ਸ਼ਹਿਰ ''ਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬੱਸ ਦੀ ਕਰਵਾਈ ਸਵਾਰੀ

Wednesday, Feb 12, 2025 - 11:08 PM (IST)

ਸ਼ਹਿਰ ''ਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬੱਸ ਦੀ ਕਰਵਾਈ ਸਵਾਰੀ

ਲੁਧਿਆਣਾ (ਹਿਤੇਸ਼) - ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇੱਕ ਵਿਲੱਖਣ ਪਹਿਲਕਦਮੀ ਕਰਦੇ ਹੋਏ, ਨਗਰ ਨਿਗਮ ਦੇ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਬੁੱਧਵਾਰ ਨੂੰ ਜ਼ਮੀਨੀ ਪੱਧਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਲਈ ਇੱਕ ਬੱਸ ਯਾਤਰਾ ਦਾ ਪ੍ਰਬੰਧ ਕੀਤਾ। ਟ੍ਰੈਫਿਕ ਸਲਾਹਕਾਰ ਪੰਜਾਬ, ਨਵਦੀਪ ਅਸੀਜਾ ਅਤੇ ਮੈਂਬਰ, ਪੰਜਾਬ ਰੋਡ ਸੇਫਟੀ ਕੌਂਸਲ ਰਾਹੁਲ ਵਰਮਾ ਵੀ ਅਧਿਕਾਰੀਆਂ ਦੇ ਨਾਲ ਸਨ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੌਂਕਾਂ ਦੇ ਸੁਧਾਰ ਅਤੇ ਭੀੜ-ਭੜੱਕੇ ਨੂੰ ਘਟਾਉਣ ਲਈ ਸਿਫਾਰਸ਼ਾਂ ਕੀਤੀਆਂ। ਅਧਿਕਾਰੀ ਲਗਭਗ ਢਾਈ ਘੰਟੇ ਫੀਲਡ ਵਿੱਚ ਰਹੇ।

ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਸੰਯੁਕਤ ਕਮਿਸ਼ਨਰ ਅਭਿਸ਼ੇਕ ਸ਼ਰਮਾ, ਏ.ਸੀ.ਪੀ ਟ੍ਰੈਫਿਕ ਜਤਿਨ ਬਾਂਸਲ, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਗੁਰਪਾਲ ਸਿੰਘ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ, ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ,  ਨਿਗਰਾਨ ਇੰਜੀਨੀਅਰ ਸੰਜੇ ਕੰਵਰ, ਨਿਗਰਾਨ ਇੰਜੀਨੀਅਰ ਪਰਵੀਨ ਸਿੰਗਲਾ, ਐਮ.ਟੀ.ਪੀ ਵਿਜੇ ਕੁਮਾਰ, ਏ.ਟੀ.ਪੀਜ਼, ਤਹਿਬਾਜ਼ਾਰੀ ਦੇ ਅਧਿਕਾਰੀ ਅਤੇ ਹੋਰ ਹਾਜ਼ਰ ਸਨ। 

ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ, ਨਗਰ ਨਿਗਮ ਕਮਿਸ਼ਨਰ ਡੇਚਲਵਾਲ ਅਤੇ ਹੋਰ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਸ ਰਾਹੀਂ ਲਗਭਗ 18 ਥਾਵਾਂ ਦਾ ਮੁਆਇਨਾ ਕੀਤਾ। ਇਨ੍ਹਾਂ ਥਾਵਾਂ ਵਿੱਚ ਜਗਰਾਉਂ ਪੁਲ, ਕਪੂਰ ਹਸਪਤਾਲ ਅਤੇ ਦੁਰਗਾ ਮਾਤਾ ਮੰਦਰ ਦੇ ਨੇੜੇ ਚੌਂਕ, ਮਾਤਾ ਰਾਣੀ ਚੌਂਕ, ਪੁਰਾਣੀ ਸਬਜ਼ੀ ਮੰਡੀ, ਪ੍ਰਤਾਪ ਚੌਂਕ, ਹੰਬੜਾਂ ਰੋਡ, ਆਰੀਆ ਕਾਲਜ ਦੇ ਨੇੜੇ, ਲੱਕੜ ਪੁਲ, ਦੀਪ ਹਸਪਤਾਲ ਰੋਡ ਅਤੇ ਹੋਰ ਇਲਾਕੇ ਸ਼ਾਮਲ ਸਨ। 

ਇਹਨਾਂ ਸਿਫ਼ਾਰਸ਼ਾਂ ਵਿੱਚ ਪੀ.ਐਸ.ਪੀ.ਸੀ.ਐਲ ਸਬ-ਸਟੇਸ਼ਨ ਦੇ ਬਾਹਰ ਸਰਕਾਰੀ ਜ਼ਮੀਨ ਨੂੰ ਸ਼ਾਮਲ ਕਰਕੇ ਕਪੂਰ ਹਸਪਤਾਲ ਦੇ ਨੇੜੇ ਸੜਕ ਦੀ ਚੌੜਾਈ ਵਧਾਉਣਾ, ਜਗਰਾਉਂ ਪੁਲ ‘ਤੇ ਚੌਂਕ ਨੂੰ ਮੁੜ ਡਿਜ਼ਾਈਨ ਕਰਨਾ, ਵਿਸ਼ਵਕਰਮਾ ਚੌਂਕ ਵੱਲ ਜਾਣ ਵਾਲੀ ਜਗਰਾਉਂ ਪੁਲ ਸੜਕ ਨੂੰ ਚੌੜਾ ਕਰਨਾ, ਦੁਰਗਾ ਮਾਤਾ ਮੰਦਰ ਚੌਂਕ ਅਤੇ ਦੀਪ ਹਸਪਤਾਲ ਦੇ ਨੇੜੇ ਚੌਂਕ ਦੀ ਚੌੜਾਈ ਵਧਾਉਣਾ, ਪੁਰਾਣੀ ਜੀ.ਟੀ ਰੋਡ 'ਤੇ ਗੁਲਜ਼ਾਰ ਮੋਟਰ ਨੇੜੇ ਸਲਿੱਪ ਰੋਡ ਦਾ ਨਿਰਮਾਣ, ਪੁਰਾਣੀ ਜੀ.ਟੀ ਰੋਡ ਤੋਂ ਕਬਜ਼ੇ ਹਟਾਉਣਾ, ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਸਲਿੱਪ ਰੋਡ ਦਾ ਨਿਰਮਾਣ ਆਦਿ ਸ਼ਾਮਲ ਸਨ।  

ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਜਾਂਚ ਕਰਨਾ ਸੀ। ਟ੍ਰੈਫਿਕ ਪੁਲਿਸ ਅਧਿਕਾਰੀਆਂ ਅਤੇ ਨਗਰ ਨਿਗਮ ਦੀ ਬੀ.ਐਂਡ.ਆਰ ਸ਼ਾਖਾ, ਬਿਲਡਿੰਗ ਸ਼ਾਖਾ, ਤਹਿਬਾਜ਼ਾਰੀ ਆਦਿ ਸਮੇਤ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀਆਂ ਨੂੰ ਨਾਲ ਲਿਆ ਗਿਆ ਤਾਂ ਜੋ ਮੌਕੇ ਤੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਸਕੇ। ਟ੍ਰੈਫਿਕ ਮਾਹਿਰਾਂ ਨੇ ਆਪਣੀਆਂ ਸਿਫ਼ਾਰਸ਼ਾਂ ਪੇਸ਼ ਕਰ ਦਿੱਤੀਆਂ ਹਨ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਜੰਕਸ਼ਨ/ਚੌਂਕ ਸੁਧਾਰਾਂ ਆਦਿ ਲਈ ਡਿਜ਼ਾਈਨ ਵੀ ਪੇਸ਼ ਕਰਨਗੇ। ਨਗਰ ਨਿਗਮ ਸ਼ਹਿਰ ਵਿੱਚ ਭੀੜ-ਭੜੱਕੇ ਨੂੰ ਘਟਾਉਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸਮਾਨਾਂਤਰ ਕੰਮ ਕਰੇਗਾ।
 


author

Inder Prajapati

Content Editor

Related News