ਪੰਜਾਬ ਵਿਚ ਲੱਗ ਰਹੇ ਸਮਾਰਟ ਮੀਟਰਾਂ ਦਾ ਵੱਡੇ ਪੱਧਰ ''ਤੇ ਵਿਰੋਧ
Thursday, Jul 17, 2025 - 04:32 PM (IST)

ਬਨੂੜ (ਗੁਰਪਾਲ) : ਸੂਬੇ ਵਿਚ ਲਾਏ ਜਾ ਰਹੇ ਬਿਜਲੀ ਦੇ ਸਮਾਰਟ ਮੀਟਰਾਂ ਖਿਲਾਫ 5 ਕਿਸਾਨ ਜਥੇਬੰਦੀਆਂ ਵੱਲੋਂ ਭਲਕੇ ਪਟਿਆਲਾ ਵਿਖੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਅਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਬਨੂੜ ਨੇੜਲੇ ਪਿੰਡਾਂ ’ਚ ਝੰਡਾ ਮਾਰਚ ਕਰ ਕੇ ਇਸ ਰੋਸ ਪ੍ਰਦਰਸ਼ਨ ’ਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਨੇੜਲੇ ਪਿੰਡ ਰਾਮਪੁਰ, ਬਲਮਾਜਰਾ, ਜਲਾਲਪੁਰ, ਰਾਮਨਗਰ ਅਤੇ ਹੋਰ ਪਿੰਡਾਂ ’ਚ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਦੇ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ, ਸੂਬਾ ਜਨਰਲ ਸਕੱਤਰ ਗੁਰਧਿਆਨ ਸਿੰਘ, ਜ਼ਿਲਾ ਜਨਰਲ ਸਕੱਤਰ ਹਰਨੇਕ ਸਿੰਘ ਅਤੇ ਰਾਮਪੁਰ ਇਕਾਈ ਦੇ ਪ੍ਰਧਾਨ ਨੰਬਰਦਾਰ ਸਿਮਰਨਜੀਤ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਵਲੋਂ ਖਪਤਕਾਰਾਂ ਦੇ ਸਮਾਰਟ ਬਿਜਲੀ ਦੇ ਸਮਾਰਟ ਮੀਟਰ ਲਾਏ ਜਾ ਰਹੇ ਹਨ, ਜਦੋਂ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਉਤਾਵਲੀ ਹੈ ਪਰ ਕਿਸਾਨ ਜਥੇਬੰਦੀਆਂ ਸੂਬੇ ’ਚ ਬਿਜਲੀ ਦੇ ਸਮਾਰਟ ਮੀਟਰ ਨਹੀਂ ਲੱਗਣ ਦੇਣਗੀਆਂ ਜਿਸ ਦੇ ਖਿਲਾਫ 5 ਕਿਸਾਨ ਜਥੇਬੰਦੀਆਂ ਵੱਲੋਂ ਭਲਕੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।