ਬਿਲਡਿੰਗ ਇੰਸਪੈਕਟਰ ਮਾਮਲੇ ''ਚ ਮੇਅਰ ਅਤੇ ਕਮਿਸ਼ਨਰ ਦੇਣ ਅਸਤੀਫ਼ਾ : ਸੁਰੇਸ਼

10/3/2020 2:16:45 PM

ਅੰਮ੍ਰਿਤਸਰ(ਅਨਜਾਣ) ਬੀਤੇ ਦਿਨੀ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਮਲਕੀਤ ਸਿੰਘ ਵਲੋਂ ਸਿਆਸੀ ਦਖਲਅੰਦਾਜ਼ੀ ਕਰਕੇ ਨਾਜਾਇਜ਼ ਉਸਾਰੀਆਂ ਹਟਾਉਣ 'ਚ ਆਉਂਦੀ ਰੁਕਾਵਟ ਦੇ ਮੱਦੇਨਜ਼ਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਇਸ ਸਬੰਧੀ ਆਰ. ਟੀ. ਆਈ. ਐਕਟੀਵਿਸਟ ਸੁਰੇਸ਼ ਸ਼ਰਮਾ ਨੇ ਮੇਅਰ, ਕਮਿਸ਼ਨਰ ਸਮੇਤ ਸਿਆਸੀ ਆਗੂਆਂ ਦੇ ਪੋਲ ਖੋਲ੍ਹਦਿਆਂ ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਨੈਤਿਕਤਾ ਦੇ ਅਧਾਰ 'ਤੇ ਅਸਤੀਫ਼ਾ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮਲਕੀਤ ਸਿੰਘ ਨੇ ਆਪਣਾ ਅਸਤੀਫ਼ਾ ਲੀਗਲ ਨੋਟਿਸ ਰਾਹੀਂ ਭੇਜਿਆ ਹੈ, ਜਦਕਿ ਉਹ ਇਹ ਅਸਤੀਫ਼ਾ ਨਿਗਮ ਕਮਿਨਸ਼ਨਰ ਨੂੰ ਮਿਲ ਕੇ ਵੀ ਦੇ ਸਕਦੇ ਸਨ। ਮੀਡੀਆ ਰਾਹੀਂ ਵੀ ਬਹੁਤ ਵਾਰੀ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਨਾਜਾਇਜ਼ ਉਸਾਰੀਆਂ ਸਿਆਸੀ ਲੋਕਾਂ ਦੀ ਸ਼ਹਿ 'ਤੇ ਹੁੰਦੀਆਂ ਹਨ।

ਇਹ ਵੀ ਪੜ੍ਹੋ : ਸੜਕ 'ਤੇ ਕੁੜੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਸਿਰ 'ਤੇ ਮਾਰੀਆਂ ਹਾਕੀਆਂ (ਵੀਡੀਓ)

ਉਨ੍ਹਾਂ ਕੁਝ ਸਿਆਸੀ ਧਨੰਤਰਾਂ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਮੇਰੇ ਵਲੋਂ ਕੁਝ ਸਮਾਂ ਪਹਿਲਾਂ ਵਾਰਡ ਨੰਬਰ 75 ਦੇ ਕੌਂਸਲਰ ਪਤੀ ਵਲੋਂ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਬਾਰੇ ਖੁਲਾਸਾ ਕੀਤਾ ਗਿਆ ਸੀ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਰੇਲਵੇ ਰੋਡ 'ਤੇ ਹੋਟਲ ਵੋਲਗਾ ਨਜ਼ਦੀਕ ਬੇਸਮੈਂਟ ਸਮੇਤ ਬਹੁ-ਮੰਜ਼ਲੀ ਕਾਰੋਬਾਰੀ ਇਮਾਰਤ ਅਤੇ ਚੀਫ਼ ਖਾਲਸਾ ਦੀਵਾਨ ਕੰਪਲੈਕਸ ਦੇ ਸਾਹਮਣੇ ਪੈਟਰੋਲ ਪੰਪ ਅੰਦਰ ਉਸਾਰੀ ਵੀ ਕਰਵਾਈ ਜਾ ਰਹੀ ਹੈ। ਖਾਲਸਾ ਕਾਲਜ ਸਾਹਮਣੇ ਐੱਸ. ਆਰ. ਟਾਵਰ ਅਤੇ ਰਣਜੀਤ ਹਸਪਤਾਲ ਨੇੜੇ ਬਖਸ਼ੀ ਰਿਜ਼ਾਰਟ ਦਾ ਨਿਰਮਾਣ, ਕੁਈਨਜ਼ ਰੋਡ 'ਤੇ ਹੋਟਲ ਬਸੇਰਾ ਸਾਹਮਣੇ ਗਲੀ ਵਿਚ ਹੋਟਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਪ੍ਰਕਾਸ਼ ਹਸਪਤਾਲ ਪੁਤਲੀਘਰ ਨੇੜੇ ਬਹੁ-ਮੰਜ਼ਿਲਾਂ ਇਮਾਰਤਅਤੇ ਖੰਡਵਾਲਾ ਤੋਂ ਰੇਲਵੇ ਫਾਟਕ ਵਾਲੀ ਸੜਕ 'ਤੇ 3 ਅਣ-ਅਧਿਕਾਰਤ ਕਾਲੋਨੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਦਕਿ ਡਿਪਟੀ ਮੇਅਰ ਯੂਨਿਸ ਕੁਮਾਰ ਖੁਦ ਇਨ੍ਹਾਂ ਕਾਲੋਨੀਆਂ ਦਾ ਮੌਕਾ ਚੈੱਕ ਕਰ ਚੁੱਕੇ ਹਨ ਅਤੇ ਮਿਊਂਸੀਪਲ ਟਾਊਨ ਪਲਾਨਰ ਨੂੰ ਕਾਰਵਾਈ ਦੇ ਹੁਕਮ ਦੇ ਚੁੱਕੇ ਹਨ ।

ਇਹ ਵੀ ਪੜ੍ਹੋ : ਇਸ ਸਾਲ ਪਵੇਗੀ ਕੜਾਕੇ ਦੀ ਠੰਡ, ਸਰਦੀ ਦਾ ਮੌਸਮ ਵੀ ਹੋਵੇਗਾ ਲੰਬਾ

ਸ਼ਰਮਾ ਨੇ ਬਿਲਡਿੰਗ ਇੰਸਪੈਕਟਰ ਮਲਕੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਅਸਤੀਫ਼ਾ ਮਨਜ਼ੂਰ ਹੋਣ ਉਪਰੰਤ ਉਨ੍ਹਾਂ ਸਾਰੇ ਸਿਆਸੀ ਲੋਕਾਂ ਦੇ ਨਾਂ ਲਿਖਤੀ ਰੂਪ 'ਚ ਸਰਕਾਰ ਨੂੰ ਦੇਣ ਜੋ ਉਨ੍ਹਾਂ 'ਤੇ ਨਾਜਾਇਜ਼ ਉਸਾਰੀਆਂ ਕਰਵਾਉਣ ਲਈ ਦਬਾਅ ਬਣਾਉਂਦੇ ਰਹੇ ਹਨ ਅਤੇ ਬਦਲੀ ਕਰਵਾਉਣ ਦੀਆਂ ਧਮਕੀਆਂ ਦਿੰਦੇ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਿਛਲੇ ਇਕ ਸਾਲ ਦੌਰਾਨ ਜੋ ਨਾਜਾਇਜ਼ ਉਸਾਰੀਆਂ ਦੀਆਂ ਸ਼ਿਕਾਇਤਾਂ ਕਮਿਸ਼ਨਰ ਨਗਰ ਨਿਗਮ ਕੋਲ ਆਈਆਂ ਹਨ, ਦਾ ਰਿਕਾਰਡ ਜ਼ਬਤ ਕਰਕੇ ਕਾਰਵਾਈ ਕੀਤੀ ਜਾਵੇ।


Baljeet Kaur

Content Editor Baljeet Kaur