ਸਾਈਬਰ ਸੈੱਲਾਂ ’ਤੇ ਭਾਰੀ ਪੈ ਰਹੇ ਆਨਲਾਈਨ ਠੱਗੀਆਂ ਮਾਰਨ ਵਾਲੇ ਹੈਕਰ, ਹੁਣ ਇਕ ਕੁੜੀ 1 ਲੱਖ ਦੀ ਵੱਜੀ ਠੱਗੀ

Friday, Nov 17, 2023 - 11:45 AM (IST)

ਗੁਰਦਾਸਪੁਰ (ਹਰਮਨ)- ਸੂਚਨਾ ਤਕਨਾਲੋਜੀ ਦੇ ਅਜੋਕੇ ਦੌਰ ਵਿਚ ਬੈਂਕ ਖਾਤੇ ਆਨਲਾਈਨ ਹੋਣ ਅਤੇ ਪੈਸਿਆਂ ਦਾ ਆਦਾਨ ਪ੍ਰਦਾਨ ਕਈ ਤਰ੍ਹਾਂ ਦੀਆਂ ਆਨਲਾਈਨ ਸਾਈਟਾਂ ਰਾਹੀਂ ਸ਼ੁਰੂ ਹੋਣ ਨਾਲ ਹੁਣ ਲੋਕਾਂ ਨਾਲ ਠੱਗੀਆਂ ਵੱਜਣ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿੱਤਮ ਦੀ ਗੱਲ ਇਹ ਹੈ ਕਿ ਹੁਣ ਤੱਕ ਅਣਗਿਣਤ ਲੋਕਾਂ ਨਾਲ ਵੱਖ-ਵੱਖ ਤਰੀਕਿਆਂ ਨਾਲ ਠੱਗੀਆਂ ਵੱਜਣ ਦੇ ਬਾਵਜੂਦ ਨਾਂ ਤਾਂ ਪੁਲਸ ਇਸ ਜਾਅਲਸਾਜ਼ੀ ’ਤੇ ਪੂਰੀ ਤਰ੍ਹਾਂ ਰੋਕ ਲਗਾ ਸਕੀ ਹੈ ਅਤੇ ਨਾ ਹੀ ਲੋਕ ਇਸ ਬਾਰੇ ਜਾਗਰੂਕ ਹੋ ਰਹੇ ਹਨ, ਜਿਸ ਕਾਰਨ ਹੈਕਰਾਂ ਨੇ ਇਕ ਕੁੜੀ ਦਾ ਫੋਨ ਹੈਕ ਕਰ ਕੇ 1 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਕਤ ਕੁੜੀ ਨੇ ਤਾਂ ਸਮਝਦਾਰੀ ਵਰਤ ਕੇ ਆਪਣੇ ਖਾਤੇ ’ਚੋਂ ਹੋਰ ਪੈਸਿਆਂ ਦੀ ਠੱਗੀ ਵੱਜਣ ਤੋਂ ਰੋਕ ਲਈ ਪਰ ਵੱਡੀ ਤਰਾਸਦੀ ਇਹ ਹੈ ਕਿ ਜਦੋਂ ਤੱਕ ਲੋਕਾਂ ਨੂੰ ਸਾਈਬਰ ਠੱਗਾਂ ਵੱਲੋਂ ਠੱਗੀ ਮਾਰਨ ਦੇ ਕਿਸੇ ਇਕ ਤਰੀਕੇ ਬਾਰੇ ਜਾਣਕਾਰੀ ਮਿਲਦੀ ਹੈ ਤੇ ਲੋਕ ਉਸ ਤਰ੍ਹਾਂ ਦੇ ਟਰੈਪ ਵਿਚ ਨਾ ਫਸਣ ਸਬੰਧੀ ਜਾਗਰੂਕ ਹੁੰਦੇ ਹਨ, ਉਦੋਂ ਤੱਕ ਬਹੁਤ ਸਾਰੇ ਲੋਕ ਲੁੱਟ ਦਾ ਸ਼ਿਕਾਰ ਹੋ ਚੁੱਕੇ ਹਨ।

ਹੁਣ ਤੱਕ ਹੋਈਆਂ ਸਾਈਬਰ ਠੱਗੀਆਂ ਦੀ ਘੋਖ ਕਰਨ ’ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕੁਝ ਮਹੀਨੇ ਕਿਸੇ ਇਕ ਤਰੀਕੇ ਨਾਲ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਲੁੱਟਣ ਦੇ ਬਾਅਦ ਸਾਈਬਰ ਠੱਗ ਕਿਸੇ ਹੋਰ ਨਵੇਂ ਤਰੀਕੇ ਦੀ ਖੋਜ ਕਰ ਲੈਂਦੇ ਹਨ। ਪਿਛਲੇ ਸਮੇਂ ਦੌਰਾਨ ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਬੈਂਕਾਂ ਦੇ ਏ. ਟੀ. ਐੱਮ. ਬੰਦ ਹੋਣ, ਪੈੱਨ ਕਾਰਡ ਬਲਾਕ ਹੋਣ, ਬਿਜਲੀ ਦੇ ਬਿੱਲ ਬਕਾਕਿਆ ਦੱਸ ਕੇ ਮੀਟਰ ਕੱਟ ਦੇਣ ਜਾਂ ਅਜਿਹੇ ਹੋਰ ਅਨੇਕਾਂ ਤਰ੍ਹਾਂ ਦੇ ਝੂਠੇ ਤਰਕ ਦੇ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਰੁਪਇਆਂ ਦੀਆਂ ਠੱਗੀਆਂ ਮਾਰੀ ਚੁੱਕੀਆਂ ਹਨ।

PunjabKesari

ਇਹ ਵੀ ਪੜ੍ਹੋ- ਦੇਸ਼ਾਂ-ਵਿਦੇਸ਼ਾਂ ਤੋਂ ਹਰੀਕੇ ਵੈਟਲੈਂਡ ਪੁੱਜੇ ਮਹਿਮਾਨ ਪੰਛੀ, ਦਿਲ-ਖਿੱਚਵੀਆਂ ਆਵਾਜ਼ਾਂ ਨਾਲ ਆਲਾ-ਦੁਆਲਾ ਹੋਇਆ ਮਨਮੋਹਕ

ਇਸੇ ਤਰ੍ਹਾਂ ਕਈ ਵਾਰ ਸਾਈਬਰ ਠੱਗ ਵਿਦੇਸ਼ਾਂ ’ਚੋਂ ਰਿਸ਼ਤੇਦਾਰ ਬਣ ਕੇ ਇਸ ਬੇਬਾਕੀ ਨਾਲ ਫੋਨ ਕਰਦੇ ਹਨ ਕਿ ਫੋਨ ਚੁੱਕਣ ਵਾਲੇ ਵਿਅਕਤੀਆਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਕੋਈ ਅਣਜਾਣ ਵਿਅਕਤੀ ਜਾਂ ਠੱਗ ਹੋ ਸਕਦਾ ਹੈ। ਆਮ ਤੌਰ ’ਤੇ ਜਦੋਂ ਸਾਈਬਰ ਠੱਗ ਲੋਕਾਂ ਨਾਲ ਕੋਈ ਠੱਗੀ ਮਾਰਦੇ ਸਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਉਨ੍ਹਾਂ ਕੋਲੋਂ ਬੈਂਕ ਖਾਤੇ ਨਾਲ ਜੁੜੇ ਫੋਨ ਨੰਬਰ ’ਤੇ ਆਇਆ ਓ. ਟੀ. ਪੀ. ਹਾਸਲ ਕਰ ਲੈਂਦੇ ਹਨ। ਅਜਿਹੀਆਂ ਕਿਸਮ ਦੀਆਂ ਠੱਗੀਆਂ ਓ. ਟੀ. ਪੀ. ਤੋਂ ਬਿਨਾਂ ਸੰਭਵ ਨਹੀਂ ਹੁੰਦੀਆਂ ਸਨ ਪਰ ਹੁਣ ਕੁਝ ਸਮੇਂ ਤੋਂ ਸਾਈਬਰ ਠੱਗਾਂ ਨੇ ਲੋਕਾਂ ਨੂੰ ਲੁੱਟਣ ਲਈ ਇਕ ਹੋਰ ਨਵਾਂ ਤਰੀਕਾ ਵਰਤਿਆ ਜਾ ਰਿਹਾ ਹੈ, ਜਿਸ ਤਹਿਤ ਉਹ ਕਿਸੇ ਫੋਨ ’ਤੇ ਇਕ ਲਿੰਕ ਭੇਜਦੇ ਹਨ ਅਤੇ ਜਦੋਂ ਲਿੰਕ 'ਤੇ  ਕਲਿਕ ਕੀਤਾ ਜਾਂਦਾ ਹੈ ਤਾਂ ਸਾਈਬਰ ਠੱਗ ਉਸ ਫੋਨ ਨਾਲ ਸਬੰਧਤ ਸਾਰੀ ਜਾਣਕਾਰੀ ਹਾਸਲ ਕਰ ਕੇ ਫੋਨ ਨੂੰ ਹੈਕ ਕਰ ਕੇ ਸਬੰਧਤ ਬੈਂਕ ਖਾਤੇ ਖਾਲੀ ਕਰ ਦਿੰਦੇ ਹਨ।ਇਥੇ ਹੀ ਬੱਸ ਨਹੀਂ ਜਦੋਂ ਲੋਕ ਇੰਟਰਨੈੱਟ ਦੀ ਵਰਤੋਂ ਕਰ ਕੇ ਕਿਸੇ ਸਾਈਟ ’ਤੇ ਕੋਈ ਜਾਣਕਾਰੀ ਦੀ ਭਾਲ ਵਿਚ ਲੱਗੇ ਹੁੰਦੇ ਹਨ ਤਾਂ ਕਈ ਵਾਰ ਅਜਿਹੀਆਂ ਅਣ-ਅਧਿਕਾਰਤ ਸਾਈਟਾਂ ’ਤੇ ਕਲਿਕ ਕਰ ਬੈਠਦੇ ਹਨ, ਕਿ ਕੁਝ ਹੀ ਸਕਿੰਟਾਂ ਵਿਚ ਹੈਕਰ ਉਨ੍ਹਾਂ ਦੇ ਖਾਤਿਆਂ ’ਚੋਂ ਪੈਸੇ ਉਡਾ ਲੈਂਦੇ ਹਨ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, 24 ਸਾਲਾ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲ਼ੀਆਂ

ਹੁਣ ਗੁਰਦਾਸਪੁਰ ਨਾਲ ਸਬੰਧਤ ਇਕ ਕੁੜੀ ਨੇ ਦੱਸਿਆ ਕਿ ਇਕ ਦਿਨ ਉਹ ਆਪਣਾ ਕੋਰੀਅਰ ਟਰੈਕ ਕਰ ਰਹੀ ਸੀ ਕਿ ਉਸ ਨੂੰ ਇਕ ਲਿੰਕ ਮਿਲਿਆ। ਇਸ ਦੌਰਾਨ ਜਦੋਂ ਉਸ ਨੇ ਉਕਤ ਕੋਰੀਅਰ ਦਾ ਪਤਾ ਲਗਾਉਣ ਲਈ ਲਿੰਕ ’ਤੇ ਕਲਿਕ ਕੀਤਾ ਤਾਂ ਉਸ ਦੇ ਬੈਂਕ ਖਾਤੇ ’ਚੋਂ ਕਰੀਬ 1 ਲੱਖ ਰੁਪਏ ਉਡ ਗਏ। ਇਸ ਤੋਂ ਬਾਅਦ ਵੀ ਹੈਕਰ ਨੇ ਉਸ ਦੇ ਖਾਤੇ ’ਚੋਂ ਹੋਰ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ ਕੀਤੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਸਮਝ ਆ ਚੁੱਕੀ ਸੀ ਕਿ ਉਸ ਦਾ ਫੋਨ ਹੈਕ ਹੋ ਚੁੱਕਾ ਹੈ ਅਤੇ ਉਸ ਨੇ ਤੁਰੰਤ ਆਪਣੇ ਖਾਤੇ ’ਚੋਂ ਇਕ ਲੱਖ ਰੁਪਏ ਆਪਣੇ ਪਤੀ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ, ਜਿਸ ਦੇ ਬਾਅਦ ਹੈਕਰ ਉਸ ਦੇ ਖਾਤੇ ਵਿਚੋਂ ਹੋਰ ਪੈਸੇ ਨਹੀਂ ਕਢਵਾ ਸਕਿਆ, ਕਿਉਂਕਿ ਖਾਤੇ ਵਿਚ ਆਨਲਾਈਨ ਪੈਸੇ ਟਰਾਂਸਫਰ ਕਰਨ ਦੀ ਇਕ ਦਿਨ ਦੀ ਲਿਮਟ ਸਿਰਫ 2 ਲੱਖ ਰੁਪਏ ਹੀ ਸੀ। ਕੁੜੀ ਨੇ ਦੱਸਿਆ ਕਿ ਹੈਕਰ ਸਾਰਾ ਦਿਨ ਉਸ ਦੇ ਖਾਤਿਆਂ ਨੂੰ ਗੂਗਲ ਪੇਅ, ਪੇ. ਟੀ. ਐੱਮ. ਵਰਗੀਆਂ ਐਪਲੀਕੇਸ਼ਨਾਂ ਨਾਲ ਅਟੈਚ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਸ ਵੇਲੇ ਤੱਕ ਉਸ ਨੇ ਆਪਣੇ ਸਾਰੇ ਖਾਤੇ ਬਲਾਕ ਕਰਵਾ ਦਿੱਤੇ ਸਨ।

ਇਹ ਵੀ ਪੜ੍ਹੋ-  ਵਿਅਕਤੀ ਨੇ ਪਰਿਵਾਰਕ ਮੈਂਬਰਾਂ 'ਤੇ ਚਲਾਈਆਂ ਗੋਲੀਆਂ, ਪਤਨੀ, ਨੂੰਹ ਤੇ ਪੋਤੀ ਹੋਈਆਂ ਜ਼ਖ਼ਮੀ

ਬਚਾਅ ਲਈ ਕੀ ਕੀਤਾ ਜਾਵੇ?

ਸਾਈਬਰ ਮਾਹਿਰਾਂ ਅਨੁਸਾਰ ਮੋਬਾਇਲ ਜਾਂ ਈਮੇਲ ’ਤੇ ਆਉਣ ਵਾਲੇ ਆਫਰ ਦੇ ਲਿੰਕ ਦੀ ਪੂਰੀ ਤਰ੍ਹਾਂ ਘੋਖ ਪੜਤਾਲ ਕਰਨ ਦੇ ਬਾਅਦ ਹੀ ਉਸ ’ਤੇ ਕਲਿੱਕ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਅਣ-ਅਧਿਕਾਰਤ ਸਾਈਟ ਨੂੰ ਖੋਲ੍ਹਣਾ ਨਹੀਂ ਚਾਹੀਦਾ ਅਤੇ ਨਾ ਹੀ ਮੋਬਾਇਲ ਫੋਨ ਵਿਚ ਅਜਿਹੀ ਕੋਈ ਐਪਲੀਕੇਸ਼ਨ ਡਾਊਨਲੋਡ ਕਰਨੀ ਚਾਹੀਦੀ ਹੈ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਆਨਲਾਈਨ ਸ਼ਾਪਿੰਗ ਕਰਨ ਮੌਕੇ ਕਈ ਵਾਰ ਕਿਸੇ ਅਧਿਕਾਰਤ ਨਾਮਵਰ ਵੈਬਸਾਈਟ ਦੇ ਨਾਮ ਨਾਲ ਮਿਲਦੀ ਜੁਲਦੀ ਵੈਬਸਾਈਟ ਬਣਾ ਕੇ ਹੈਕਰ ਲੋਕਾਂ ਨੂੰ ਭਰਮਾ ਲੈਂਦੇ ਹਨ। ਇਸ ਲਈ ਆਨਲਾਈਨ ਸ਼ਾਪਿੰਗ ਕਰਨ ਮੌਕੇ ਵੈਬਸਾਈਟ ਦੇ ਲਿੰਕ, ਡੋਮੇਨ ਜਾਂ ਈਮੇਲ ਅਡਰੈਂਸ ਵਿੱਚ ਸਪੈਲਿੰਗ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਚਾਹੀਦੇ ਹਨ।

ਇਹ ਵੀ ਪੜ੍ਹੋ-  ਦਿਨ ਦਿਹਾੜੇ ਅਣਪਛਾਤਿਆਂ ਨੇ 21 ਸਾਲਾ ਨੌਜਵਾਨ ਨੂੰ ਮਾਰੀਆਂ ਗੋਲੀਆਂ, ਇਲਾਕੇ 'ਚ ਪਿਆ ਚੀਕ-ਚਿਹਾੜਾ

ਆਪਣੇ ਪਾਸਵਰਡ ਬਦਲਦੇ ਰਹਿਣਾ ਚਾਹੀਦਾ ਹੈ ਅਤੇ ਜਦੋਂ ਵੀ ਕੋਈ ਐੱਸ. ਐੱਮ. ਐੱਸ. ਆਉਂਦਾ ਹੈ ਅਤੇ ਉਸ ਵਿਚਲੀ ਜਾਣਕਾਰੀ ’ਤੇ ਯਕੀਨ ਕਰਨ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਉਕਤ ਮੈਸੇਜ ਕਿਸ ਨੰਬਰ ਤੋਂ ਆਇਆ ਹੈ, ਕੀ ਉਹ ਨੰਬਰ ਕਿਸੇ ਦਾ ਪ੍ਰਾਈਵੇਟ ਨੰਬਰ ਹੈ ਜਾਂ ਸਬੰਧਤ ਕੰਪਨੀ/ਬੈਂਕ ਤੋਂ ਹੀ ਮੈਸੇਜ ਆਇਆ ਹੈ। ਕਿਸੇ ਵੀ ਸੂਰਤ ਵਿਚ ਕਿਸੇ ਨੂੰ ਆਪਣੇ ਬੈਂਕ ਖਾਤੇ ਦੀ ਡੀਟੇਲ, ਓ. ਟੀ. ਪੀ. ਨਹੀਂ ਦੇਣਾ ਚਾਹੀਦਾ ਅਤੇ ਕਿਸੇ ਦੇ ਕਹਿਣ ’ਤੇ ਬੈਂਕ ਖਾਤੇ ਵਿਚ ਪੈਸੇ ਪਾਉਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News