆਏ ਨੌਜਵਾਨਾਂ ਨੇ ਦਾਗੇ ਫ਼ਾਇਰ

ਦਿਲਬਾਗ ਸਿੰਘ ਨੇ ਦੱਸਿਆ ਕਿ ਜਦੋਂ ਉਸ ਦਾ ਭਤੀਜਾ ਅਮਰੀਕਾ ਜਾਣ ਸਬੰਧੀ ਦਸਤਾਵੇਜ਼ ਦੀ ਤਿਆਰੀ ਕਰ ਰਿਹਾ ਸੀ ਤਾਂ ਉਹ ਖੁਦ ਸੰਦੀਪ ਸਿੰਘ ਦੇ ਘਰ ਪਿੰਡ ਡੈਲਟਾਈ ਵਾਲਾ ਵਿਖੇ 10 ਲੱਖ ਰੁਪਏ ਦੀ ਰਾਸ਼ੀ ਐਡਵਾਂਸ ਦੇਣ ਚਲੇ ਗਏ, ਜਿੱਥੇ ਘਰ ਵਿਚ ਸੰਦੀਪ ਸਿੰਘ ਦੀ ਪਤਨੀ ਕਿਰਨਜੀਤ ਕੌਰ ਅਤੇ ਪਿਤਾ ਸਲਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਭਤੀਜੇ ਅਮਨਦੀਪ ਸਿੰਘ ਨੂੰ ਸੰਦੀਪ ਸਿੰਘ ਵਲੋਂ ਅਮਰੀਕਾ ਭੇਜਣ ਦੀ ਬਜਾਏ ਇੰਡੋਨੇਸ਼ੀਆ ਵਿਖੇ ਭੇਜ ਦਿੱਤਾ ਗਿਆ, ਜਿੱਥੇ ਉਸ ਨੂੰ ਕੁਝ ਵਿਅਕਤੀਆਂ ਵਲੋਂ ਇਕ ਕਮਰੇ ਅੰਦਰ ਬੰਧਕ ਬਣਾਉਂਦੇ ਹੋਏ ਮਾਰਕੁੱਟ ਕਰਨੀ ਸ਼ੁਰੂ ਕੀਤੀ ਗਈ।

ਦਿਲਬਾਗ ਸਿੰਘ ਨੇ ਦੱਸਿਆ ਕਿ ਉਸਦੇ ਭਤੀਜੇ ਅਮਨਦੀਪ ਸਿੰਘ ਨੂੰ ਗੰਨ ਪੁਆਇੰਟ ਉੱਪਰ ਲੈਂਦੇ ਹੋਏ ਝੂਠ ਬੋਲਣ ਲਈ ਮਜ਼ਬੂਰ ਕੀਤਾ ਗਿਆ ਕਿ ਉਹ ਅਮਰੀਕਾ ਪਹੁੰਚ ਚੁੱਕਾ ਹੈ। ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਨ੍ਹਾਂ ਦਾ ਪੁੱਤਰ ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਵਿਚ ਬੰਧਕ ਬਣਾ ਕੇ ਰੱਖਿਆ ਹੋਇਆ ਹੈ, ਜਿੱਥੇ ਉਸ ਨਾਲ ਬੇਰਹਿਮੀ ਨਾਲ ਮਾਰਕੁੱਟ ਕੀਤੀ ਜਾਂਦੀ ਸੀ, ਜਿਸ ਤੋਂ ਬਾਅਦ ਸੰਦੀਪ ਸਿੰਘ ਵੱਲੋਂ ਬਕਾਇਆ 34 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕਰ ਲਈ ਗਈ ਪਰ ਉਸ ਦੇ ਭਤੀਜੇ ਨੂੰ ਅਮਰੀਕਾ ਭੇਜਣ ਦੀ ਬਜਾਏ ਭਾਰਤ ਵਾਪਸ ਭੇਜ ਦਿੱਤਾ ਗਿਆ। ਦਿਲਬਾਗ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਕਰੀਬ ਅੱਠ ਹੋਰ ਪਰਿਵਾਰਾਂ ਨੂੰ ਕਰੋੜਾ ਰੁਪਏ ਵਸੂਲ ਦੇ ਹੋਈ ਠੱਗੀ ਦਾ ਸ਼ਿਕਾਰ ਬਣਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ 6 ਦਿਨ ਨਹੀਂ ਰੁਕਣੀਆਂ ਰੇਲਾਂ

ਦਿਲਬਾਗ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਵਿਦੇਸ਼ ’ਚ ਫ਼ਰਾਰ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਬਾਬਤ ਉਨ੍ਹਾਂ ਵਲੋਂ ਜ਼ਿਲ੍ਹੇ ਦੇ ਐੱਸ.ਐੱਸ.ਪੀ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਦੀ ਐੱਲ.ਓ.ਸੀ ਜਾਰੀ ਕੀਤੀ ਜਾਵੇ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਮਹਿੰਗਾ ਸਿੰਘ ਦੇ ਬਿਆਨਾਂ ਹੇਠ ਸੰਦੀਪ ਸਿੰਘ, ਉਸ ਦੀ ਪਤਨੀ ਕਿਰਨਜੀਤ ਕੌਰ ਅਤੇ ਪਿਤਾ ਸਲਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਭੈਲ ਢਾਏ ਵਾਲਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਗਈ ਹੈ।

 ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

 


 


author

Shivani Bassan

Content Editor

Related News