ਹੱਡ ਚੀਰਵੀਂ ਠੰਡ ਨੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਕੀਤਾ ਬੁਰਾ ਹਾਲ, ਧੁੰਦ ਨੇ ਵਾਹਨਾਂ ਦੀ ਰਫ਼ਤਾਰ ’ਤੇ ਲਗਾਈ ਬਰੇਕ

Thursday, Dec 28, 2023 - 11:23 AM (IST)

ਹੱਡ ਚੀਰਵੀਂ ਠੰਡ ਨੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਕੀਤਾ ਬੁਰਾ ਹਾਲ, ਧੁੰਦ ਨੇ ਵਾਹਨਾਂ ਦੀ ਰਫ਼ਤਾਰ ’ਤੇ ਲਗਾਈ ਬਰੇਕ

ਤਰਨਤਾਰਨ (ਰਮਨ ਚਾਵਲਾ)- ਤਾਪਮਾਨ ’ਚ ਰੋਜ਼ਾਨਾ ਹੋ ਰਹੀ ਗਿਰਾਵਟ ਦੇ ਚੱਲਦਿਆਂ ਜਿੱਥੇ ਸੰਘਣੀ ਧੁੰਦ ਨੇ ਆਮ ਜਨਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ, ਉੱਥੇ ਹੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਹੱਡ ਚੀਰਵੀਂ ਠੰਡ ਨੇ ਆਪਣਾ ਸ਼ਿਕਾਰ ਬਣਾਉਂਦੇ ਹੋਏ ਬੀਮਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵੱਧ ਰਹੀ ਠੰਡ ਨਾਲ ਜਿੱਥੇ ਬਜ਼ੁਰਗਾਂ ਨੂੰ ਹਾਰਟ ਦੀਆਂ ਬੀਮਾਰੀਆਂ ਨੇ ਘੇਰਾ ਪਾ ਲਿਆ ਹੈ, ਉੱਥੇ ਹੀ ਨਵ ਜਨਮੇ ਅਤੇ ਛੋਟੀ ਉਮਰ ਦੇ ਬੱਚੇ ਨੂੰ ਜਾਨਲੇਵਾ ਸਾਬਤ ਹੋਣ ਵਾਲੀ ਨਿਮੋਨੀਆ ਬੀਮਾਰੀ ਦੇ ਸ਼ਿਕਾਰ ਵੀ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਵੱਖ-ਵੱਖ ਸਿਹਤ ਮਾਹਿਰਾਂ ਵਲੋਂ ਬੱਚਿਆਂ ਦਾ ਖ਼ਾਸ ਖਿਆਲ ਰੱਖਣ ਸਬੰਧੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਾ ਪਹੁੰਚ ਸਕੇ।

ਸਾਲ ਦੇ ਆਖ਼ਰੀ ਦਸੰਬਰ ਮਹੀਨੇ ਵਿਚ ਤਾਪਮਾਨ ਦੀ ਗਿਰਾਵਟ ਹੋਣ ਦੇ ਚੱਲਦਿਆਂ ਠੰਡ ਨੇ ਆਪਣਾ ਪੂਰੀ ਤਰ੍ਹਾਂ ਜ਼ੋਰ ਫੜ ਲਿਆ ਹੈ, ਜਿਸ ਦੇ ਚੱਲਦਿਆਂ ਲੋਕ ਜਿੱਥੇ ਘਰਾਂ ਵਿਚ ਰੂਮ ਹੀਟਰਾਂ ਦੇ ਵਰਤੋਂ ਕਰ ਰਹੇ ਹਨ ਉੱਥੇ ਹੀ ਆਪਣੇ ਵਪਾਰਕ ਅਦਾਰੇ ਉੱਪਰ ਮੌਜੂਦ ਲੋਕ ਅੱਗ ਦਾ ਸਹਾਰਾ ਲੈਂਦੇ ਵੇਖੇ ਜਾ ਸਕਦੇ ਹਨ। ਇਸ ਵੱਧ ਰਹੀ ਹੱਡ ਚੀਰਵੀਂ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਨੇ ਵੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੌਰਾਨ ਸੜਕਾਂ ਉੱਪਰ ਵਾਹਨ ਕੀੜੀ ਦੀ ਚਾਲ ਚੱਲਦੇ ਨਜ਼ਰ ਆ ਰਹੇ ਹਨ ਅਤੇ ਕਈ ਵਾਹਨ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਉੱਧਰ ਠੰਡ ਦੇ ਜ਼ਿਆਦਾ ਵਧਣ ਕਰਕੇ ਛੋਟੇ ਬੱਚਿਆਂ ਵਿਚ ਨਿਮੋਨੀਆ ਬੀਮਾਰੀ ਦਾ ਅਸਰ ਵੇਖਿਆ ਜਾ ਰਿਹਾ ਹੈ, ਜਿਸ ਦੌਰਾਨ ਹਸਪਤਾਲਾਂ 'ਚ ਬੱਚਿਆਂ ਦੇ ਇਲਾਜ ਸਬੰਧੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

 ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਬਾਜ਼ਾਰੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਘੱਟ ਕੀਤੀ ਜਾਵੇ : ਡਾ. ਨੀਰਜ ਲਤਾ

ਸਿਵਲ ਹਸਪਤਾਲ ਤਰਨਤਰਨ ਦੇ ਸੀਨੀਅਰ ਮੈਡੀਕਲ ਅਫ਼ਸਰ (ਵਾਧੂ ਚਾਰਜ) ਅਤੇ ਬੱਚਿਆਂ ਦੇ ਮਾਹਿਰ ਡਾਕਟਰ ਨੀਰਜ ਲਤਾ ਨੇ ਦੱਸਿਆ ਕਿ ਠੰਡ ਦੌਰਾਨ ਬੱਚਿਆਂ ਵਿਚ ਨਿਮੋਨੀਆ, ਛਾਤੀ ਦੀ ਇਨਫੈਕਸ਼ਨ, ਟਾਈਫਾਈਡ, ਡਾਇਰੀਆ ਤੋਂ ਇਲਾਵਾ ਹੋਰ ਇਨਫੈਕਸ਼ਨ ਸਬੰਧੀ ਗਿਣਤੀ ਵਿਚ ਵਾਧਾ ਹੁੰਦਾ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਠੰਡ ਦੇ ਮੌਸਮ ਵਿਚ ਕਈ ਮਾਵਾਂ ਆਪਣੇ ਬੱਚਿਆਂ ਨੂੰ ਕੰਬਲ ਵਿਚ ਇਸ ਤਰ੍ਹਾਂ ਲਪੇਟ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਸਾਹ ਨਹੀਂ ਆਉਂਦਾ ਹੈ, ਜਿਸ ਕਰਕੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਬੱਚਿਆਂ ਦਾ ਠੰਡ ਵਿਚ ਖਾਸ ਖਿਆਲ ਰੱਖਦੇ ਹੋਏ ਘਰਾਂ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ ਅਤੇ ਬਾਜ਼ਾਰੀ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਘੱਟ ਕੀਤੀ ਜਾਵੇ। ਇਨਫੈਕਸ਼ਨ ਅਤੇ ਬੁਖ਼ਾਰ ਹੋਣ ਦੇ ਚੱਲਦਿਆਂ ਬੱਚਿਆਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ।

ਇਹ ਵੀ ਪੜ੍ਹੋ- ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ’ਚ ਕੀਤੀ ਖੁਦਕੁਸ਼ੀ

ਦਿਲ ਰੋਗਾਂ ਦੇ ਮਰੀਜ਼ਾਂ ਨੂੰ ਸੈਰ ਤੋਂ ਪ੍ਰਹੇਜ਼ ਕਰਨਾ ਚਾਹੀਦੈ : ਡਾ. ਅਜੀਤ ਸਿੰਘ

ਉੱਧਰ ਦਿਲ ਰੋਗਾਂ ਦੇ ਮਾਹਿਰ ਅਤੇ ਅਜੀਤ ਨਰਸਿੰਗ ਹੋਮ ਮਹਿੰਦਰਾ ਐਵੀਨਿਊ ਤਰਨਤਰਨ ਦੇ ਮਾਲਕ ਡਾਕਟਰ ਅਜੀਤ ਸਿੰਘ ਨੇ ਦੱਸਿਆ ਕਿ ਜ਼ਿਆਦਾ ਠੰਡ ਵਿਚ ਦਿਲ ਰੋਗਾਂ ਦੇ ਮਰੀਜ਼ਾਂ ਨੂੰ ਸੈਰ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮੇਂ-ਸਮੇਂ ਸਿਰ ਮਾਹਿਰ ਡਾਕਟਰ ਪਾਸੋਂ ਆਪਣੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਉੱਪਰ ਕੰਟਰੋਲ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਹੌਂਸਲੇ ਨੂੰ ਸਲਾਮ: ਗੋਦੀ ਚੁੱਕਦੇ ਹੀ ਟੁੱਟ ਜਾਂਦੀਆਂ ਨੇ ਹੱਡੀਆਂ ਫਿਰ ਵੀ ਇਰਾਦੇ ਵੱਡੇ ਰੱਖਦੈ 2 ਫੁੱਟ ਕੱਦ ਵਾਲਾ ਸਰਦਾਰ

ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ: ਡਾ. ਪਵਨ ਚਾਵਲਾ

ਆਲ ਇਜ਼ ਵੈਲ ਡਾਇਟ ਕਲੀਨਿਕ ਦੇ ਮਾਲਕ ਡਾਇਟੀਸ਼ੀਅਨ ਪਵਨ ਕੁਮਾਰ ਚਾਵਲਾ ਨੇ ਦੱਸਿਆ ਕਿ ਜ਼ਿਆਦਾ ਸਰਦੀ ਦੇ ਮੌਸਮ ਵਿਚ ਕਈ ਲੋਕ ਪਾਣੀ ਪੀਣਾ ਘਟਾ ਦਿੰਦੇ ਹਨ ਜੋ ਕਿ ਗਲਤ ਸਾਬਤ ਹੁੰਦਾ ਹੈ, ਇਸ ਲਈ ਬੱਚਿਆਂ ਤੇ ਵੱਡਿਆਂ ਨੂੰ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦੈ। ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ’ਚ ਹਰ ਖਾਣ ਪੀਣ ਵਾਲੀ ਵਸਤੂ ਦੀ ਮਾਤਰਾ ਨਿਯੰਤਰ ’ਚ ਰੱਖਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਸਿਹਤ ’ਚ ਕਿਸੇ ਕਿਸਮ ਦੀ ਕੋਈ ਖ਼ਰਾਬੀ ਨਾ ਆ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News