ਮੋਹਾਲੀ 'ਚ 3 ਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਅਧਿਕਾਰੀਆਂ ਦੇ ਸੁੱਕੇ ਸਾਹ
Wednesday, Feb 12, 2025 - 12:17 PM (IST)
![ਮੋਹਾਲੀ 'ਚ 3 ਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਅਧਿਕਾਰੀਆਂ ਦੇ ਸੁੱਕੇ ਸਾਹ](https://static.jagbani.com/multimedia/2025_2image_12_17_30309803398.jpg)
ਮੋਹਾਲੀ (ਸੰਦੀਪ) : ਮੋਹਾਲੀ ਦੇ ਪਿੰਡ ਸੋਹਾਣਾ 'ਚ ਬੀਤੀ 21 ਦਸੰਬਰ ਨੂੰ 3 ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਇਕ ਨੌਜਵਾਨ ਅਤੇ ਕੁੜੀ ਦੀ ਮੌਤ ਦੇ ਮਾਮਲੇ ਦੀ ਰਿਪੋਰਟ ਐੱਸ. ਡੀ. ਐੱਮ. ਵੱਲੋਂ ਤਿਆਰ ਕਰਕੇ ਡੀ. ਸੀ. ਨੂੰ ਸੌਂਪ ਦਿੱਤੀ ਗਈ ਹੈ। ਐੱਸ. ਡੀ. ਐੱਮ. ਨੇ ਕਰੀਬ 16 ਪੰਨਿਆਂ ਦੀ ਜਾਂਚ ਰਿਪੋਰਟ ਤਿਆਰ ਕਰਕੇ ਡੀ. ਸੀ ਆਸ਼ਿਕਾ ਜੈਨ ਨੂੰ ਸੌਂਪ ਦਿੱਤੀ ਹੈ। ਜਾਣਕਾਰਾਂ ਅਨੁਸਾਰ ਇਸ 16 ਪੰਨਿਆਂ ਦੀ ਜਾਂਚ ਰਿਪੋਰਟ 'ਚ ਕਈ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਦੀ ਗੱਲ ਸਾਹਮਣੇ ਆਈ ਹੈ। ਅਜਿਹੇ 'ਚ ਇਨ੍ਹਾਂ ਅਧਿਕਾਰੀਆਂ ’ਤੇ ਗਾਜ਼ ਡਿੱਗਣਾ ਤਾਂ ਤੈਅ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਡੀ. ਸੀ. ਆਸ਼ਿਕਾ ਜੈਨ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਸੀ ਅਤੇ ਜਾਂਚ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ) ਦਮਨਦੀਪ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਸੀ। ਇੱਥੇ ਦੱਸ ਦਈਏ ਕਿ ਸਥਾਨਕ ਪ੍ਰਸ਼ਾਸਨ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਉਹ ਇਮਾਰਤ ਬਿਨਾਂ ਕਿਸੇ ਪ੍ਰਵਾਨਿਤ ਇਮਾਰਤ ਯੋਜਨਾ ਦੇ ਬਣਾਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਲੋਕਾਂ ਨੂੰ ਦਿੱਤੀ ਗਈ ਸਲਾਹ, ਰਹੋ ਜ਼ਰਾ ਧਿਆਨ ਨਾਲ
ਇਸ ਤੋਂ ਇਲਾਵਾ ਇਮਾਰਤ ਦੇ ਮਾਲਕਾਂ ਨੇ ਨਾਲ ਲੱਗਦੇ ਪਲਾਟ 'ਤੇ ਬੇਸਮੈਂਟ ਖੋਦਣ ਲਈ ਕੋਈ ਇਜਾਜ਼ਤ ਨਹੀਂ ਲਈ ਸੀ, ਜਿਸ ਕਾਰਨ ਜ਼ਮੀਨ ਖ਼ਿਸਕ ਗਈ ਅਤੇ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਐੱਸ. ਡੀ. ਐੱਮ. ਵੱਲੋਂ ਤਿਆਰ ਕੀਤੀ ਗਈ ਜਾਂਚ ਰਿਪੋਰਟ 'ਚ ਇਹ ਵੀ ਗੱਲ ਸਾਹਮਣੇ ਆਈ ਕਿ ਨਗਰ ਨਿਗਮ ਦੇ ਅਧਿਕਾਰੀ ਨਿਯਮਾਂ ਨੂੰ ਲਾਗੂ ਕਰਨ 'ਚ ਪੂਰੀ ਤਰ੍ਹਾਂ ਅਸਫ਼ਲ ਰਹੇ। ਜਾਂਚ 'ਚ ਕਈ ਨਿਗਮ ਅਧਿਕਾਰੀਆਂ ਦੇ ਨਾਂ ਵੀ ਦੱਸੇ ਗਏ ਹਨ। ਜਿਨ੍ਹਾਂ 'ਤੇ ਜਲਦੀ ਹੀ ਗਾਜ਼ ਡਿੱਗ ਸਕਦੀ ਹੈ। ਜਦੋਂ ਕਿ ਸੈਕਟਰ-118 ਟੀ. ਡੀ. ਆਈ. ਸ਼ੋਅਰੂਮ ਢਹਿ ਜਾਣ ਦੇ ਮਾਮਲੇ 'ਚ ਵੀ ਐੱਸ. ਡੀ. ਐੱਮ. ਵਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਵੀ ਤਿਆਰ ਕਰ ਲਈ ਗਈ ਹੈ। ਇਸ ਨੂੰ ਜਲਦੀ ਡੀ. ਸੀ. ਨੂੰ ਸੌਂਪਿਆ ਜਾਵੇਗਾ। ਦੱਸ ਦੇਈਏ ਕਿ ਸੈਕਟਰ-118 'ਚ ਨਿਰਮਾਣ ਅਧੀਨ ਸ਼ੋਅਰੂਮ ਦੀ ਛੱਤ ਡਿੱਗਣ ਦੀ ਸ਼ੁਰੂਆਤੀ ਜਾਂਚ 'ਚ ਠੇਕੇਦਾਰ ਨੂੰ ਮੁਲਜ਼ਮ ਪਾਇਆ ਗਿਆ ਹੈ। 13 ਜਨਵਰੀ ਨੂੰ ਵਾਪਰੇ ਇਸ ਹਾਦਸੇ 'ਚ ਇੱਕ 32 ਸਾਲਾ ਮਜ਼ਦੂਰ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ ਸੀ।
ਇਹ ਵੀ ਪੜ੍ਹੋ : ਅੱਜ ਹੋ ਗਿਆ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਬੋਰਡ, ਦਫ਼ਤਰ ਤੇ ਸਕੂਲ, ਨੋਟੀਫਿਕੇਸ਼ਨ ਜਾਰੀ
ਇਹ ਅਹਿਮ ਗੱਲਾਂ ਰਿਪੋਰਟ 'ਚ ਆਈਆਂ ਸਾਹਮਣੇ
ਐੱਸ. ਡੀ. ਐੱਮ. ਵੱਲੋਂ ਤਿਆਰ ਕੀਤੀ ਗਈ ਰਿਪੋਰਟ 'ਚ ਮਨੁੱਖੀ ਅਤੇ ਤਕਨੀਕੀ ਗਲਤੀਆਂ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ। ਰਿਪੋਰਟ ਦੇ ਅਨੁਸਾਰ ਇਮਾਰਤ ਦੇ ਮਾਲਕਾਂ ਨੇ ਬਿਨਾਂ ਇਜਾਜ਼ਤ ਦੇ ਨੇੜਲੇ ਪਲਾਟ 'ਤੇ ਬੇਸਮੈਂਟ ਦੀ ਖੁਦਾਈ ਸ਼ੁਰੂ ਕਰ ਦਿੱਤੀ ਸੀ। ਸੋਹਾਣਾ ਪਿੰਡ 'ਚ ਵੀ ਅਜਿਹੀਆਂ ਕਈ ਗੈਰ-ਕਾਨੂੰਨੀ ਉਸਾਰੀਆਂ ਸਾਹਮਣੇ ਆਈਆਂ ਹਨ। ਦੱਸ ਦੇਈਏ ਕਿ ਢਹਿ ਗਈ ਇਮਾਰਤ ਤਿੰਨ ਮੰਜ਼ਿਲਾ ਸੀ। ਬੇਸਮੈਂਟ, ਗਰਾਊਂਡ ਫਲੋਰ 'ਚ ਇੱਕ ਜਿੰਮ ਚੱਲ ਰਿਹਾ ਸੀ। ਪਹਿਲੀ ਮੰਜ਼ਿਲ 'ਤੇ ਟਿਊਸ਼ਨ ਕਲਾਸਾਂ ਚਲਾਈਆਂ ਜਾਂਦੀਆਂ ਸਨ, ਜਦੋਂ ਕਿ ਉੱਪਰਲੀਆਂ ਮੰਜ਼ਿਲਾਂ 'ਤੇ ਪੇਇੰਗ ਗੈਸਟ ਰੂਮ ਸਨ। ਇਸ ਹਾਦਸੇ 'ਚ ਹਿਮਾਚਲ ਪ੍ਰਦੇਸ਼ ਦੀ ਦ੍ਰਿਸ਼ਟੀ ਵਰਮਾ (20) ਅਤੇ ਅੰਬਾਲਾ ਦੇ ਅਭਿਸ਼ੇਕ ਧਨਵਾਲ (30) ਦੀ ਮੌਤ ਹੋ ਗਈ ਸੀ।
ਨਗਰ ਨਿਗਮ ਨੇ 80 ਲੋਕਾਂ ਨੂੰ ਜਾਰੀ ਕੀਤੇ ਨੋਟਿਸ
ਸੋਹਾਣਾ 'ਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਨਗਰ ਨਿਗਮ ਨੇ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਗਮ ਕਮਿਸ਼ਨਰ ਨੇ 80 ਇਮਾਰਤ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਨੋਟਿਸ 'ਚ ਇਮਾਰਤ ਮਾਲਕਾਂ ਨੂੰ 15 ਦਿਨਾਂ ਦੇ ਅੰਦਰ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਅਤੇ ਨੋ-ਅਬਜੈਕਸ਼ਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਸਬੰਧਿਤ ਇਮਾਰਤਾਂ ਦੇ ਪਲਾਟ ਨੂੰ ਜ਼ਬਤ ਕਰਨ ਜਾਂ ਗੈਰ-ਕਾਨੂੰਨੀ ਉਸਾਰੀ ਨੂੰ ਢਾਹੁਣ ਦੀ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8