ਗੁਰਦਾਸਪੁਰ ਦੇ 2 ਕਿਸਾਨ ਭਰਾ ਬਣੇ ਮਿਸਾਲ, 12 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਏ ਬਿਨਾਂ ਕਰ ਰਹੇ ਖੇਤੀ
Monday, Jul 21, 2025 - 03:09 PM (IST)

ਗੁਰਦਾਸਪੁਰ (ਹਰਮਨ)-ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ’ਚ ਹਰੇਕ ਵਰਗ ਚਾਹੇ ਉਦਯੋਗਪਤੀ ਹੋਵੇ ਜਾਂ ਆਮ ਨਾਗਰਿਕ ਹਰੇਕ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਅਜਿਹਾ ਵਰਗ ਜੋ ਵਾਤਾਵਰਣ, ਮਿੱਟੀ ਅਤੇ ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਬਹੁਤ ਸਾਰੇ ਕਿਸਾਨ ਇਹ ਭੂਮਿਕਾ ਨਿਭਾਅ ਵੀ ਰਹੇ ਹਨ। ਅਜਿਹੇ ਹੀ ਕਿਸਾਨਾਂ ’ਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਦੇ 2 ਕਿਸਾਨ ਭਰਾ ਸਰਬਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਹਰਭਜਨ ਸਿੰਘ ਹਨ, ਜੋ ਪਿਛਲੇ 12 ਸਾਲ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਕਿਰਾਏ ਤੇ ਖੇਤੀ ਮਸ਼ੀਨਰੀ ਸੁਪਰ ਸੀਡਰ ਲੈ ਕੇ ਕਣਕ ਦੀ ਬਿਜਾਈ ਕਰਦੇ ਹਨ। ਝੋਨੇ ਦੀ ਪਰਾਲੀ ਨੂੰ ਖੇਤ ’ਚ ਵਾਹ ਕੇ ਕਣਕ ਦੀ ਬਿਜਾਈ ਕਰ ਕੇ ਦੂਸਰੇ ਕਿਸਾਨਾਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰ ਰਹੇ ਹਨ। ਦੋਵੇਂ ਭਰਾ ਸਾਂਝੇ ਤੌਰ ’ਤੇ ਖੇਤੀ ਕਰਦੇ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਲਈ ਵੱਡਾ ਤੋਹਫ਼ਾ
ਦੋਹਾਂ ਭਰਾਵਾਂ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ। ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਜਾਂਦੇ ਕੈਂਪਾਂ ਵਿਚ ਸ਼ਾਮਲ ਹੁੰਦੇ ਹਨ ਅਤੇ ਖੇਤੀ ਨਾਲ ਸਬੰਧਤ ਲਿਟਰੇਚਰ ਵੀ ਪੜ੍ਹਦੇ ਹਨ। ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਨੇ ਹਮੇਸ਼ਾ ਇਹੋ ਸਿੱਖਿਆ ਦਿੱਤੀ ਕਿ ਕਿਸੇ ਵੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ, ਸਗੋਂ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਸੰਭਾਲਣਾ ਹੈ ਤਾਂ ਜੋ ਮਿੱਟੀ ਦੇ ਸਿਹਤ ਬਰਕਰਾਰ ਰਹੇ, ਕਿਉਂਕਿ ਜੇਕਰ ਮਿੱਟੀ ਦੀ ਸਿਹਤ ਚੰਗੀ ਹੋਵੇਗੀ ਤਾਂ ਵਧੇਰੇ ਪੈਦਾਵਾਰ ਦੇ ਨਾਲ ਨਾਲ ਮਿਆਰੀ ਪੈਦਾਵਾਰ ਵੀ ਮਿਲੇਗੀ।ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਖੇਤਾਂ ਵਿਚ ਸੰਭਾਲਣ ਨਾਲ ਖਾਦਾਂ ਦੀ ਖਪਤ ਘੱਟ ਰਹੀ ਹੈ ਅਤੇ ਕੀੜੇ ਮਕੌੜੇ ਘੱਟ ਲੱਗਣ ਕਾਰਨ ਖੇਤੀ ਲਾਗਤ ਖ਼ਰਚੇ ਵੀ ਘੱਟ ਹੋ ਰਹੇ ਹਨ ਅਤੇ ਮੁਨਾਫ਼ਾ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਅਤੇ ਕਣਕ ਨੂੰ 90 ਕਿੱਲੋ ਪ੍ਰਤੀ ਏਕੜ ਤੋਂ ਵੱਧ ਕਦੇ ਖਾਦ ਨਹੀਂ ਵਰਤੀ। ਉਨ੍ਹਾਂ ਦੱਸਿਆ ਕਿ ਸਿਰਫ਼ ਕਣਕ ਦੀ ਫ਼ਸਲ ਨੂੰ ਡੀ. ਏ. ਪੀ. ਖਾਦ ਪਾਈ ਦੀ ਹੈ ਅਤੇ ਝੋਨੇ ਦੀ ਫ਼ਸਲ ਨੂੰ ਡੀ. ਏ. ਪੀ. ਖਾਦ ਨਹੀਂ ਪਾਉਂਦੇ ਹਨ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਅੰਮ੍ਰਿਤਸਰ ਦੇ ਵਕੀਲ 'ਤੇ ਗੋਲੀਬਾਰੀ
ਰਣਜੀਤ ਸਿੰਘ ਨੇ ਦੱਸਿਆ ਕਿ ਸੁਪਰ ਸੀਡਰ ਮਹਿੰਗਾ ਹੋਣ ਕਾਰਨ ਕਿਰਾਏ ’ਤੇ ਕਣਕ ਦੀ ਬਿਜਾਈ ਕਰ ਲਈ ਦੀ ਹੈ, ਜਿਸ ਨਾਲ ਮਸ਼ੀਨਰੀ ਦੀ ਰੱਖ ਰਖਾਅ ਤੇ ਆਉਣ ਵਾਲਾ ਖਰਚਾ ਵੀ ਬਚ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 12 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਅਤੇ ਨਾਂ ਹੀ ਕਿਸੇ ਨੂੰ ਅੱਗ ਲਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲਾਈਨਾਂ ਵਿਚ ਪਈ ਪਰਾਲੀ ਨੂੰ ਰੀਪਰ ਨਾਲ ਜਾਂ ਆਪੇ ਬਣਾਏ ਜੁਗਾੜ ਨਾਲ ਖਲਾਰ ਲਈ ਜਾਂਦੀ ਹੈ, ਜਿਸ ਉਪਰੰਤ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ ਅਤੇ ਕਦੇ ਵੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਸਰਬਜੀਤ ਸਿੰਘ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿਚ ਰੱਖ ਕੇ ਕਣਕ ਦੀ ਬਿਜਾਈ ਕਰਨ ਨਾਲ ਜ਼ਮੀਨ ਦੀ ਸਿਹਤ ’ਚ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪਠਾਨਕੋਟ ਦਾ ਕਈ ਪਿੰਡਾਂ ਨਾਲੋਂ ਸੰਪਰਕ ਟੁੱਟਿਆ
ਦੋਹਾਂ ਭਰਾਵਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਗ਼ਲਤੀ ਕਰਨ ਅਤੇ ਇਸ ਨੂੰ ਖੇਤ ’ਚ ਹੀ ਗਾਲਣ ਤਾਂ ਜੋ ਖੇਤੀ ਦੇ ਖ਼ਰਚੇ ਵੀ ਘੱਟ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਕਾਫ਼ੀ ਵਾਧਾ ਹੋਇਆ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਲਈ ਕੰਮ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੋਹਾਂ ਕਿਸਾਨ ਭਰਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਹੋਰਨਾਂ ਕਿਸਾਨਾਂ ਲਈ ਰਾਹ ਦਸੇਰੇ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਸਰਬਜੀਤ ਸਿੰਘ ਅਤੇ ਰਣਜੀਤ ਸਿੰਘ ਦੀ ਤਰਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8