ਧੜੱਲੇ ਨਾਲ ਸਕੂਲਾਂ ਨੇੜੇ ਵੇਚੇ ਜਾ ਰਹੇ ਐਨਰਜੀ ਡਰਿੰਕਸ, ਬੱਚੇ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ

10/23/2023 4:36:47 PM

ਤਰਨਤਾਰਨ (ਰਮਨ)- ਜ਼ਿਲ੍ਹੇ ਵਿਚ ਐਨਰਜੀ ਦੇ ਨਾਮ 'ਤੇ ਵਿਕ ਰਹੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਜਿੱਥੇ ਦਿਨ-ਬ-ਦਿਨ ਸਟੇਟਸ ਸਿੰਬਲ ਬਣਦੀ ਜਾ ਰਹੀ ਹੈ ਉੱਥੇ ਹੀ ਇਸ ਪਦਾਰਥ ਦੀ ਵਰਤੋਂ ਕਰਨ ਨਾਲ ਜਿੱਥੇ ਲੋਕਾਂ ਦੀਆਂ ਕਿਡਨੀਆਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਉੱਥੇ ਹੀ ਲੋਕ ਦਿਲ, ਸ਼ੂਗਰ ਟਾਇਪ-2, ਡੀਹਾਈਡ੍ਰੇਸ਼ਨ ਰੋਗਾਂ ਦੇ ਵੀ ਸ਼ਿਕਾਰ ਹੁੰਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ ਬਾਹਰ ਅਤੇ ਸਕੂਲਾਂ ਦੇ ਅੰਦਰ ਮੌਜੂਦ ਦੁਕਾਨਾਂ ਉੱਪਰ ਧੜੱਲੇ ਨਾ ਵਿਕ ਰਹੀਆਂ ਐਨਰਜੀ ਡਰਿੰਕਸ ਨਾਲ ਨੌਜਵਾਨ ਪੀੜੀ ਖਤਰੇ ਵੱਲ ਵੱਧਦੀ ਵੇਖੀ ਜਾ ਸਕਦੀ ਹੈ, ਜਿਸ ਨੂੰ ਸਮੇਂ ਸਿਰ ਰੋਕਣਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਲਈ ਇਕ ਵੱਡੀ ਚੁਨੌਤੀ ਸਾਬਿਤ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਾਜ਼ਾਰਾਂ ਵਿਚ ਵਿਕਣ ਵਾਲੀਆਂ ਵੱਖ-ਵੱਖ ਐਨਰਜੀ ਡਰਿੰਕਸ ਅੱਜ-ਕੱਲ੍ਹ ਜਿੱਥੇ ਵੱਡੇ ਲੋਕਾਂ ਲਈ ਸਟੇਟਸ ਸਿੰਬਲ ਬਣ ਚੁੱਕੀਆਂ ਹਨ, ਉੱਥੇ ਹੀ ਇਸਦੀ ਵਰਤੋਂ ਅਣਜਾਨ ਨਾਬਾਲਿਗ ਅਤੇ ਨੌਜਵਾਨ ਪੀੜ੍ਹੀ ਵਲੋਂ ਵੀ ਧੜੱਲੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਐਨਰਜੀ ਡਰਿੰਕ ਦੀ ਵਰਤੋਂ ਤੋਂ ਅਣਜਾਨ ਬਣੇ ਲੋਕਾਂ ਨੂੰ ਇਹ ਨਹੀਂ ਪਤਾ ਹੈ ਕਿ ਇਸ ਦੀ ਵਰਤੋਂ ਕਰਨ ਨਾਲ ਇਨਸਾਨ ਕਿਹੜੀਆਂ ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਸੰਨ੍ਹ 1987 ਦੌਰਾਨ ਯੂਰੋਪ ਵਿਚ ਪਹਿਲੀ ਵਾਰ ਐਨਰਜੀ ਡਰਿੰਕ ਹੋਂਦ ਦੇ ਵਿਚ ਆਈ, ਜਿਸਦੀ ਵਰਤੋਂ ਦਿਨ-ਬਾ-ਦਿਨ ਵਧਦੀ ਗਈ ਅਤੇ ਅੱਜ-ਕੱਲ੍ਹ ਇਸਦੀ ਵਰਤੋਂ ਇਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਅਲਕੋਹਲ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀ ਅੱਜ-ਕੱਲ੍ਹ ਐਨਰਜੀ ਡਰਿੰਕ ਨੂੰ ਧੜੱਲੇ ਨਾਲ ਪਹਿਲ ਦਿੰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਗਾਹਕਾਂ ਨੂੰ ਭਰਮਾਉਣ ਲਈ ਵਿਦੇਸ਼ੋਂ ਮੰਗਵਾਈਆਂ ਕੁੜੀਆਂ

ਗਰਭਵਤੀ ਔਰਤਾਂ ਲਈ ਵੀ ਨੁਕਸਾਨਦਾਇਕ ਹੈ ਐਨਰਜੀ ਡਰਿੰਕ

ਔਰਤ ਰੋਗਾਂ ਦੇ ਮਾਹਿਰ (ਐੱਮ.ਐੱਸ ਗਾਇਨੀ) ਡਾਕਟਰ ਅਤੇ ਮਿੱਤਲ ਹਸਪਤਾਲ ਦੇ ਮਾਲਕ ਡਾਕਟਰ ਸੁਪਰਨਾ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਆਦਾਤਰ 500 ਐੱਮ.ਐੱਲ ਐਨਰਜੀ ਡਰਿੰਕ ਵਿਚ 200 ਗ੍ਰਾਮ ਕੈਫੀਨ ਮੌਜੂਦ ਹੁੰਦੀ ਹੈ ਜੋ 550 ਗ੍ਰਾਮ ਤੱਕ ਵਧਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਵਲੋਂ ਕੈਫੀਨ ਨਾਲ ਤਿਆਰ ਕੀਤੀ ਗਈ ਐਨਰਜੀ ਡਰਿੰਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਨਰਜੀ ਡਰਿੰਕ ਦੇ ਪ੍ਰਤੀ ਅੱਧਾ ਲੀਟਰ ਵਿਚ 220 ਕੈਲੋਰੀਜ਼ ਹੁੰਦੀਆਂ ਹਨ ਜਿਸਦੇ ਚੱਲਦਿਆਂ ਖੰਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਮਰੀਜ਼ ਟਾਈਪ-2 ਡਾਇਬਿਟੀਜ਼ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਐਨਰਜੀ ਡਰਿੰਕ ਦੀ ਵਰਤੋਂ ਕਰਨ ਤੋਂ ਦੂਰ ਰਹਿੰਦੇ ਹੋਏ ਹਮੇਸ਼ਾ ਚੰਗੀ ਖੁਰਾਕ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ।

ਹਾਈਪਰਟੈਂਸ਼ਨ ਦਾ ਲੋਕ ਹੋ ਰਹੇ ਸ਼ਿਕਾਰ

 ਇਸ ਸਬੰਧੀ ਗੱਲਬਾਤ ਕਰਦੇ ਹੋਏ ਆਲ ਇੱਜ ਵੈੱਲ ਕਲੀਨਿਕ ਦੇ ਮਾਲਕ ਅਤੇ ਡਾਈਟੀਸ਼ੀਅਨ ਪਵਨ ਕੁਮਾਰ ਚਾਵਲਾ ਨੇ ਦੱਸਿਆ ਕਿ ਐਨਰਜੀ ਡਰਿੰਕ ਵਿਚ ਕੈਫੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਨਸਾਨ ਹਾਈਪਰ ਟੈਂਸ਼ਨ ਬਲੱਡ ਪ੍ਰੈਸ਼ਰ ਵਧਣ ਦੀ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਨਰਜੀ ਡਰਿੰਕ ਦੀ ਵਰਤੋਂ ਬੱਚਿਆਂ ਵਲੋਂ ਕਰਨ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਰੁਕ ਸਕਦਾ ਹੈ ਅਤੇ ਬੱਚੇ ਦਿਮਾਗੀ ਤੌਰ ਉੱਪਰ ਵੀ ਹੌਲੀ ਹੌਲੀ ਪਰੇਸ਼ਾਨ ਰਹਿਣਾ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਐਨਰਜੀ ਡਰਿੰਕ ਦੀ ਵਿਕਰੀ ਉੱਪਰ ਸਕੂਲਾਂ ਵਿਚ ਜਿੱਥੇ ਰੋਕ ਲਗਾਉਣੀ ਚਾਹੀਦੀ ਹੈ ਉੱਥੇ ਹੀ ਬੱਚਿਆਂ ਨੂੰ ਇਸ ਸਬੰਧੀ ਵਿਸ਼ੇਸ਼ ਤੌਰ ਉੱਪਰ ਜਾਗਰੂਕ ਕਰਨ ਦੀ ਵੀ ਲੋੜ ਹੈ।

ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੇ ਧਾਰਿਆ ਖੂਨੀ ਰੂਪ, ਵੀਡੀਓ ’ਚ ਦੇਖੋ ਕਿਵੇਂ ਖੇਤਾਂ ’ਚ ਭਿੜੀਆਂ ਦੋ ਧਿਰਾਂ

ਚਿੰਤਾ ਦਾ ਸ਼ਿਕਾਰ ਹੋ ਰਹੇ ਲੋਕ

ਮਨੋਰੋਗੀ ਮਾਹਿਰ ਡਾਕਟਰ ਮੁਕੇਸ਼ ਕੁਮਾਰ ਨੇ ਨਜ਼ਦੀਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਤਰਨਤਰਨ ਵਿਖੇ ਆਪਣੀ ਕਲੀਨਿਕ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਨਰਜੀ ਡਰਿੰਕ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਇਨਸਾਨ ਚਿੰਤਾ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨੂੰ ਬਾਰ-ਬਾਰ ਐਨਰਜੀ ਡਰਿੰਕ ਦੀ ਵਰਤੋਂ ਕਰਨ ਸਬੰਧੀ ਬੇਚੈਨੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਲੋਕ ਐਨਰਜੀ ਡਰਿੰਕ ਦੀ ਵਰਤੋਂ ਸਰੀਰ ਨੂੰ ਚੁਸਤ ਫੁਸਤ ਕਰਨ ਲਈ ਕਰਦੇ ਹਨ ਪਰ ਇਸਦੀ ਲੋੜ ਤੋਂ ਵੱਧ ਵਰਤੋਂ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਐਨਰਜੀ ਡਰਿੰਕ ਬੱਚਿਆਂ ਲਈ ਜ਼ਿਆਦਾ ਹਾਨੀਕਾਰਕ ਸਾਬਤ ਹੋ ਰਹੇ ਹਨ, ਜਿਸ ਕਰਕੇ ਬੱਚਿਆਂ ਨੂੰ ਇਸ ਐਨਰਜੀ ਡਰਿੰਕ ਤੋਂ ਦੂਰ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਬਠਿੰਡਾ 'ਚ ਵੱਡੀ ਵਾਰਦਾਤ, ਮੇਲੇ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਕੂਲਾਂ ਨਜ਼ਦੀਕ ਧੜੱਲੇ ਨਾਲ ਵਿਕ ਰਹੀ ਐਨਰਜੀ ਡਰਿੰਕਸ

 ਜਾਣਕਾਰੀ ਦਿੰਦੇ ਹੋਏ ਕਾਮਰੇਡ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਸਮੇਤ ਹੋਰ ਵੱਖ-ਵੱਖ ਸਕੂਲਾਂ ਦੇ ਨਜ਼ਦੀਕ ਧੜੱਲੇ ਨਾਲ ਐਨਰਜੀ ਡਰਿੰਕ ਕੋਲਡ ਡਰਿੰਕਸ ਦੱਸਦੇ ਹੋਏ ਸ਼ਰੇਆਮ ਵੇਚੀ ਜਾ ਰਹੀ ਹੈ, ਜਿਸ ਨਾਲ ਬੱਚੇ ਅਤੇ ਲੋਕ ਕਿਡਨੀ, ਬਲੱਡ ਪ੍ਰੈਸ਼ਰ, ਸ਼ੂਗਰ, ਦਿਮਾਗੀ ਅਤੇ ਹੋਰ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਜਿੱਥੇ ਇਸ ਪਾਸੇ ਵਿਸ਼ੇਸ਼ ਐਕਸ਼ਨ ਲੈਣ ਦੀ ਲੋੜ ਹੈ ਉੱਥੇ ਹੀ ਸਿੱਖਿਆ ਵਿਭਾਗ ਨੂੰ ਵੀ ਕਦਮ ਚੁੱਕਦੇ ਹੋਏ ਬੱਚਿਆਂ ਨੂੰ ਜਾਗਰੂਕ ਕਰਨ ਦੀ ਵਿਸ਼ੇਸ਼ ਜਰੂਰਤ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਪਾਸੋਂ ਇਸ ਸਬੰਧੀ ਸਖਤ ਐਕਸ਼ਨ ਲੈਣ ਲਈ ਹੁਕਮ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News