ਕੋਰੋਨਾ ਪਾਜ਼ੇਟਿਵ ਕੇਸਾਂ ’ਚ ਕਮੀ ਤੋਂ ਬਾਅਦ ਸਿਹਤ ਸੇਵਾਵਾਂ ਦੀ ਗੱਡੀ ਮੁੜ ਲੀਹ ’ਤੇ ਆਈ
Tuesday, Mar 29, 2022 - 05:33 PM (IST)
ਅੰਮ੍ਰਿਤਸਰ (ਦਲਜੀਤ) : ਸਰਕਾਰੀ ਹਸਪਤਾਲਾਂ 'ਚ ਜਿੱਥੇ ਮਰੀਜ਼ ਆਪਣਾ ਇਲਾਜ ਕਰਵਾਉਣ ਤੋਂ ਟਾਲਾ ਵੱਟਦੇ ਸਨ, ਅੱਜ ਉਨ੍ਹਾਂ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਲੈਣ ਲਈ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਸਿਹਤ ਵਿਭਾਗ ਵੀ ਮਰੀਜ਼ਾਂ ਦੀ ਸੇਵਾ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਪਿਛਲੇ 15 ਦਿਨਾਂ ਵਿਚ ਸਰਕਾਰੀ ਹਸਪਤਾਲਾਂ 'ਚ ਓ. ਪੀ. ਡੀਜ਼ ਅਤੇ ਆਈ. ਪੀ. ਡੀਜ਼ ਦੀ ਗਿਣਤੀ ਦੁੱਗਣੀ ਹੋ ਗਈ ਹੈ। ਵਿਭਾਗ ਦੇ ਅਧਿਕਾਰੀ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖ ਕੇ ਖੁਸ਼ ਹੋ ਰਹੇ ਹਨ ਅਤੇ ਆਪਣੀ ਕਾਰਜਸ਼ੈਲੀ ਵਿਚ ਹੋਰ ਸੁਧਾਰ ਲਿਆਉਣ ਲਈ ਯਤਨ ਕਰ ਰਹੇ ਹਨ।
ਇਹ ਵੀ ਪੜ੍ਹੋ : RBI ਵੱਲੋਂ ਹਾੜ੍ਹੀ ਮੰਡੀਕਰਨ ਸੀਜ਼ਨ-2022 ਵਾਸਤੇ ਪੰਜਾਬ ਲਈ 24773.11 ਕਰੋੜ ਦਾ ਕਰਜ਼ਾ ਮਨਜ਼ੂਰ
ਜਾਣਕਾਰੀ ਅਨੁਸਾਰ ਕੋਰੋਨਾ ਦੇ ਮੱਦੇਨਜ਼ਰ ਸਰਕਾਰੀ ਹਸਪਤਾਲਾਂ ਦੀ ਓ. ਪੀ. ਡੀ. ਬੰਦ ਕਰ ਦਿੱਤੀ ਗਈ ਸੀ ਪਰ ਜਦੋਂ ਤੋਂ ਕੋਰੋਨਾ ਦਾ ਪ੍ਰਭਾਵ ਜ਼ਿਲ੍ਹੇ 'ਚ ਘਟਿਆ ਹੈ, ਉਦੋਂ ਤੋਂ ਹੀ ਮਰੀਜ਼ਾਂ ਦੀ ਗਿਣਤੀ ਓ. ਪੀ. ਡੀ. ਵਿਚ ਬਹੁਤ ਘੱਟ ਰਹਿ ਗਈ ਸੀ। ਸਿਹਤ ਵਿਭਾਗ ਦੀਆਂ ਸਮੂਹ ਟੀਮਾਂ ਕੋਰੋਨਾ ਤੋਂ ਸੈਂਪਲਿੰਗ ਅਤੇ ਟੀਕਾਕਰਨ ’ਤੇ ਜ਼ੋਰ ਦੇ ਰਹੀਆਂ ਸਨ ਪਰ ਹੁਣ ਕੋਰੋਨਾ ਦੇ ਕੁਝ ਕੁ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਫਿਰ ਤੋਂ ਸਰਕਾਰੀ ਸਿਹਤ ਸੇਵਾਵਾਂ ਦੀ ਗੱਡੀ ਮੁੜ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਓ. ਪੀ. ਡੀ. ਦੀ ਗਿਣਤੀ ਦੁੱਗਣੀ ਹੋ ਗਈ ਹੈ। ਸਿਹਤ ਸੇਵਾਵਾਂ ਲੈਣ ਲਈ ਹਰ ਸਮੇਂ ਹਸਪਤਾਲਾਂ 'ਚ ਮਰੀਜ਼ ਲਾਈਨਾਂ ਵਿਚ ਲੱਗੇ ਵਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : ਮੋਗਾ-ਅੰਮ੍ਰਿਤਸਰ ਰੋਡ 'ਤੇ ਅੱਜ ਵੀ 'ਸਾਡਾ ਚੰਨੀ, ਸਾਡਾ CM' ਦਾ ਲੱਗਾ ਬੋਰਡ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਕੋਰੋਨਾ ਕੇਸ ਘੱਟ ਰਹੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਵੀ ਨਾਂਹ ਦੇ ਬਰਾਬਰ ਹੈ। ਅਜਿਹੇ 'ਚ ਹੋਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਵਿਚ ਵਾਧਾ ਹੋਇਆ ਹੈ। ਹੁਣ ਰੁਟੀਨ ਦੀਆਂ ਸਿਹਤ ਸੇਵਾਵਾਂ ਨੂੰ ਗਤੀਸ਼ੀਲ ਕੀਤਾ ਗਿਆ ਹੈ। ਗਾਇਨੀਕੋਲੋਜੀ, ਸਰਜਰੀ, ਮੈਡੀਸਨ, ਆਰਥੋ ਵਿਭਾਗਾਂ ਵਿਚ ਮਰੀਜ਼ਾਂ ਦੇ ਆਪ੍ਰੇਸ਼ਨ ਅਤੇ ਸਾਧਾਰਣ ਪ੍ਰਕਿਰਿਆਵਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਕ ਮਹੀਨੇ ਵਿਚ 100 ਤੋਂ ਵੱਧ ਲੋਕਾਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ। ਸਾਰੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਸਪਤਾਲਾਂ ਵਿਚ ਮੌਜੂਦ ਦਵਾਈਆਂ ਮਰੀਜ਼ਾਂ ਨੂੰ ਮੁਹੱਈਆ ਕਰਵਾਉਣ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਪਹਿਲਾਂ ਮਰੀਜ਼ਾਂ ਦੀ ਓ. ਪੀ. ਡੀ. 800 ਸੀ ਪਰ ਹੁਣ 1100 ਦੇ ਨੇੜੇ ਪਹੁੰਚ ਗਈ ਹੈ। ਇਸੇ ਤਰ੍ਹਾਂ ਸਰਕਾਰੀ ਹਸਪਤਾਲ ਅਜਨਾਲਾ ਵਿਚ ਪਹਿਲਾਂ ਓ. ਪੀ. ਡੀ. 300 ਦੇ ਕਰੀਬ ਸੀ ਪਰ ਹੁਣ 570 ਹੋ ਗਈ ਹੈ। ਹੋਰ ਸਰਕਾਰੀ ਹਸਪਤਾਲਾਂ ਵਿਚ ਓ. ਪੀ. ਡੀਜ਼ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਬਣਾਏ ਜਾ ਰਹੇ ਪੁਲ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ
ਓ. ਪੀ. ਡੀ. ਤੇ ਆਈ. ਪੀ. ਡੀ. ਦੀ ਰੋਜ਼ਾਨਾ ਹੋ ਰਹੀ ਹੈ ਰਿਪੋਰਟ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਿਹਤ ਸੇਵਾਵਾਂ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਰੋਜ਼ਾਨਾ ਸਾਰੇ ਸਰਕਾਰੀ ਹਸਪਤਾਲਾਂ ਦੀ ਓ. ਪੀ. ਡੀ. ਤੇ ਆਈ. ਪੀ. ਡੀ. ਦੀ ਰਿਪੋਰਟ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੇ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਧਿਕਾਰੀਆਂ ਦੀ ਹਰ ਹਫ਼ਤੇ ਰਿਵਿਊ ਮੀਟਿੰਗ ਪ੍ਰੋਗਰਾਮਾਂ ਨੂੰ ਲੈ ਕੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਹਸਪਤਾਲਾਂ ਵਿਚ ਘਾਟ ਹੁੰਦੀ ਹੈ, ਉਨ੍ਹਾਂ ਨੂੰ ਤੁਰੰਤ ਦਰੁਸਤ ਕਰਵਾਇਆ ਜਾਂਦਾ ਹੈ। ਅਧਿਕਾਰੀਆਂ ਨੂੰ ਲਗਾਤਾਰ ਮਰੀਜ਼ਾਂ ਦੀਆਂ ਸੇਵਾਵਾਂ ਵਿਚ ਹੋਰ ਸੁਧਾਰ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਡਿਊਟੀ ਸਮੇਂ ਸਾਰੇ ਡਾਕਟਰ ਅਤੇ ਕਰਮਚਾਰੀ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਆਪਣਾ ਫਰਜ਼ ਨਿਭਾ ਰਹੇ ਹਨ।
ਇਹ ਵੀ ਪੜ੍ਹੋ : ਖਹਿਰਾ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਸੰਘੀ ਅਧਿਕਾਰਾਂ ਨੂੰ ਖੋਰਾ ਲਾਉਣ ਦੇ ਕਦਮ ਦੀ ਕੀਤੀ ਨਿੰਦਾ
ਸਰਕਾਰੀ ਦਵਾਈ ਹੀ ਦਿੱਤੀ ਜਾਂਦੀ ਹੈ ਹਸਪਤਾਲਾਂ 'ਚ
ਸਿਵਲ ਸਰਜਨ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਰਕਾਰ ਵੱਲੋਂ ਜੋ ਵੀ ਸਰਕਾਰੀ ਦਵਾਈ ਮਰੀਜ਼ਾਂ ਦੀ ਸਹੂਲਤ ਲਈ ਦਿੱਤੀ ਜਾ ਰਹੀ ਹੈ, ਉਸ ਨੂੰ ਉਹ ਪਹਿਲ ਦੇ ਆਧਾਰ ’ਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਜਾਵੇ। ਜੇਕਰ ਕੋਈ ਦਵਾਈ ਖ਼ਤਮ ਹੋ ਜਾਂਦੀ ਹੈ ਜਾਂ ਹਸਪਤਾਲ 'ਚ ਸਬੰਧਿਤ ਬੀਮਾਰੀ ਦੀ ਦਵਾਈ ਨਹੀਂ ਹੁੰਦੀ ਤਾਂ ਡਾਕਟਰ ਪਰਚੀ ਲਿਖ ਕੇ ਮਰੀਜ਼ ਨੂੰ ਦਵਾਈ ਜ਼ਰੂਰ ਦੇਣ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਵੀ ਉਨ੍ਹਾਂ ਕੋਲ ਸਰਕਾਰੀ ਦਵਾਈ ਖ਼ਤਮ ਹੁੰਦੀ ਹੈ ਤਾਂ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਂਦਾ ਜਾਵੇ ਤਾਂ ਕਿ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਮਿਲ ਸਕੇ।