ਵਣ ਵਿਭਾਗ ਦੀ ਟੀਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਬੋਲੈਰੋ ਗੱਡੀ ’ਚ ਖੈਰ ਦੀ ਲੱਕੜ ਸਣੇ 3 ਸਮੱਗਲਰ ਕਾਬੂ

Friday, Nov 21, 2025 - 07:27 PM (IST)

ਵਣ ਵਿਭਾਗ ਦੀ ਟੀਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਬੋਲੈਰੋ ਗੱਡੀ ’ਚ ਖੈਰ ਦੀ ਲੱਕੜ ਸਣੇ 3 ਸਮੱਗਲਰ ਕਾਬੂ

ਹੋਸ਼ਿਆਰਪੁਰ (ਜੈਨ) : ਵਣ ਵਿਭਾਗ ਵੱਲੋਂ ਮੁੱਖ ਵਣਪਾਲ ਸੰਜੀਵ ਤਿਵਾਰੀ ਅਤੇ ਡੀ.ਐੱਫ.ਓ. ਧਰਮਵੀਰ ਢੇਰੂ ਦੇ ਹੁਕਮਾਂ ਤੇ ਅਗਵਾਈ ਅਧੀਨ ਜੰਗਲਾਂ ਵਿੱਚੋਂ ਰੁੱਖ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਗਸ਼ਤ ਨੂੰ ਵੀ ਤਿੱਖਾ ਕਰ ਦਿੱਤਾ ਗਿਆ ਹੈ। ਇਸੇ ਦੌਰਾਨ 15 ਦਿਨਾਂ ਅੰਦਰ ਵਣ ਵਿਭਾਗ ਨੇ ਦੂਜੀ ਵੱਡੀ ਕਾਰਵਾਈ ਕਰਦਿਆਂ 3 ਲੱਕੜ ਤਸਕਰਾਂ ਨੂੰ ਖੈਰ ਦੀ ਲੱਕੜ ਨਾਲ ਭਰੀ ਬੋਲੈਰੋ ਗੱਡੀ ਸਮੇਤ ਕਾਬੂ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਸੰਬੰਧ ਵਿੱਚ ਵਣ ਰੇਂਜ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਖੜਕਾਂ ਖੇਤਰ ‘ਚ ਕੁਝ ਲੋਕ ਖੈਰ ਚੋਰੀ ਦੇ ਫਿਰਾਕ ‘ਚ ਹਨ ਅਤੇ ਸਮੇਂ ‘ਤੇ ਕਾਰਵਾਈ ਕੀਤੀ ਜਾਏ ਤਾਂ ਉਹ ਗ੍ਰਿਫ਼ਤਾਰ ਕੀਤੇ ਜਾ ਸਕਦੇ ਹਨ। ਇਸ ‘ਤੇ ਉਨ੍ਹਾਂ ਨੇ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦੇ ਹੋਏ ਬੀ.ਓ. ਕੁਲਦੀਪ ਸਿੰਘ, ਵਣ ਗਾਰਡ ਆਕਾਸ਼ ਨਰੂਲਾ, ਵਣ ਗਾਰਡ ਗੁਰਪ੍ਰੀਤ ਸਿੰਘ ਅਤੇ ਹੋਰ ਮੁਲਾਜ਼ਮਾਂ ‘ਤੇ ਆਧਾਰਤ ਟੀਮ ਤਿਆਰ ਕਰਕੇ ਕਾਰਵਾਈ ਦੇ ਹੁਕਮ ਦਿੱਤੇ।

ਟੀਮ ਨੇ ਇੱਕ ਗੱਡੀ ਨੂੰ ਜੰਗਲ ਤੋਂ ਆਉਂਦੇ ਵੇਲੇ ਦੇਖਿਆ। ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸਹਾਰਾ ਕੀਤਾ ਗਿਆ ਤਾਂ ਤਸਕਰਾਂ ਨੇ ਗੱਡੀ ਕਰਮਚਾਰੀਆਂ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਟੀਮ ਮੈਂਬਰਾਂ ਨੇ ਸਤਰਕਤਾ ਨਾਲ ਬਚਦੇ ਹੋਏ ਕਾਫ਼ੀ ਜਤਨ ਨਾਲ ਗੱਡੀ ਨੂੰ ਰੋਕ ਲਿਆ ਅਤੇ ਉਸ ਵਿੱਚ ਸਵਾਰ 3 ਲੋਕਾਂ ਨੂੰ ਕਾਬੂ ਕਰ ਲਿਆ। ਗੱਡੀ ਵਿੱਚ ਖੈਰ ਦੀ ਲੱਕੜ ਭਰੀ ਹੋਈ ਸੀ।

ਰੇਂਜ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਮਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਰਾਮ ਚੰਦਰ ਪੁੱਤਰ ਖੁਸ਼ੀ ਰਾਮ ਦੋਵੇਂ ਨਿਵਾਸੀ ਬਸੀ ਮੁਸਤਫਾ, ਹੋਸ਼ਿਆਰਪੁਰ ਅਤੇ ਮਨਜੀਤ ਸਿੰਘ ਪੁੱਤਰ ਵਿਜੇ ਸਿੰਘ ਨਿਵਾਸੀ ਭਰਸਾਲੀ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਵੀ ਮਾਮਲਾ ਦਰਜ ਕਰਨ ਲਈ ਲਿਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੰਗਲਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਰੁੱਖ ਚੋਰੀ ਕਰਨ ਵਾਲਿਆਂ ਨੂੰ ਚਿਤਾਵਨੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਵਿਭਾਗੀ ਕਾਰਵਾਈ ਚੱਲ ਰਹੀ ਹੈ ਅਤੇ ਪੁਲਿਸ ਨੂੰ ਵੀ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਕੁਝ ਹੋਰ ਲੋਕਾਂ ਦੇ ਨਾਮ ਵੀ ਦੱਸੇ ਹਨ, ਜਿਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਗੱਲਬਾਤ ਕਰਦਿਆਂ ਇਕ ਦੋਸ਼ੀ ਮਨਜੀਤ ਸਿੰਘ ਨਿਵਾਸੀ ਬਸੀ ਮੁਸਤਫਾ ਨੇ ਦੱਸਿਆ ਕਿ ਇਹ ਗੱਡੀ ਉਨ੍ਹਾਂ ਦੀ ਹੈ ਅਤੇ ਭਰਸਾਲੀ ਨਿਵਾਸੀ ਸੱਨੀ ਨੇ ਉਨ੍ਹਾਂ ਨੂੰ ਆਪਣੇ ਨਾਲ ਖੈਰ ਦੀ ਲੱਕੜ ਕਿਸੇ ਥਾਂ ਪਹੁੰਚਾਉਣ ਲਈ 3 ਹਜ਼ਾਰ ਰੁਪਏ ਦਾ ਸੌਦਾ ਕੀਤਾ ਸੀ ਅਤੇ 1 ਹਜ਼ਾਰ ਰੁਪਏ ਐਡਵਾਂਸ ਦਿੱਤੇ ਸਨ। ਉਸ ਨੇ ਦੱਸਿਆ ਕਿ ਰਾਤ ਨੂੰ ਖੈਰ ਦੀ ਲੱਕੜ ਲੈਣ ਜੰਗਲ ਵਿੱਚ ਗਏ ਸਨ, ਪਰ ਵਾਪਸੀ ‘ਤੇ ਫੜੇ ਗਏ। ਉਸ ਨੇ ਦੱਸਿਆ ਕਿ ਜਹਾਂਖੇੜਾਂ ਦੇ ਕੁਝ ਲੋਕ ਵੀ ਇਸ ਕੰਮ ਵਿੱਚ ਸ਼ਾਮਲ ਹਨ ਅਤੇ ਉਹ ਵੀ ਖੈਰ ਦੀ ਲੱਕੜ ਚੋਰੀ ਕਰਦੇ ਹਨ।


author

Baljit Singh

Content Editor

Related News