ਹਸਪਤਾਲ ਵੱਲੋਂ ਪੈਸੇ ਮੰਗਣ ''ਤੇ ਪਰਿਵਾਰ ਨੇ ਜ਼ਬਰਦਸਤੀ ਚੁੱਕਿਆ ਬੱਚਾ, ਹੋਇਆ ਝਗੜਾ

06/04/2022 12:49:37 AM

ਅੰਮ੍ਰਿਤਸਰ (ਜਸ਼ਨ) : ਸੰਨ੍ਹ ਸਾਹਿਬ ਰੋਡ 'ਤੇ ਸਥਿਤ ਹਸਪਤਾਲ ਤੋਂ ਇਕ ਪਰਿਵਾਰ ਵੱਲੋਂ ਹਸਪਤਾਲ ਨੂੰ ਪੈਸੇ ਨਾ ਦੇਣ 'ਤੇ ਬੱਚਾ ਜ਼ਬਰਦਸਤੀ ਚੁੱਕ ਕੇ ਭੱਜਣ 'ਤੇ ਪਿੱਛਾ ਕਰਨ ਵਾਲੇ ਡਾਕਟਰ ਨੂੰ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੰਨੂ ਅਰੋੜਾ ਹਸਪਤਾਲ ਦੇ ਡਾ. ਰਿਸ਼ੀ ਅਰੋੜਾ ਨੇ ਦੱਸਿਆ ਕਿ 5 ਦਿਨ ਪਹਿਲਾਂ ਉਨ੍ਹਾਂ ਦੇ ਹਸਪਤਾਲ 'ਚ ਸਰਾਏ ਅਮਾਨਤ ਖਾਂ ਦੇ ਵਸਨੀਕ ਰਾਜਵਿੰਦਰ ਸਿੰਘ ਨੇ ਆਪਣੇ ਡੇਢ ਸਾਲ ਦੇ ਬੱਚੇ ਨੂੰ ਦੌਰੇ ਪੈਣ ਕਾਰਨ ਉਨ੍ਹਾਂ ਦੇ ਹਸਪਤਾਲ 'ਚ ਦਾਖਲ ਕਰਵਾਇਆ ਸੀ। ਅੱਜ ਉਕਤ ਪਰਿਵਾਰ ਨੇ ਆਪਣੀ ਮਰਜ਼ੀ ਨਾਲ ਆਪਣੇ ਦਸਤਖਤ ਕਰਨ ਤੋਂ ਬਾਅਦ ਬੱਚੇ ਦੀ ਹਸਪਤਾਲ ਤੋਂ ਛੁੱਟੀ ਲੈ ਲਈ, ਜਦ ਹਸਪਤਾਲ ਵੱਲੋਂ ਉਕਤ ਪਰਿਵਾਰ ਨੂੰ ਬਣਦੀ ਰਕਮ 28 ਹਜ਼ਾਰ 500 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਟਾਫ ਨਾਲ ਗਾਲੀ-ਗਲੋਚ ਤੇ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਮੋਗਾ ਦੇ ਕਸਬਾ ਬੱਧਨੀ ਕਲਾਂ 'ਚ ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਲ਼ਾ

ਡਾ. ਰਿਸ਼ੀ ਅਰੋੜਾ ਨੇ ਦੱਸਿਆ ਕਿ ਇਸੇ ਹੁੱਲੜਬਾਜ਼ੀ ਦੌਰਾਨ ਰਾਜਵਿੰਦਰ ਸਿੰਘ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਜ਼ਬਰਦਸਤੀ ਆਪਣੇ ਬੱਚੇ ਨੂੰ ਉਥੋਂ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਨ੍ਹਾਂ ਦੇ ਮੈਡੀਕਲ ਅਫਸਰ ਸਾਹਿਲ ਨੇ ਵੇਖ ਲਿਆ ਤੇ ਹਸਪਤਾਲ ਦੇ ਸਟਾਫ ਅੰਕੁਸ਼ ਨਾਲ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰਾਜਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੇ ਮੈਡੀਕਲ ਅਫਸਰ ਸਾਹਿਲ ਤੇ ਸਟਾਫ ਮੈਂਬਰ ਅੰਕੁਸ਼ ਨੂੰ ਮੋਟਰਸਾਈਕਲ ਤੋਂ ਸੁੱਟ ਕੇ ਕੁੱਟਮਾਰ ਕੀਤੀ। ਮੈਡੀਕਲ ਅਫਸਰ ਸਾਹਿਲ ਦੇ ਗੰਭੀਰ ਸੱਟਾਂ ਲੱਗੀਆਂ, ਜਦਕਿ ਅੰਕੁਸ਼ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ

ਇਸ ਸਬੰਧੀ ਜਦ ਏ.ਐੱਸ.ਆਈ. ਸਕੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਪਰਿਵਾਰ ਤੇ ਡਾਕਟਰ ਵਿਚਾਲੇ ਪੈਸਿਆਂ ਦੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਰਾਜਵਿੰਦਰ ਸਿੰਘ ਆਪਣੇ ਬੱਚੇ ਨੂੰ ਚੁੱਕ ਕੇ ਲੈ ਗਿਆ ਤੇ ਝਗੜਾ ਵੱਧ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਸਾਂਝਾ ਪੰਥਕ ਉਮੀਦਵਾਰ ਖੜ੍ਹਾ ਕਰਨ ਸਬੰਧੀ ਸਿਮਰਨਜੀਤ ਮਾਨ ਨੂੰ ਮਿਲੇ ਸੁਖਬੀਰ ਬਾਦਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News