ਅੰਮ੍ਰਿਤਸਰ ਦੇ ਸਿਵਲ ਹਸਪਤਾਲ ’ਚ ਗਾਇਨੀ ਸਟਾਫ ’ਤੇ ਬੱਚਾ ਬਦਲਣ ਦਾ ਦੋਸ਼, ਪਰਿਵਾਰ ਨੇ ਕੀਤਾ ਹੰਗਾਮਾ

09/15/2022 12:19:25 PM

ਅੰਮ੍ਰਿਤਸਰ (ਦਲਜੀਤ)- ਸਿਵਲ ਹਸਪਤਾਲ ਵਿਚ ਬੁੱਧਵਾਰ ਨੂੰ ਬੱਚੀ ਦੇ ਜਨਮ ਤੋਂ ਬਾਅਦ ਰਿਸ਼ਤੇਦਾਰਾਂ ਨੇ ਬੱਚਾ ਬਦਲਣ ਦੇ ਦੋਸ਼ ਲਾਏ, ਜਿਸ ਕਾਰਨ ਉਥੇ ਹੰਗਾਮਾ ਹੋ ਗਿਆ। ਰਿਸ਼ਤੇਦਾਰਾਂ ਨੇ ਦੱਸਿਆ ਕਿ ਸਟਾਫ ਨਰਸ ਨੇ ਉਨ੍ਹਾਂ ਨੂੰ ਬੇਟਾ ਹੋਣ ਦੀ ਸੂਚਨਾ ਦਿੱਤੀ ਸੀ, ਜਦੋਂ ਕਿ 10 ਮਿੰਟ ਬਾਅਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੁੜੀ ਨੇ ਜਨਮ ਲਿਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਸਪਤਾਲ ਪ੍ਰਸ਼ਾਸਨ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ ਹੈ ਅਤੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬੱਚੇ ਨੂੰ ਬਦਲਣ ਲਈ ਅਜਿਹੀ ਕੋਈ ਗੱਲ ਨਹੀਂ ਹੋਈ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚੰਦਰ ਮੋਹਨ ਨੇ ਵੀ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਅਨੁਸਾਰ ਨਵਾਂ ਕੋਟ ਦੀ ਰਹਿਣ ਵਾਲੀ ਸੁਲੇਖਾ ਦੀ ਮੰਗਲਵਾਰ ਰਾਤ 8:55 ਵਜੇ ਸਿਵਲ ਹਸਪਤਾਲ ਵਿਚ ਡਲਿਵਰੀ ਹੋਈ। ਸੁਲੇਖਾ ਦੇ ਪਤੀ ਸਵਰਨ ਸਿੰਘ ਨੇ ਦੋਸ਼ ਲਾਇਆ ਕਿ ਸਟਾਫ ਨਰਸ ਨੇ ਉਸ ਨੂੰ ਮੁੰਡਾ ਹੋਣ ਬਾਰੇ ਦੱਸਿਆ ਅਤੇ ਦਸ ਮਿੰਟ ਬਾਅਦ ਉਨ੍ਹਾਂ ਨੇ ਕੁੜੀ ਨੂੰ ਸਾਡੀ ਗੋਦੀ ਵਿਚ ਪਾ ਦਿੱਤਾ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੁਹਾਡੀ ਤਾ ਬੇਟੀ ਹੈ। ਸਾਨੂੰ ਭਰੋਸਾ ਹੈ ਕਿ ਸਾਡਾ ਪੁੱਤਰ ਹੋਇਆ ਸੀ ਅਤੇ ਸਟਾਫ਼ ਨੇ ਇਸ ਨੂੰ ਬਦਲ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਰਿਸ਼ਤੇਦਾਰਾਂ ਅਤੇ ਸਟਾਫ਼ ਵਿਚਕਾਰ ਕਾਫੀ ਬਹਿਸਬਾਜ਼ੀ ਵੀ ਹੋਈ। ਮਾਮਲਾ ਵੱਧਦਾ ਦੇਖ ਕੇ ਸਟਾਫ਼ ਨੇ ਇਸ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਨੂੰ ਦਿੱਤੀ।

ਹਸਪਤਾਲ ਪ੍ਰਸ਼ਾਸਨ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦਿਖਾਈ ਗਈ। ਇਹ ਫੁਟੇਜ ਉਸ ਸਮੇਂ ਦੀ ਹੈ ਜਦੋਂ ਨਵਜੰਮੇ ਬੱਚੇ ਨੂੰ ਲੇਬਰ ਰੂਮ ਤੋਂ ਕੈਮਰੇ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਅਤੇ ਦੇਖਿਆ ਜਾਂਦਾ ਹੈ ਕਿ ਇਹ ਬੇਟਾ ਹੈ ਜਾਂ ਬੇਟੀ। ਸੀ. ਸੀ. ਟੀ. ਵੀ ਕੈਮਰੇ ਵਿਚ ਸਿਰਫ਼ ਬੇਟੀ ਹੀ ਦਿਖਾਈ ਦਿੱਤੀ ਪਰ ਰਿਸ਼ਤੇਦਾਰ ਇਸ ਤੋਂ ਸੰਤੁਸ਼ਟ ਨਹੀਂ ਸਨ। ਗਾਇਨੀ ਵਾਰਡ ਵਿਚ ਇਲਾਜ ਅਧੀਨ ਕੁਝ ਜਨਾਨੀਆਂ ਨੇ ਦੋਸ਼ ਲਾਇਆ ਕਿ ਡਾਕਟਰਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਕਈ ਜਨਾਨੀਆਂ ਦਾ ਜਣੇਪਾ ਬੈੱਡ ’ਤੇ ਹੋ ਜਾਂਦਾ ਹੈ ਅਤੇ ਆਲੇ-ਦੁਆਲੇ ਦੀਆਂ ਜਨਾਨੀਆਂ ਉਸ ਨੂੰ ਢੱਕਦੀਆਂ ਹਨ। ਡਾਕਟਰਾਂ ਅਤੇ ਨਰਸਾਂ ਦੇ ਵਾਰ-ਵਾਰ ਫੋਨ ਕਰਨ ’ਤੇ ਵੀ ਉਹ ਨਹੀਂ ਆਉਂਦੀਆਂ।

ਗਲਤੀ ਦੀ ਕੋਈ ਗੁਜਾਇਸ਼ ਨਹੀਂ
ਦੂਜੇ ਪਾਸੇ ਇਸ ਮਾਮਲੇ ਵਿਚ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਚੰਦਰ ਮੋਹਨ ਦਾ ਕਹਿਣਾ ਹੈ ਕਿ ਗਲਤੀ ਦੀ ਕੋਈ ਗੁਜ਼ਾਇਸ਼ ਨਹੀਂ ਹੈ। ਬੱਚੇ ਦੇ ਜਨਮ ਤੋਂ ਬਾਅਦ, ਉਸ ਦੇ ਪੈਰਾਂ ਦੇ ਨਿਸ਼ਾਨ ਫਾਈਲ ’ਤੇ ਲਏ ਜਾਂਦੇ ਹਨ। ਇਸ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰੇ ਦੇ ਸਾਹਮਣੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਰਿਸ਼ਤੇਦਾਰਾਂ ਨੂੰ ਭੁਲੇਖਾ ਪੈ ਗਿਆ ਹੈ ਭਾਵੇ ਉਹ ਡੀ. ਐੱਨ. ਏ. ਟੈਸਟ ਕਰਵਾ ਲੈਣ। ਉਨ੍ਹਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
 


rajwinder kaur

Content Editor

Related News