ਕਿਸਾਨਾਂ, ਮਜ਼ਦੂਰਾਂ ਨੇ ਮੋਦੀ ਅਤੇ ਕੈਪਟਨ ਸਰਕਾਰ ਦਾ ਸਾੜਿਆ ਪੁਤਲਾ

06/17/2020 11:57:25 AM

ਤਰਨਤਾਰਨ, (ਰਾਜੂ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਘੀ ਢਾਂਚੇ ਦਾ ਕੇਂਦਰੀਕਰਨ ਤੇ ਖੇਤੀ ਮੰਡੀ ਢਾਂਚਾ ਤੋਡ਼ ਕੇ ਨਿੱਜੀਕਰਨ ਰਾਹੀਂ ਖੇਤੀ ਪ੍ਰਬੰਧ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਲਈ ਪਾਸ ਕੀਤੇ ਤਿੰਨੇ ਆਰਡੀਨੈਂਸ 2020, ਬਿਜਲੀ ਸੋਧ ਬਿੱਲ 2020 ਅਤੇ ਤੇਲ ਪਦਾਰਥਾਂ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੈਂਕਡ਼ੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਅੱਜ 10 ਜ਼ਿਲਿਆਂ 84 ਪਿੰਡਾਂ ਵਿਚ ਅਕਾਲੀ ਭਾਜਪਾ ਗਠਜੋਡ਼ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜਾਹਰੇ ਕਰਦਿਆਂ ਪੁਤਲੇ ਫੂਕੇ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਦੋ ਟੁੱਕ ਲਹਿਜ਼ੇ ਵਿਚ ਕਿਹਾ ਕਿ 22 ਜੂਨ ਨੂੰ ਸੂਬਾ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਅੰਮ੍ਰਿਤਸਰ ਵਿਖੇ ਸੱਦ ਲਈ ਗਈ ਹੈ, ਜਿਸ ਵਿਚ ਮੋਦੀ ਸਰਕਾਰ (ਅਕਾਲੀ ਭਾਜਪਾ ਗਠਜੋਡ਼) ਤੇ ਕੈਪਟਨ ਸਰਕਾਰ ਵਿਰੁੱਧ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਕਿਸਾਨ ਆਗੂਆਂ ਨੇ ਪੰਜਾਬ ਦੇ ਬਹਾਦਰ ਕਿਰਤੀ ਕਾਮਿਆਂ ਨੂੰ ਤਿੱਖੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ। ਇਸ ਨਿੱਜੀਕਰਨ ਦੇ ਚਲਾਏ ਜਾ ਰਹੇ ਕੁਹਾਡ਼ੇ ਨਾਲ ਤੇਲ ਪਦਾਰਥਾਂ ਦੀਆਂ ਕੀਮਤਾਂ ਕੰਟਰੋਲ ਤੋਂ ਬਾਹਰ ਹੋ ਚੁੱਕੀਆਂ ਹਨ ਤੇ ਨਿੱਜੀ ਹਸਪਤਾਲ ਤੇ ਸਕੂਲ ਪ੍ਰਬੰਧਕ ਲੋਕਾਂ ਨਾਲ ਬੁੱਚਡ਼ਾਂ ਦੀ ਤਰ੍ਹਾਂ ਵਰਤਾਉ ਕਰ ਰਹੇ ਹਨ। ਦੇਸ਼ ਦੇ 75% ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਖੇਤੀ ਕਿੱਤਾ ਜੋ ਦੇਸ਼ ਦੇ ਅਰਥਚਾਰੇ ਦੀ ਧੁਰੀ ਹੈ, ਨੂੰ ਕਾਰਪੋਰੇਟ ਬਘਿਆਡ਼ਾਂ ਅੱਗੇ ਹੱਥ ਪੈਰ ਬੰਨ੍ਹ ਕੇ ਸੁੱਟ ਦਿੱਤਾ ਗਿਆ ਹੈ ਅਤੇ ਇਨ੍ਹਾਂ ਆਰਡੀਨੈਂਸਾਂ ਨਾਲ ਜਿੱਥੇ ਕਿਸਾਨਾਂ ਦਾ ਕਿੱਤਾ ਬਰਬਾਦ ਹੋ ਜਾਵੇਗਾ ਉਥੇ ਹੀ ਕਿਸਾਨਾਂ ਦੀ ਜ਼ਮੀਨ ਵੀ ਖੁੱਸ ਜਾਵੇਗੀ। ਉਨਾਂ ਕਿਹਾ ਕਿ ਮੋਦੀ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ਹਰਬਿੰਦਰ ਸਿੰਘ ਕੰਗ, ਦਿਲਬਾਗ ਸਿੰਘ ਪਹੂਵਿੰਡ, ਰਣਜੀਤ ਸਿੰਘ ਕਲੇਰਬਾਲਾ, ਸਕੱਤਰ ਸਿੰਘ ਕੋਟਲਾ, ਸੁਖਦੇਵ ਸਿੰਘ ਅੱਲਡ਼ਪਿੰਡੀ, ਕੁਲਬੀਰ ਸਿੰਘ ਕਾਹਲੋਂ, ਸਰਵਣ ਸਿੰਘ ਬਾਉਪੁਰ, ਸੁਰਿੰਦਰ ਸਿੰਘ ਫਾਜ਼ਿਲਕਾ, ਪ੍ਰਮਜੀਤ ਸਿੰਘ ਲੋਹਗਡ਼, ਹਰਬੰਸ ਸਿੰਘ ਸ਼ਾਹਵਾਲਾ, ਮੇਜਰ ਸਿੰਘ ਗਜਨੀਵਾਲ, ਮੰਗਲ ਸਿੰਘ ਸਵਾਈਕੇ, ਸੁਖਵਿੰਦਰ ਸਿੰਘ ਬੁਰਜ ਆਦਿ ਹਾਜ਼ਰ ਸਨ।


Deepak Kumar

Content Editor

Related News