ਰੋਕ ਦੇ ਬਾਵਜੂਦ ਚਲਾਏ ਜਾ ਰਹੇ 6 ਭੱਠਿਆਂ ਦੇ ਲਾਇਸੈਂਸ ਮੁਅੱਤਲ

12/11/2018 9:55:51 AM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ 31 ਜਨਵਰੀ 2019 ਤੱਕ ਇੱਟਾਂ ਤਿਆਰ ਕਰਨ ਵਾਲੇ ਭੱਠੇ ਬੰਦ ਰੱਖਣ ਦੀਆਂ ਕੀਤੀਆਂ ਗਈਆਂ ਹਦਾਇਤਾਂ ਦੇ ਬਾਵਜੂਦ ਚਲਾਏ ਜਾ ਰਹੇ ਭੱਠਿਆਂ ਖਿਲਾਫ ਸ਼ਿਕੰਜਾ ਕੱਸਦਿਆਂ ਪ੍ਰਸ਼ਾਸਨ ਨੇ ਜ਼ਿਲਾ ਗੁਰਦਾਸਪੁਰ ਦੇ 6 ਭੱਠਿਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਭੱਠਿਆਂ ਖਿਲਾਫ ਕਾਰਵਾਈ ਲਈ ਡਿਪਟੀ ਕਮਿਸ਼ਨਰ ਵਿਪੁੱਲ ਉਜਵਲ ਨੇ ਜ਼ਿਲਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਨੂੰ ਕਾਰਵਾਈ ਕਰਨ ਲਈ ਕਿਹਾ ਸੀ, ਜਿਸ ਤਹਿਤ 2 ਭੱਠਿਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਸਨ। ਇਸ ਦੇ ਬਾਅਦ ਹੁਣ ਮੁੜ ਜ਼ਿਲੇ ਅੰਦਰ ਕੁਝ ਭੱਠਿਆਂ ਦੇ ਚੱਲਣ ਸਬੰਧੀ ਪਤਾ ਲੱਗਣ 'ਤੇ ਜਦੋਂ ਸਬੰਧਿਤ ਅਧਿਕਾਰੀਆਂ ਨੇ ਚੈਕਿੰਗ ਕੀਤੀ ਤਾਂ 6 ਭੱਠੇ ਚੱਲਣ ਦੀ ਪੁਸ਼ਟੀ ਹੋਣ ਕਾਰਨ ਇਨਾਂ ਦੇ ਲਾਇਸੈਂਸ ਵੀ ਮੁਅੱਤਲ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਵਾਲੇ ਸਬੰਧਿਤ ਅਧਿਕਾਰੀਆਂ ਵੱਲੋਂ ਲਗਾਤਾਰ ਭੱਠਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਤੇ ਵੀ ਨਿਯਮਾਂ ਦੀ ਉਲੰਘਣਾ ਹੋਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News