ਗੈਰ-ਕਾਨੂੰਨੀ ਬਿਲਡਿੰਗਾਂ ’ਤੇ MTP ਵਿਭਾਗ ਦਾ ਚੱਲਿਆ ਪੀਲਾ ਪੰਜਾ
Friday, Nov 21, 2025 - 01:05 PM (IST)
ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਮ. ਟੀ. ਪੀ. ਵਿਭਾਗ ਨੇ ਪੂਰਬੀ ਜ਼ੋਨ ਵਿਚ ਗੈਰ-ਕਾਨੂੰਨੀ ਬਿਲਡਿੰਗਾਂ ਖਿਲਾਫ ਸਖਤ ਐਕਸ਼ਨ ਲਿਆ।ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੀ ਅਗਵਾਈ ਵਿਚ ਏ. ਟੀ. ਪੀ. ਪਰਮਿੰਦਰਜੀਤ ਸਿੰਘ, ਬਿਲਡਿੰਗ ਇੰਸਪੈਕਟਰ ਰੋਹਿਨੀ, ਡੇਮੋਲੇਸ਼ਨ ਅਤੇ ਪੁਲਸ ਪਾਰਟੀ ਨਾਲ ਗੋਲਡਨ ਐਵੇਨਿਊ ਵਿਖੇ ਗੈਰ-ਕਾਨੂੰਨੀ ਬਿਲਡਿੰਗਾਂ ਖਿਲਾਫ ਕਾਰਵਾਈ ਕੀਤੀ।
ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹੇ ਅੰਦਰ ਲੱਗੀਆਂ ਕਈ ਪਾਬੰਦੀਆਂ, 19 ਜਨਵਰੀ ਤੱਕ ਹੁਕਮ ਜਾਰੀ
ਐੱਮ. ਟੀ. ਵੀ. ਵਿਭਾਗ ਦੀ ਟੀਮ ਨੇ ਰਾਮ ਤਲਾਈ ਚੌਕ ਨੇੜੇ ਬਣ ਰਹੀ ਬਿਲਡਿੰਗ ’ਤੇ ਉਪਰਲੀ ਮੰਜ਼ਿਲ ਦੀ ਛੱਤ ’ਤੇ ਹਥੌੜਿਆਂ ਨਾਲ ਉਸਾਰੀ ਨੂੰ ਤੋੜਿਆ ਅਤੇ ਬਿਲਡਿੰਗ ਨੂੰ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਗੋਲਡਨ ਐਵੇਨਿਊ ਵਿਖੇ ਬਣ ਰਹੀ ਰਿਹਾਇਸ਼ੀ ਨਕਸ਼ੇ ’ਤੇ ਪਾਸ ਕਮਰਸ਼ੀਅਲ ਹੋਟਲ ਬਿਲਡਿੰਗ ਨੂੰ ਪੀਲੇ ਪੰਜੇ ਅਤੇ ਹਥੌੜੇ ਨਾਲ ਕਾਰਵਾਈ ਕੀਤੀ। ਉਕਤ ਬਿਲਡਿੰਗ ਕਿਸੇ ਸੱਤਧਾਰੀ ਆਗੂ ਦੇ ਖਾਸ ਵਿਅਕਤੀ ਦੀ ਹੈ ਜੋ ਕਿ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਬਣਾਈ ਜਾ ਰਹੀ ਹੈ, ਕਿਉਂਕਿ ਬਿਲਡਿੰਗ ਦਾ ਨਕਸ਼ਾ ਰਿਹਾਇਸ਼ੀ ਪਾਸ ਹੈ ਅਤੇ ਬਣ ਹੋਟਲ ਰਿਹਾ ਹੈ। ਇਸ ਬਿਲਡਿੰਗ ਨੂੰ ਲੈ ਕੇ ਇਕ ਬਿਲਡਰ ਵਲੋਂ ਵਿਭਾਗ ਦੇ ਨਾਲ ਮਿਲੀਭੁਗਤ ਕੀਤੀ ਗਈ ਹੈ, ਜਿਸ ਦੇ ਨਾਲ ਇਹ ਬਿਲਡਿੰਗ ਬਣ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
ਗੋਲਡਨ ਐਵੇਨਿਊ ਵਿਖੇ ਇਕ ਹੋਰ ਬਿਲਡਿੰਗ ਜੋ ਕਿ ਚਾਰ ਮੰਜ਼ਿਲਾਂ ਕਮਰਸ਼ੀਅਲ ਪਾਸ ਹੈ ਪਰ ਬਿਲਡਿੰਗ ਮਾਲਕ ਵਲੋਂ ਬਿਲਡਿੰਗ ਬਾਈਲੋਜ ਦੀਆਂ ਧੱਜੀਆਂ ਉਡਾ ਕੇ ਉਸਾਰੀ ਕੀਤੀ ਜਾ ਰਹੀ ਹੈ ਅਤੇ ਸੜਕ ਤੱਕ ਬਿਲਡਿੰਗ ਦਾ ਮਟੀਰੀਅਲ ਸੁੱਟਿਆ ਗਿਆ ਹੈ, ਜਿਸ ਨੂੰ ਲੈ ਕੇ ਵਿਭਾਗ ਦੀ ਟੀਮ ਵਲੋਂ ਕਾਰਵਾਈ ਕੀਤੀ ਗਈ ਹੈ।
ਸੀ. ਬੀ. ਓ. ਦੀ ਟੀਮ ਚੰਡੀਗੜ੍ਹ ਵਾਪਸ ਪਰਤਣ ਬਾਅਦ ਹੀ ਨਿਗਮ ਦੇ ਐੱਮ. ਟੀ. ਪੀ. ਵਿਭਾਗ ਦੀ ਕੁੰਭਕਰਨੀ ਜਾਗ ਖੁੱਲ੍ਹੀ ਅਤੇ ਉਹ ਗੈਰ-ਕਾਨੂੰਨੀ ਬਿਲਡਿੰਗਾਂ ’ਤੇ ਕਾਰਵਾਈ ਕਰਨ ਲਈ ਸੜਕਾਂ ’ਤੇ ਉੱਤਰੀ। ਇਹ ਵੀ ਦੱਸਣਯੋਗ ਹੈ ਕਿ ਸੀ. ਬੀ. ਓ. ਵਲੋਂ ਸ਼ਹਿਰ ਦੀਆਂ ਗੈਰ-ਕਾਨੂੰਨੀ ਬਿਲਡਿੰਗਾਂ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਐੱਮ. ਟੀ. ਪੀ. ਵਿਭਾਗ ਕੋਲ ਕਈ ਜਵਾਬ ਮੰਗੇ ਗਏ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿੱਤੇ ਗਏ, ਜਿਸ ਨੂੰ ਲੈ ਕੇ ਟੀਮ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿਚ ਸ਼ਿਕਾਇਤੀ ਬਿਲਡਿੰਗਾਂ ਦਾ ਰਿਕਾਰਡ ਖੰਗਾਲਦੀ ਰਹੀ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਐੱਮ. ਟੀ. ਪੀ. ਵਿਭਾਗ ਗੈਰਕਾਨੂੰਨੀ ਬਿਲਡਿੰਗਾਂ ’ਤੇ ਕਿਸ ਤਰ੍ਹਾਂ ਕਾਰਵਾਈ ਕਰਦਾ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਛੇਹਰਟਾ ਕਤਲ ਕਾਂਡ ਮਾਮਲੇ 'ਚ 2 ਮੁੱਖ ਸ਼ੂਟਰ ਗ੍ਰਿਫ਼ਤਾਰ
ਐੱਮ. ਟੀ. ਪੀ., ਆਰ. ਟੀ. ਆਈ. ਐਕਟੀਵਿਸ਼ਟ ਅਤੇ ਸਮਾਜ ਸੇਵਕਾਂ ’ਤੇ ਵਿਜੀਲੈਂਸ ਦੀ ਨਜ਼ਰ
ਨਗਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਗੈਰ-ਕਾਨੂੰਨੀ ਬਿਲਡਿੰਗਾਂ ਦੀ ਉਸਾਰੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿਚ ਰਹਿੰਦਾ ਹੈ। ਬਿਲਡਿੰਗਾਂ ਨੂੰ ਲੈ ਕੇ ਐੱਮ. ਟੀ. ਪੀ. ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਕੁਝ ਆਰ. ਟੀ. ਆਈ. ਐਕਟੀਵਿਸ਼ਟ ਅਤੇ ਸਮਾਜ ਸੇਵਕਾਂ ਦੇ ਨਾਮ ਭ੍ਰਿਸ਼ਟਾਚਾਰ ਨੂੰ ਲੈ ਕੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ’ਤੇ ਵਿਜੀਲੈਂਸ ਦੀ ਤਿੱਖੀ ਨਜ਼ਰ ਬਣੀ ਹੋਈ ਹੈ। ਪਿਛਲੇ ਸਮੇਂ ਦੌਰਾਨ ਇਕ ਆਰ. ਟੀ. ਆਈ. ਐਕਟੀਵਿਸ਼ਟ ਨੂੰ ਵਿਜੀਲੈਂਸ ਵਲੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਵੀ ਕੀਤਾ ਗਿਆ ਹੈ ਅਤੇ ਹੁਣ ਵੀ ਜਿਸ ਤਰ੍ਹਾਂ ਦੇ ਨਾਲ ਸ਼ਿਕਾਇਤਾਂ ਵਿਭਾਗ ਕੋਲ ਪੁੱਜ ਰਹੀਆਂ ਹਨ ਅਤੇ ਕਈ ਸ਼ਹਿਰ ਦੇ ਬਿਲਡਿੰਗ ਮਾਲਕ ਜਾਗਰੂਕ ਵੀ ਹੋ ਗਏ ਹਨ ਅਤੇ ਉਹ ਵਿਜੀਲੈਂਸ ਦੇ ਸੰਪਰਕ ਵਿਚ ਵੀ ਹਨ, ਕਿਉਂਕਿ ਵਿਜੀਲੈਂਸ ਵਲੋਂ ਪਿਛਲੇ ਸਮੇਂ ਦੌਰਾਨ ਜਿਹੜਾ ਆਰ. ਟੀ. ਆਈ. ਐਕਟੀਵਿਸ਼ਟ ਗ੍ਰਿਫਤਾਰ ਕੀਤਾ ਗਿਆ ਸੀ, ਉਸ ਨੂੰ ਲੈ ਕੇ ਵੀ ਉਨ੍ਹਾਂ ਨੇ ਸਾਫ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਬਲੈਕਮੀਲਿੰਗ ਦੇ ਸਬੰਧ ਵਿਚ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾ ਉਹ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰ ਸਕਦਾ ਹੈ, ਜਿਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮਾਮਲੇ ਦੇ ਨਾਲ-ਨਾਲ ਕਈ ਹੋਰ ਵਿਜੀਲੈਂਸ ਦੀ ਰਾਡਾਰ ’ਤੇ ਹਨ। ਜਗ ਬਾਣੀ ਵਲੋਂ ਸਾਫ ਅਕਸ਼ ਦੇ ਆਰ. ਟੀ. ਆਈ ਐਕਟੀਵਿਸ਼ਟ ਅਤੇ ਸਮਾਜ ਸੇਵਕਾਂ ਦੇ ਮੁੱਦਿਆਂ ਨੂੰ ਹਮੇਸ਼ਾ ਚੁੱਕਿਆ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ
