PSPCL ਦਾ JE ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
Friday, Feb 21, 2025 - 09:30 PM (IST)

ਚੰਡੀਗੜ੍ਹ (ਅੰਕੁਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਜੂਨੀਅਰ ਇੰਜੀਨੀਅਰ (ਜੇ.ਈ.) ਮਨੋਜ ਕੁਮਾਰ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਕੇਸ ਸ਼ਿਕਾਇਤਕਰਤਾ ਨਿਊ ਅਮਰ ਨਗਰ, ਡਾਬਾ, ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਘਰ ਦੀ ਪਹਿਲੀ ਮੰਜ਼ਲ 'ਤੇ ਛੋਟੀ ਫੈਕਟਰੀ ਲਾਉਣਾ ਚਾਹੁੰਦਾ ਸੀ, ਜਿਸ ਲਈ 10 ਕਿਲੋਵਾਟ ਦੇ ਵਪਾਰਕ ਬਿਜਲੀ ਮੀਟਰ ਦੀ ਜ਼ਰੂਰਤ ਸੀ।
ਉਸ ਨੇ ਲੁਧਿਆਣਾ ਦੇ ਜਨਤਾ ਨਗਰ ਸਥਿਤ ਪੀ.ਐੱਸ.ਪੀ.ਸੀ.ਐੱਲ. ਦਫ਼ਤਰ ਵਿਖੇ ਨਵੇਂ ਮੀਟਰ ਲਈ ਅਰਜ਼ੀ ਦਿੱਤੀ ਤੇ ਲੋੜੀਂਦੀ ਫੀਸ ਜਮ੍ਹਾਂ ਕਰਵਾਈ। ਪੰਦਰਾਂ ਦਿਨਾਂ ਉਪਰੰਤ ਜੇ.ਈ. ਮਨੋਜ ਕੁਮਾਰ ਨੇ ਜਗ੍ਹਾ ਦਾ ਦੌਰਾ ਕੀਤਾ ਤੇ ਫੁਟਕਲ ਖ਼ਰਚਿਆਂ ਲਈ ਉਸ ਤੋਂ 3,000 ਰੁਪਏ ਲਏ। ਇਸ ਤੋਂ ਬਾਅਦ ਜੇ.ਈ. ਨੇ 15,000 ਰੁਪਏ ਰਿਸ਼ਵਤ ਦੀ ਮੰਗ ਕਰਦਿਆਂ ਕਿਹਾ ਕਿ ਮੀਟਰ ਸਿਰਫ਼ ਰਿਸ਼ਵਤ ਦੇਣ ਤੋਂ ਬਾਅਦ ਹੀ ਲਾਇਆ ਜਾਵੇਗਾ।
ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮ ਬਣ ਬੰਦਾ ਕਰ ਗਿਆ ਵੱਡਾ ਕਾਂਡ, ਸੁਣ ਤੁਹਾਨੂੰ ਵੀ ਨਹੀਂ ਹੋਣਾ ਯਕੀਨ
ਜਦੋਂ ਉਹ 19 ਫਰਵਰੀ ਨੂੰ ਮੀਟਰ ਲਾਉਣ ਸਬੰਧੀ ਦੁਬਾਰਾ ਪੀ.ਐੱਸ.ਪੀ.ਸੀ.ਐੱਲ. ਦਫ਼ਤਰ ਗਿਆ ਤਾਂ ਜੇ.ਈ. ਨੇ ਫਿਰ ਰਿਸ਼ਵਤ ਦੀ ਮੰਗ ਕੀਤੀ। ਜੇ.ਈ. 5,000 ਰੁਪਏ ਦੀ ਪੇਸ਼ਗੀ ਲੈਣ ਤੇ ਬਾਕੀ ਰਕਮ ਦੀ ਅਦਾਇਗੀ ਮੀਟਰ ਲਾਉਣ ਤੋਂ ਬਾਅਦ ਕਰਨ ਲਈ ਸਹਿਮਤ ਹੋ ਗਿਆ। ਫਿਰ ਜੇ.ਈ. ਨੇ ਰਿਸ਼ਵਤ ਦੇ ਭੁਗਤਾਨ ਲਈ ਦਫ਼ਤਰ ਬੁਲਾਇਆ।
ਸ਼ਿਕਾਇਤ ਦੀ ਪੜਤਾਲ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਪੀ.ਐੱਸ.ਪੀ.ਸੀ.ਐੱਲ. ਦਫ਼ਤਰ, ਜਨਤਾ ਨਗਰ, ਲੁਧਿਆਣਾ ਵਿਖੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜੇ.ਈ. ਮਨੋਜ ਕੁਮਾਰ ਵਿਰੁੱਧ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਜਾਨਵਰਾਂ 'ਤੇ ਅੱਤਿਆਚਾਰ ਰੋਕਣ ਲਈ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e