ਅੰਬੈਸਡਰ ਰਚਿਤਾ ਭੰਡਾਰੀ ਦੀ ਰਜਿਸਟਰੀ ਦਾ ਮਾਮਲਾ: ਹੋਣਹਾਰ ਅਧਿਕਾਰੀਆਂ ਨੇ ਸੰਭਾਲੀ ਕਮਾਂਡ, ਗੁੱਥੀ ਸੁਲਝਣ ਦੇ ਕਰੀਬ

03/04/2024 5:54:46 PM

ਅੰਮ੍ਰਿਤਸਰ (ਨੀਰਜ)–ਜਰਮਨੀ ’ਚ ਭਾਰਤ ਦੀ ਅੰਬੈਸਡਰ ਮੈਡਮ ਰਚਿਤਾ ਭੰਡਾਰੀ ਦੀ ਪਿੰਡ ਹੇਰ ਸਥਿਤ 588 ਗਜ਼ ਜ਼ਮੀਨ ਦੀ ਜਾਅਲੀ ਰਜਿਸਟਰੀ ਹੋਣ ਦੇ ਮਾਮਲੇ ’ਚ ਪੁਲਸ ਨੇ ਡੀ. ਸੀ. ਘਣਸ਼ਾਮ ਥੋਰੀ ਦੀ ਸਿਫਾਰਿਸ਼ ’ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮ ਅਨੁਸਾਰ 25 ਜਨਵਰੀ ਨੂੰ ਪਰਚਾ ਤਾਂ ਦਰਜ ਕਰ ਦਿੱਤਾ ਪਰ ਰਹੱਸਮਈ ਤਰੀਕੇ ਨਾਲ ਇੰਨੇ ਵੱਡੇ ਹਾਈਪ੍ਰੋਫਾਈਲ ਕੇਸ ਦੀ ਜਾਂਚ ਇਕ ਮਹੀਨੇ ਤੱਕ ਠੰਢੇ ਬਸਤੇ ’ਚ ਪਈ ਰਹੀ। ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਪ੍ਰਾਈਵੇਟ ਕਰਿੰਦੇ ਨਾਰਾਇਣ ਸਿੰਘ ਤੱਕ ਜਾਂਚ ਸੀਮਤ ਕਰ ਦਿੱਤੀ ਗਈ ਜਦਕਿ ਨਕਲੀ ਰਚਿਤਾ ਭੰਡਾਰੀ, ਜ਼ਮੀਨ ਖਰੀਦਣ ਵਾਲੇ ਸ਼ੇਰ ਸਿੰਘ ਅਤੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਸਖ਼ਤ ਯਤਨ ਨਹੀਂ ਕੀਤੇ ਗਏ।

ਹੁਣ ਜਿਥੇ ਇਸ ਮਾਮਲੇ ਦੀ ਜਾਂਚ ਦੀ ਕਾਂਡ ਪੁਲਸ ਦੇ ਹੋਣਹਾਰ ਅਧਿਕਾਰੀਆਂ ’ਚੋਂ ਇਕ ਏ. ਡੀ. ਸੀ. ਪੀ. ਪ੍ਰਭਜੋਤ ਸਿੰਘ ਵਿਰਕ ਅਤੇ ਏ. ਸੀ. ਪੀ. ਵਰਿੰਦਰ ਸਿੰਘ ਖੋਸਾ ਨੇ ਸੰਭਾਲੀ ਹੈ। ਜਾਂਚ ਅਧਿਕਾਰੀ ਗੁਰਜੀਤ ਸਿੰਘ ਜਿਨ੍ਹਾਂ ਕੋਲ ਕੁਝ ਦਿਨ ਪਹਿਲਾਂ ਹੀ ਇਹ ਕੇਸ ਆਇਆ ਹੈ। ਉਨ੍ਹਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ ਅਤੇ ਨਕਲੀ ਰਚਿਤਾ ਭੰਡਾਰੀ ਜ਼ਮੀਨ ਦੀ ਰਜਿਸਟਰੀ ਦੀ ਗੁੱਥੀ ਸੁਲਝਣ ਦੇ ਕਾਫੀ ਕਰੀਬ ਮੰਨੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਨਕਲੀ ਰਚਿਤਾ ਭੰਡਾਰੀ, ਖਰੀਦਦਾਰ ਸ਼ੇਰ ਸਿੰਘ ਅਤੇ ਵਸੀਕਾ ਨਵੀਸ ਆਸ਼ੂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਸਿਟੀ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਉਸ ਹਾਈਪ੍ਰੋਫਾਈਲ ਗੈਂਗ ਦਾ ਪਤਾ ਚਲ ਸਕਦਾ ਹੈ ਜੋ ਲੰਬੇ ਸਮੇਂ ਤੋਂ ਜ਼ਿਲ੍ਹੇ ਦੇ ਤਹਿਸੀਲਾਂ, ਸਬ-ਤਹਿਸੀਲਾਂ ਅਤੇ ਰਜਿਸਟਰੀ ਦਫਤਰਾਂ ’ਚ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਲੋਕਾਂ ਦੀਆਂ ਜ਼ਮੀਨਾਂ ਹੜਪਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਵੱਡੀ ਵਾਰਦਾਤ ਦੀ ਖ਼ਬਰ, ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਐੱਸ. ਡੀ. ਐੱਮ. ਨਿਕਾਸ ਕੁਮਾਰ ਅਤੇ ਸਬ-ਰਜਿਸਟਰਾਰ ਜਗਤਾਰ ਸਿੰਘ ਨੇ ਕੀਤੀ ਸੀ ਜਾਂਚ

ਆਈ. ਐੱਫ. ਐੱਸ. ਅਧਿਕਾਰੀ ਰਚਿਤਾ ਭੰਡਾਰੀ ਦੀ ਮਾਤਾ ਸੁਧਾ ਭੰਡਾਰੀ ਨੂੰ ਜਦੋਂ ਉਨ੍ਹਾਂ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਹੋਣ ਦੀ ਸੂਚਨਾ ਮਿਲੀ ਸੀ ਤਾਂ ਉਹ ਖੁਦ ਡੀ. ਸੀ. ਘਣਸ਼ਾਮ ਥੋਰੀ ਦੇ ਸਾਹਮਣੇ ਪੇਸ਼ ਹੋਈ ਜਿਸ ਤੋਂ ਬਾਅਦ ਡੀ. ਸੀ. ਨੇ ਆਈ. ਏ. ਐੱਸ. ਅਧਿਕਾਰੀ ਐੱਸ. ਡੀ. ਐੱਮ.-2 ਨਿਕਾਸ ਕੁਮਾਰ ਨੂੰ ਮਾਮਲੇ ਦੀ ਜਾਂਚ ਸੌਂਪੀ ਜਦਕਿ ਇਸ ਤੋਂ ਪਹਿਲਾਂ ਸਬ-ਰਜਿਸਟਰਾਰ ਸੀ ਜਗਤਾਰ ਸਿੰਘ ਜਿਨ੍ਹਾਂ ਦੇ ਦਫ਼ਤਰ ’ਚ ਰਜਿਸਟਰੀ ਹੋਈ ਸੀ ਉਨ੍ਹਾਂ ਨੇ ਪੁਲਸ ਨੂੰ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ। ਡੀ. ਸੀ. ਥੋਰੀ ਦੀ ਸਿਫਾਰਿਸ਼ ਤੋਂ ਬਾਅਦ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮ ’ਤੇ 6 ਲੋਕਾਂ ਵਿਰੁੱਧ ਧਾਰਾ 419, 420, 468, 471 ਅਤੇ 120ਬੀ ਅਤੇ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 82 ਦੇ ਤਹਿਤ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ 'ਸਰਕਾਰ-ਵਪਾਰ ਮਿਲਣੀ' 'ਚ ਪੁੱਜੇ CM ਮਾਨ ਤੇ ਕੇਜਰੀਵਾਲ, ਆਖੀਆਂ ਅਹਿਮ ਗੱਲਾਂ

17 ਲੱਖ ’ਚ ਹੋਈ ਸੀ ਰਜਿਸਟਰੀ, 45 ਹਜ਼ਾਰ ਮਿਲੀ ਸੀ ਕਮਿਸ਼ਨ

ਰਜਿਸਟਰੀ ਦਫਤਰ ’ਚ 31 ਅਗਸਤ 2023 ਦੇ ਦਿਨ 17 ਲੱਖ ਰੁਪਏ ’ਚ ਰਚਿਤਾ ਭੰਡਾਰੀ ਦੇ 588 ਗਜ਼ ਦੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾਈ ਗਈ ਸੀ। ਮੁਲਜ਼ਮਾਂ ਵਲੋਂ ਪਹਿਲਾਂ ਜਾਅਲੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾਏ ਗਏ ਜਦਕਿ ਇਕ ਪ੍ਰਾਪਰਟੀ ਡੀਲਰ ਨੇ 42 ਹਜ਼ਾਰ ਰੁਪਏ ਕਮਿਸ਼ਨ ਵੀ ਲਿਆ ਸੀ । ਖਰੀਦਦਾਰ ਸ਼ੇਰ ਸਿੰਘ ਦੀ ਭੂਆ ਦੀ ਬੇਟੀ ਨੂੰ ਵਿਦੇਸ਼ ਤੋਂ ਆਈ ਦੱਸ ਕੇ ਰਜਿਸਟਰੀ ਕਰਵਾਈ ਗਈ ਸੀ ਜੋ ਪੁਲਸ ਜਾਂਚ ’ਚ ਅਹਿਮ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫਟ ਕਰਨ ਤੋਂ ਪੰਜਾਬ ਸਰਕਾਰ ਨੇ ਕੀਤੀ ਨਾਂਹ

ਸੈਂਕੜੇ ਜਾਅਲੀ ਐੱਨ. ਓ. ਸੀ. ਬਣਾਉਣ ਵਾਲਾ ਗੈਂਗ ਵੀ ਲੋੜੀਂਦਾ

ਜ਼ਿਲੇ ਦੇ ਰਜਿਸਟਰੀ ਦਫਤਰ-1, ਰਜਿਸਟਰੀ ਦਫਤਰ-2 ਅਤੇ ਰਜਿਸਟਰੀ-3 ਦਫਤਰ ਸਨ, ’ਚ ਪਿਛਲੇ ਇਕ ਸਾਲ ਦੌਰਾਨ ਸਬ-ਰਜਿਸਟ੍ਰਾਰ ਨਵਕੀਰਤ ਸਿੰਘ ਰੰਧਾਵਾ, ਸਾਬਕਾ ਸਬ-ਰਜਿਸਟ੍ਰਾਰ ਜਸਕਰਨ ਸਿੰਘ, ਸਾਬਕਾ ਸਬ-ਰਜਿਸਟ੍ਰਾਰ ਬੀਰਕਰਨ ਸਿੰਘ ਢਿੱਲੋਂ, ਅਜੇ ਕੁਮਾਰ ਅਤੇ ਮੌਜੂਦਾ ਸਬ-ਰਜਿਸਟਾਰ ਸੀ। ਜਗਤਾਰ ਸਿੰਘ ਵਲੋਂ ਸੈਂਕੜੇ ਦੀ ਗਿਣਤੀ ’ਚ ਜਾਅਲੀ ਐੱਨ.ਓ.ਸੀਜ਼ ਫੜੀਆਂ ਜਾ ਚੁੱਕੀਆਂ ਹਨ, ਜਿਸ ’ਚ ਕੁਝ ਮਾਮਲਿਆਂ ’ਚ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਹੈ। ਨਕਲੀ ਰਚਿਤਾ ਭੰਡਾਰੀ ਅਤੇ ਹੋਰ ਮੁਲਜ਼ਮਾਂ ਦੇ ਫੜੇ ਜਾਣ ਨਾਲ ਜਾਅਲੀ ਐੱਨ. ਓ. ਸੀਜ਼ ਬਣਾਉਣ ਵਾਲੇ ਗੈਂਗ ਦਾ ਵੀ ਪਰਦਾਫਾਸ਼ ਹੋ ਸਕਦਾ ਹੈ ਅਤੇ ਇਸ ਰਹੱਸ ਦੀ ਗੁੱਥੀ ਸੁਲਝ ਸਕਦੀ ਹੈ ਕਿ ਜਾਅਲੀ ਐੱਨ.ਓ.ਸੀਜ਼ ਕੌਣ ਤਿਆਰ ਕਰਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਗੈਰ-ਲਾਇਸੈਂਸੀ ਵਸੀਕਾ ਨਵੀਸ ਅਤੇ ਬਿਨਾਂ ਕਾਰਨ ਤਹਿਸੀਲਾਂ ’ਚ ਘੁੰਮਣ ਵਾਲਿਆਂ ਦੀ ਐਂਟਰੀ ਬੈਨ

ਜ਼ਮੀਨਾਂ ਦੀਆਂ ਜਾਅਲੀ ਰਜਿਸਟਰੀਆਂ ਦੇ ਮਾਮਲੇ ਆਉਣ ਤੋਂ ਬਾਅਦ ਖੁਦ ਡੀ. ਸੀ. ਘਣਸ਼ਾਮ ਥੋਰੀ ਵੀ ਸਖਤ ਐਕਸ਼ਨ ’ਚ ਹਨ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਮੇਤ ਰਜਿਸਟਰੀ ਦਫਤਰਾਂ ’ਚ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਰ-ਲਾਇਸੈਂਸੀ ਵਸੀਕਾ ਨਵੀਸਾਂ ਅਤੇ ਬਿਨਾਂ ਕਾਰਨ ਰਜਿਸਟਰੀ ਦਫਤਰ ਅਤੇ ਤਹਿਸੀਲਾਂ ਘੁੰਮਣ ਵਾਲਿਆਂ ਦੀ ਐਂਟਰੀ ਨੂੰ ਬੈਨ ਕੀਤਾ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News