ਸੱਕੀ ਨਾਲੇ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ
Tuesday, Sep 25, 2018 - 02:23 AM (IST)

ਅਜਨਾਲਾ, (ਬਾਠ)- ਸ਼ਹਿਰ ’ਚ ਭਾਰੀ ਵਰਖਾ ਕਾਰਨ ਸੱਕੀ ਨਾਲੇ ਦੇ ਪਾਣੀ ਦਾ ਪੱਧਰ ਉੱਚਾ ਚੁੱਕੇ ਜਾਣ ਅਤੇ ਤੇਜ਼ ਵਹਾਅ ਹੋਣ ਦੇ ਮੱਦੇਨਜ਼ਰ ਸੱਕੀ ਨਾਲੇ ਦੇ ਕੰਢੇ ਧੁੱਸੀ ਬੰਨ੍ਹ ਨੇਡ਼ੇ ਗੁੱਜਰਾਂ ਦੀਆਂ ਰਿਹਾਇਸ਼ੀ ਝੁੱਗੀਆਂ ਨੂੰ ਭਾਰੀ ਨੁਕਸਾਨ ਪੁੱਜਣ ਦੀ ਸੂਚਨਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 5 ਗੁੱਜਰਾਂ ਦੀਆਂ ਝੁੱਗੀਆਂ ’ਚੋਂ 2 ਝੁੱਗੀਆਂ, 6 ਕੱਟੀਆਂ ਤੇ ਹੋਰ ਜ਼ਰੂਰੀ ਸਾਮਾਨ ਪਾਣੀ ਦੀ ਭੇਟਾ ਚਡ਼੍ਹਨ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਸੱਟ ਝਲਣੀ ਪਈ। ਮੌਕੇ ’ਤੇ ਸਰਵੇ ਦੌਰਾਨ ਗੁੱਜਰ ਪਰਿਵਾਰਾਂ ਦੇ ਮੁਖੀ ਫਿਰੋਜ਼ ਖਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਲਾਂਬੱਧੀ ਇਥੇ ਆਪਣੀਆਂ ਝੁੱਗੀਆਂ ’ਚ ਰਹਿ ਰਹੇ ਹਨ ਅਤੇ ਬੀਤੀ ਅੱਧੀ ਰਾਤ ਨੂੰ ਸੱਕੀ ਨਾਲੇ ਦੇ ਪਾਣੀ ’ਚ ਹਡ਼੍ਹ ਆਉਣ ਕਾਰਨ ਪਾਣੀ ਝੁੱਗੀਆਂ ’ਚ ਆ ਵਡ਼ਿਆ। ਬਡ਼ੀ ਮੁਸ਼ਕਿਲ ਨਾਲ ਬਾਲ ਪਰਿਵਾਰ ਤੇ ਆਪਣੇ ਮਾਲ ਡੰਗਰ ਸਮੇਤ ਜਦੋਂ ਉਹ ਉੱਚੀ ਸੁਰੱਖਿਅਤ ਥਾਂ ’ਤੇ ਸਾਮਾਨ ਦੀ ਢੋਆ -ਢੁਆਈ ਕਰ ਰਹੇ ਸਨ ਤਾਂ ਉਨ੍ਹਾਂ ਦੇ ਵੇਖਦਿਆਂ ਹੀ ਗੋਲੀ ਵਾਂਗ ਪਾਣੀ ਦੇ ਤੇਜ਼ ਵਹਾਅ ’ਚ ਮੱਝਾਂ ਦੀਆਂ 6 ਕੱਟੀਆਂ, 2 ਝੁੱਗੀਆਂ ਤੇ ਹੋਰ ਸਾਮਾਨ ਜਿਥੇ ਵਹਿ ਗਿਆ, ਉੁਥੇ ਉਨ੍ਹਾਂ ਕੋਲੋਂ ਪਾਣੀ ’ਚ ਫਸੇ ਟਰੈਕਟਰ -ਟਰਾਲੀ ਨੂੰ ਵੀ ਨਹੀਂ ਕੱਢਿਆ ਜਾ ਸਕਿਆ।
ਜ਼ਿਕਰਯੋਗ ਹੈ ਕਿ ਇਹ ਸੱਕੀ ਨਾਲਾ ਗੁਰਦਾਸਪੁਰ ਜ਼ਿਲੇ ’ਚੋਂ ਨਿਕਲ ਕੇ ਤਹਿਸੀਲ ਅਜਨਾਲਾ ਦੇ ਕਸਬਾ ਰਮਦਾਸ ਨੇਡ਼ੇ ਦਾਖਲ ਹੁੰਦਾ ਹੈ ਅਤੇ ਤਹਿਸੀਲ ਅਜਨਾਲਾ ਦੇ ਪਿੰਡ ਲੋਧੀਗੁੱਜਰ ’ਚ ਰਾਵੀ ਦਰਿਆ ’ਚ ਜਾ ਡਿੱਗਦਾ ਹੈ। ਪ੍ਰਭਾਵਿਤ ਗੁੱਜਰ ਪਰਿਵਾਰਾਂ ਨੇ ਪ੍ਰਸ਼ਾਸਨ ਕੋਲੋਂ ਉੱਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।