ਪੁਲਸ ’ਤੇ ਝੂਠਾ ਪਰਚਾ ਖਾਰਜ ਨਾ ਕਰਨ ਤੇ ਦੋਸ਼ੀਅਾਂ ਨੂੰ ਬਚਾਉਣ ਦੇ ਲਾਏ ਗੰਭੀਰ ਦੋਸ਼

Tuesday, Sep 04, 2018 - 04:00 AM (IST)

ਵੈਰੋਵਾਲ,  (ਗਿੱਲ)-  ਕਾਂਗਰਸ ਪਾਰਟੀ ਨਾਲ ਸਬੰਧਤ ਭੁਪਿੰਦਰ ਸਿੰਘ ਕੰਡਾ ਵਾਸੀ ਮੀਆਂਵਿੰਡ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ  ਨੇ ਥਾਣਾ ਵੈਰੋਵਾਲ ਦੀ ਪੁਲਸ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਪੱਤਰਕਾਰਾਂ ਨੂੰ ਵੱਖ-ਵੱਖ ਲਿਖਤੀ ਦਰਖਾਸਤਾਂ ਅਤੇ ਰਿਪੋਰਟਾਂ ਦਿਖਾਉਂਦੇ  ਦੱਸਿਆ ਕਿ ਸਾਡੇ ਵੱਲੋਂ ਫਲੋਰ ਮਿੱਲ ਨੂੰ ਲੈ ਕੇ ਪਹਿਲਾਂ ਤੋਂ ਹੀ ਵੱਖ-ਵੱਖ ਮਹਿਕਮਿਅਾਂ ਨੂੰ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਸਨ, ਜਿਸਦੀ ਰੰਜਿਸ਼ ਤਹਿਤ ਜੂਨ 2015 ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਅਕਾਲੀ ਆਗੂ ਦੀ ਸ਼ਹਿ ਉੱਤੇ  ਮੇਰੇ ਲਡ਼ਕੇ ਜੁਗਰਾਜ ਸਿੰਘ ਅਤੇ ਮੇਰੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਅਤੇ  ਸਾਡੇ ਬਚਾਅ ਲਈ ਆਏ ਮੇਰੇ ਲਡ਼ਕੇ ਅਜ਼ਾਦਵਿੰਦਰ ਸਿੰਘ ਨੂੰ ਵੀ ਬੁਰੀ ਤਰ੍ਹਾਂ ਸੱਟਾਂ ਮਾਰੀਆਂ ਸਨ । ਸਾਡੀ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਵੀ ਪੁਲਸ ਵੱਲੋਂ ਅਕਾਲੀ ਸਰਕਾਰ ਦੇ ਕੁਝ ਆਗੂਆਂ ਦਾ ਦਬਦਬਾ ਹੋਣ ਕਰ ਕੇ ਪਰਚਾ ਦਰਜ ਨਹੀਂ ਕੀਤਾ ਗਿਆ ਸੀ  ਸਗੋਂ ਸਾਡੇ ਉੱਤੇ ਹੀ ਉਲਟਾ ਪਰਚਾ 26 ਜੂਨ 2015 ਨੂੰ ਵੈਰੋਵਾਲ ਦੀ ਪੁਲਸ ਨੇ ਦਰਜ ਕਰ ਦਿੱਤਾ, ਜਿਸ ਉਪਰੰਤ ਅਸੀਂ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਮਾਣਯੋਗ ਅਦਾਲਤ ਦਾ ਸਹਾਰਾ ਲਿਆ, ਜਿਸ ਤੋਂ ਬਾਅਦ ਆਖਰ ਪੁਲਸ ਵੱਲੋਂ ਦੂਜੀ ਧਿਰ ਉਪਰ ਕਰਾਸ ਪਰਚਾ ਕਰਜ ਕੀਤਾ ਗਿਅਾ। ਕਾਂਗਰਸ ਦੀ ਸਰਕਾਰ ਆਉਣ ’ਤੇ ਮੁੱਖ ਮੰਤਰੀ ਵੱਲੋਂ ਝੂਠੇ ਪਰਚਿਆਂ ਸਬੰਧੀ ਬਣਾਏ ਕਮਿਸ਼ਨ ਕੋਲ ਅਸੀਂ ਦਰਖਾਸਤ ਦਿੱਤੀ, ਜਿਸ  ’ਤੇ ਕਾਰਵਾਈ ਕਰਦੇ ਜਸਟਿਸ ਮਹਿਤਾਬ ਸਿੰਘ ਗਿੱਲ ਵੱਲੋਂ 20 ਜੂਨ 2017 ਨੂੰ ਸਾਡੇ ਉੱਤੇ ਹੋਏ ਪਰਚੇ ਨੂੰ ਝੂਠਾ ਦੱਸਦੇ ਹੋਏ ਖਾਰਜ ਕਰਨ ਲਈ ਥਾਣਾ ਵੈਰੋਵਾਲ ਨੂੰ ਰਿਪੋਰਟ ਭੇਜ ਕੇ ਲਿਖਿਆ ਗਿਆ ਅਤੇ ਡੀ.ਜੀ.ਪੀ ਪੰਜਾਬ ਵਲੋਂ ਵੀ 4 ਮਈ 2018 ਨੂੰ ਫਿਰ ਵੈਰੋਵਾਲ ਪੁਲਸ ਨੂੰ ਇਸ ਕੇਸ ਨੂੰ ਖਾਰਜ ਕਰਨ ਲਈ ਲਿਖਿਆ ਗਿਆ । ਇਸਦੇ ਬਾਵਜੂਦ ਵੀ ਵੈਰੋਵਾਲ ਦੀ ਪੁਲਸ  ਨੇ ਅੱਜ  ਤੱਕ ਸਾਡੇ ਉੱਤੇ ਹੋਏ ਪਰਚੇ ਨੂੰ ਖਾਰਜ ਨਹੀਂ ਕੀਤਾ  ਅਤੇ ਨਾ ਹੀ ਸਾਡੇ ਵਲੋਂ ਕਰਵਾਏ ਪਰਚੇ ਵਿਚ ਦੋਸ਼ੀਅਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜੋ ਪੁਲਸ ਵਲੋਂ ਸਾਡੇ ਨਾਲ ਸ਼ਰੇਆਮ ਕੀਤੀ ਜਾ ਰਹੀ ਧੱਕੇਸ਼ਾਹੀ ਦਾ  ਸਬੂਤ ਹੈ । ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਸ ਦੇ ਉੱਚ ਅਧਿਕਾਰੀਅਾਂ ਕੋਲੋਂ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਵਾਲੇ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਥਾਣਾ ਵੈਰੋਵਾਲ ਦੇ ਐੱਸ. ਐੱਚ. ਓ. ਗੁਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ  ਦੋਵਾਂ ਧਿਰਾਂ ਉੱਤੇ ਕਰਾਸ ਕੇਸ ਦਰਜ ਹੈ ਅਤੇ ਜੋ ਕਮਿਸ਼ਨ ਅਤੇ ਹੋਰ ਰਿਪੋਟਰਾਂ ਦੀ ਗੱਲ ਹੈ ਅਸੀਂ ਅਦਾਲਤ ਵਿਚ 2 ਤਿੰਨ ਵਾਰ ਪੇਸ਼ ਕਰ ਚੁੱਕੇ ਹਾਂ ਇਸ ਬਾਰੇ ਜੋ ਵੀ ਫੈਸਲਾ ਮਾਣਯੋਗ ਅਦਾਲਤ ਵਲੋਂ ਆਵੇਗਾ ਉਸ’ਤੇ ਕਾਰਵਾਈ ਕਰ ਦਿੱਤੀ ਜਾਵੇਗੀ।
 


Related News