ਫੂਡ ਸੇਫਟੀ ਟੀਮ ਨੇ ਚੈਕਿੰਗ ਦੌਰਾਨ ਗੱਡੀਆਂ ’ਚੋਂ ਫਡ਼ੀ ਸ਼ੱਕੀ ਮਠਿਆਈ, ਕੀਤੀ ਸੀਲ

10/17/2018 1:07:50 AM

ਪਠਾਨਕੋਟ,   (ਸ਼ਾਰਦਾ)-  ਫੂਡ ਸੇਫਟੀ ਟੀਮ ਵੱਲੋਂ ਅੱਜ ਇਥੇ ਢਾਂਗੂ ਰੋਡ ’ਤੇ ਗੱਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ  ਦੌਰਾਨ ਗੱਡੀਆਂ ਵਿਚੋਂ ਮਠਿਆਈ ਬਿਨਾਂ ਬਿੱਲਾਂ ਦੇ ਫਡ਼ੀ  ਗਈ। ਉਕਤ ਮਠਿਆਈ ਦੇ ਮਿਆਰ ਨੂੰ ਜਾਂਚਣ ਲਈ ਸੀਲ ਕਰ ਦਿੱਤਾ ਗਿਆ। ਇਸ ਟੀਮ ਦੀ ਅਗਵਾਈ ਰਾਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਅਤੇ ਸਿਮਰਤ ਕੌਰ ਫੂਡ ਸੇਫਟੀ ਅਧਿਕਾਰੀ ਕਰ ਰਹੇ ਸਨ।   ®ਜਾਣਕਾਰੀ ਦਿੰਦਿਆਂ ਰਾਜਿੰਦਰ ਪਾਲ   ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਗੱਡੀਆਂ ਜੋ ਕਿ ਜਲੰਧਰ ਤੋਂ ਪਠਾਨਕੋਟ ਆਉਂਦੀਆਂ ਹਨ, ਵਿਚ ਮਠਿਆਈ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਅੱਜ ਸਵੇਰੇ ਕਰੀਬ 4.30 ਵਜੇ ਢਾਂਗੂ ਰੋਡ ਵਿਖੇ ਨਾਕਾ ਲਾਇਆ ਗਿਆ। ਇਸ ਦੌਰਾਨ ਅਸ਼ੋਕਾ ਲੇਲੈਂਡ ਗੱਡੀ ਨੰਬਰ ਪੀ ਬੀ 05 ਵਾਈ-9366 ਅਤੇ ਟਾਟਾ 407 ਗੱਡੀ, ਜਿਸ ਦਾ ਨੰਬਰ ਪੀ ਬੀ 08 ਸੀ ਬੀ-1904 ਸੀ, ਨੂੰ ਰੋਕਿਆ ਗਿਆ। ਚੈਕਿੰਗ ਦੌਰਾਨ ਪਹਿਲੀ ਗੱਡੀ ਵਿਚੋਂ ਇਕ  ਪ੍ਰਸਿੱਧ  ਦੁਕਾਨ ਦੀ ਮਠਿਆਈ ਬਰਾਮਦ ਹੋਈ, ਜਿਸ ਵਿਚ ਇਕ ਕੁਇੰਟਲ ਬਰਫੀ ਅਤੇ ਡੇਢ ਕੁਇੰਟਲ ਬੂੰਦੀ  ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮਠਿਆਈਆਂ ਦੇ ਬਿੱਲ ਨਹੀਂ ਸਨ ਅਤੇ ਇਹ ਲੋਕਲ  ਹੀ ਵੱਖ-ਵੱਖ ਥਾਵਾਂ ’ਤੇ ਸਪਲਾਈ ਕੀਤੀਆਂ ਜਾਣੀਆਂ ਸਨ। 
ਉਨ੍ਹਾਂ ਕਿਹਾ ਕਿ ਮਠਿਆਈਆਂ ਦੀ ਕੁਆਲਿਟੀ ਠੀਕ ਨਾ ਹੋਣ ਕਾਰਨ ਅਤੇ ਬਿਨਾਂ ਬਿੱਲ ਦੇ ਹੋਣ ਕਰ ਕੇ ਸੀਲ ਕਰ ਦਿੱਤਾ ਹੈ। ਇਸੇ  ਤਰ੍ਹਾਂ ਦੂਸਰੀ ਗੱਡੀ ਵਿਚੋਂ ਚੈਕਿੰਗ ਦੌਰਾਨ  4 ਕੁਇੰਟਲ ਪੇਠਾ ਅਤੇ 10 ਕੁਇੰਟਲ ਬਰਫੀ ਫਡ਼ੀ। ਇਨ੍ਹਾਂ ਦੋਵਾਂ ਮਠਿਆਈਆਂ ਦੇ ਬਿੱਲ ਪੱਕੇ ਸਨ ਅਤੇ ਕੁਆਲਿਟੀ ਵੀ ਠੀਕ ਸੀ। ਇਨ੍ਹਾਂ ਦੇ ਵੀ ਸੈਂਪਲ ਭਰੇ ਗਏ।  ਗੱਡੀ ਵਿਚ 50 ਕਿਲੋ ਬਰਫੀ ਜੋ ਕਿ ਕਾਫੀ ਚਿੱਟੀ ਸੀ ਅਤੇ ਉਸ ਦੀ ਕੁਆਲਿਟੀ ਠੀਕ ਨਹੀਂ ਸੀ, ਨੂੰ ਵੀ ਸੀਲ ਕਰ ਦਿੱਤਾ ਗਿਆ।  ਉਨ੍ਹਾਂ ਅੱਗੇ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਫੂਡ ਲੈਬਾਰਟਰੀ ਖਰਡ਼ ਭੇਜ ਦਿੱਤਾ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਪਠਾਨਕੋਟ ਦੇ ਸਾਰੇ ਹਲਵਾਈਆਂ ਅਤੇ ਡੇਅਰੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ  ਸਾਫ-ਸੁਥਰੀਆਂ ਮਠਿਆਈਆਂ ਅਤੇ ਮਿਲਾਵਟ ਰਹਿਤ ਦੁੱਧ ਅਤੇ ਦੁੱਧ ਤੋਂ ਬਣੇ ਸ਼ੁੱਧ ਪਦਾਰਥ ਹੀ ਵੇਚੇ ਜਾਣ।
 


Related News