ਮੋਬਾਇਲ ਵਿੰਗ-2 ਨੇ ਬਰਾਮਦ ਕੀਤੀ 560 ਪੇਟੀਆਂ ਸ਼ਰਾਬ

Thursday, Jan 31, 2019 - 04:19 AM (IST)

ਅੰਮ੍ਰਿਤਸਰ,(ਇੰਦਰਜੀਤ)— ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਅੰਮ੍ਰਿਤਸਰ-2 ਨੇ ਇਕ ਨਾਕੇਬੰਦੀ ਦੌਰਾਨ 2 ਕੈਂਟਰ ਕਾਬੂ ਕਰ ਕੇ 560 ਪੇਟੀਆਂ ਸ਼ਰਾਬ ਬਰਾਮਦ ਕੀਤੀ, ਜੋ ਦੂਜੇ ਰਾਜਾਂ ਤੋਂ ਆਉਣ ਦੀ ਬਜਾਏ ਇਕ ਜ਼ਿਲੇ ਤੋਂ ਦੂਜੇ ਜ਼ਿਲੇ 'ਚ ਸਮੱਗਲਿੰਗ ਹੋ ਰਹੀ ਸੀ, ਪਠਾਨਕੋਟ ਅਧੀਨ ਆਉਂਦੇ ਖੇਤਰ 'ਚੋਂ ਬਰਾਮਦ ਕੀਤੀ ਗਈ।
           ਜਾਣਕਾਰੀ ਮੁਤਾਬਕ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਜੁਆਇੰਟ ਕਮਿਸ਼ਨਰ ਜਲੰਧਰ ਰੇਂਜ ਬੀ. ਕੇ. ਵਿਰਦੀ ਵੱਲੋਂ ਮਿਲੇ ਨਿਰਦੇਸ਼ਾਂ ਮੁਤਾਬਕ ਅੰਮ੍ਰਿਤਸਰ-2 ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਸਹਾਇਕ ਕਮਿਸ਼ਨਰ ਪ੍ਰਮੋਦ ਸਿੰਘ ਪਰਮਾਰ ਨੇ ਬੀਤੀ ਰਾਤ ਮੋਬਾਇਲ ਵਿੰਗ ਦੀ ਟੀਮ ਜਿਸ ਦੀ ਅਗਵਾਈ ਈ. ਟੀ. ਓ. ਓਮ ਪ੍ਰਕਾਸ਼ ਕਰ ਰਹੇ ਸਨ, ਨੇ ਪਠਾਨਕੋਟ ਦੇ ਨਜ਼ਦੀਕ ਨਾਕਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲਾਡੇ ਤਾਲਬਾਲ ਸਥਾਨ 'ਤੇ 2 ਕੈਂਟਰ ਆ ਰਹੇ ਹਨ, ਜਿਨ੍ਹਾਂ 'ਚ ਭਰੀ ਸ਼ਰਾਬ ਗ਼ੈਰ-ਕਾਨੂੰਨੀ ਤੌਰ 'ਤੇ ਉਤਾਰੀ ਜਾ ਰਹੀ ਹੈ ਪਰ ਅਸਲ 'ਚ ਇਹ ਸ਼ਰਾਬ ਕਿਸੇ ਹੋਰ ਸਥਾਨ ਦੇ ਨਾਂ 'ਤੇ ਬਣਾ ਕੇ ਵਿਭਾਗ ਨੂੰ ਧੋਖਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ਫਤਿਹਗੜ੍ਹ ਚੂੜੀਆਂ ਦੇ ਰਾਜ ਕੁਮਾਰ ਮਰਕਮ ਦੇ ਨਾਂ 'ਤੇ 1 ਲੱਖ 94 ਹਜ਼ਾਰ ਤੇ ਦੂਜਾ ਦੀਨਾਨਗਰ ਦੇ ਸ਼ੁਭ ਇੰਟਰਪ੍ਰਾਈਜ਼ਿਜ਼ ਦੇ ਨਾਂ 'ਤੇ ਵੀ 1 ਲੱਖ 93 ਹਜ਼ਾਰ ਦਾ ਬਿੱਲ ਬਣਿਆ ਹੋਇਆ ਸੀ ਪਰ ਇਨ੍ਹਾਂ ਨੂੰ ਨਿਰਧਾਰਿਤ ਸਥਾਨ ਦੀ ਬਜਾਏ ਹੋਰ ਸਥਾਨ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਵੇਚਿਆ ਜਾਣਾ ਹੈ, ਜਿਸ ਵਿਚ ਸਰਕਾਰ ਦੀ ਟੈਕਸ ਚੋਰੀ ਦਾ ਮੋਟਾ ਘਪਲਾ ਹੈ।

PunjabKesari

ਸੂਚਨਾ ਦੇ ਆਧਾਰ 'ਤੇ ਮੋਬਾਇਲ ਵਿੰਗ ਨੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਤੇ ਦੋਵਾਂ ਵਾਹਨਾਂ ਨੂੰ ਕਾਬੂ ਕਰ ਲਿਆ। ਇਨ੍ਹਾਂ 'ਚੋਂ ਬਰਾਮਦ ਕੀਤੀ ਗਈ ਸ਼ਰਾਬ ਪ੍ਰਤੀ ਟਰੱਕ 280 ਤੇ ਕੁਲ 560 ਪੇਟੀਆਂ ਸਨ। ਮੋਬਾਇਲ ਵਿੰਗ ਨੇ ਵਾਹਨ ਨੰ. ਪੀ ਬੀ 35 ਕਿਊ 8065 ਤੇ ਪੀ ਬੀ 35 ਕਿਊ 2205 ਨੂੰ ਕਬਜ਼ੇ ਵਿਚ ਲੈ ਲਿਆ ਤੇ ਬਰਾਮਦ ਕੀਤੀ ਗਈ ਸ਼ਰਾਬ ਵਿਭਾਗੀ ਕਾਰਵਾਈ ਲਈ ਸੁਰੱਖਿਅਤ ਰੱਖ ਲਈ ਹੈ। ਸ਼ਰਾਬ ਦੀ ਸਮੱਗਲਿੰਗ ਦੇ ਧੰਦੇ ਨੂੰ ਅਸਲੀ ਰੂਪ ਦੇਣ ਲਈ ਅੰਮ੍ਰਿਤਸਰ-ਪਠਾਨਕੋਟ ਟੋਲ ਪਲਾਜ਼ਾ ਦੀ ਸਲਿਪ ਅਟੈਚ ਕੀਤੀ ਗਈ ਸੀ, ਜਿਸ ਵਿਚ ਵਾਹਨ ਦੇ ਬੀਤਣ ਦਾ 3:31 ਸਮਾਂ ਦਿਖਾਇਆ ਗਿਆ ਸੀ, ਜਦੋਂ ਕਿ ਮਾਲ ਦੀ ਬਰਾਮਦਗੀ ਪਠਾਨਕੋਟ ਖੇਤਰ ਤੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਐਂਡ ਟੈਕਸੇਸ਼ਨ ਸਹਾਇਕ ਕਮਿਸ਼ਨਰ ਪ੍ਰਮੋਦ ਸਿੰਘ ਪਰਮਾਰ ਨੇ ਦੱਸਿਆ ਕਿ ਉਕਤ ਸ਼ਰਾਬ ਪਠਾਨਕੋਟ ਰੇਂਜ ਦੇ ਪਾਇਨਰ ਡਿਸਟਿਲਰੀਜ਼ ਤੋਂ ਬਣੀ ਹੋਈ ਹੈ, ਜਿਸ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਵੱਖ-ਵੱਖ ਖੇਤਰਾਂ 'ਚ ਲਿਜਾਇਆ ਜਾਣਾ ਸੀ। ਬਰਾਮਦ ਕੀਤੀ ਗਈ ਸ਼ਰਾਬ 'ਤੇ ਵਿਭਾਗ ਸਖ਼ਤ ਕਾਰਵਾਈ ਕਰੇਗਾ ਅਤੇ ਇਸ ਨੂੰ ਖਰੀਦਣ ਤੇ ਵੇਚਣ ਵਾਲਿਆਂ ਦਾ ਪੂਰਾ ਰਿਕਾਰਡ ਖੰਗਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਵਾਹਨ ਚਾਲਕਾਂ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।


Related News