ਮਰੀਜ਼ਾਂ ਨੂੰ ਹਸਪਤਾਲ ''ਚ ਮੌਜੂਦ ਦਵਾਈ ਲਿਖ ਕੇ ਦੇਣਗੇ ਡਾਕਟਰ, ਬਾਹਰੋਂ ਲਿਆਉਣ ''ਤੇ ਹਸਪਤਾਲ ਖੁਦ ਕਰੇਗਾ ਭੁਗਤਾਨ

Tuesday, Jan 30, 2024 - 10:54 AM (IST)

ਮਰੀਜ਼ਾਂ ਨੂੰ ਹਸਪਤਾਲ ''ਚ ਮੌਜੂਦ ਦਵਾਈ ਲਿਖ ਕੇ ਦੇਣਗੇ ਡਾਕਟਰ, ਬਾਹਰੋਂ ਲਿਆਉਣ ''ਤੇ ਹਸਪਤਾਲ ਖੁਦ ਕਰੇਗਾ ਭੁਗਤਾਨ

ਗੁਰਦਾਸਪੁਰ (ਵਿਨੋਦ)- ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਇਕ ਨਵੀਂ ਸਕੀਮ ਤਿਆਰ ਕੀਤੀ ਹੈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਨੂੰ ਜ਼ਿਆਦਾਤਰ ਦਵਾਈਆਂ ਹਸਪਤਾਲ ’ਚੋਂ ਜਾਂ ਸਰਕਾਰੀ ਹਸਪਤਾਲਾਂ ’ਚ ਚੱਲ ਰਹੀਆਂ ਹਨ, ਔਸ਼ਧੀ ਕੇਂਦਰਾਂ ਤੋਂ ਸਸਤੇ ਭਾਅ ’ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਕੁਝ ਦਵਾਈਆਂ ਅਜਿਹੀਆਂ ਹਨ ਜੋ ਹਸਪਤਾਲ ਵਿਚ ਉਪਲਬਧ ਨਹੀਂ ਹਨ ਅਤੇ ਬਾਜ਼ਾਰ ’ਚੋਂ ਮਹਿੰਗੇ ਭਾਅ ਖ਼ਰੀਦਣੀਆਂ ਪੈਂਦੀਆਂ ਹਨ ਪਰ ਸਰਕਾਰ ਨੇ ਇਸ ਸਬੰਧੀ ਮਰੀਜ਼ਾਂ ਨੂੰ ਰਾਹਤ ਦੇਣ ਲਈ ਨਵੀਂ ਸਕੀਮ ਤਿਆਰ ਕੀਤੀ ਹੈ।

ਹੁਣ ਸਰਕਾਰੀ ਹਸਪਤਾਲ ’ਚ ਤਾਇਨਾਤ ਡਾਕਟਰਾਂ ਨੂੰ ਹਸਪਤਾਲ ਵਿਚ ਉਪਲਬਧ ਹੋਣ ’ਤੇ ਉਹੀ ਦਵਾਈ ਦਾਖ਼ਲ ਮਰੀਜ਼ ਨੂੰ ਲਿਖਣੀ ਪਵੇਗੀ। ਉਥੇ ਹੀ ਜੇਕਰ ਹਸਪਤਾਲ ’ਚ ਕੋਈ ਦਵਾਈ ਖ਼ਤਮ ਹੋ ਗਈ ਹੈ, ਤਾਂ ਹਸਪਤਾਲ ਖੁਦ ਉਸ ਦਵਾਈ ਨੂੰ ਬਾਜ਼ਾਰ ਤੋਂ ਖ਼ਰੀਦ ਕੇ ਮਰੀਜ਼ ਨੂੰ ਦੇਵੇਗਾ ਅਤੇ ਕੈਮਿਸਟ ਨੂੰ ਸਰਕਾਰੀ ਹਸਪਤਾਲ ਨੂੰ ਭੁਗਤਾਣ ਕਰਨਾ ਪਵੇਗਾ। ਇਸੇ ਤਰ੍ਹਾਂ ਜੇਕਰ ਕਿਸੇ ਸਰਕਾਰੀ ਹਸਪਤਾਲ ’ਚ ਚੱਲ ਰਹੀ ਐਕਸਰੇ ਮਸ਼ੀਨ ਖ਼ਰਾਬ ਹੋ ਜਾਂਦੀ ਹੈ ਤਾਂ ਮਰੀਜ਼ ਸਿਵਲ ਹਸਪਤਾਲ ਵੱਲੋਂ ਬਾਜ਼ਾਰ ’ਚੋਂ ਐਕਸ-ਰੇ ਕਰਵਾਇਆ ਜਾਵੇਗਾ ਅਤੇ ਉਸ ਦੀ ਅਦਾਇਗੀ ਵੀ ਹਸਪਤਾਲ ਵੱਲੋਂ ਕੀਤੀ ਜਾਵੇਗੀ।

 ਇਹ ਵੀ ਪੜ੍ਹੋ : ਫਾਈਨਲ ਪ੍ਰੀਖਿਆ ਦੇ ਸਮੇਂ ਚੋਣ ਡਿਊਟੀਆਂ ਦੇ ਖੌਫ਼ ’ਚ ਮਹਿਲਾ ਟੀਚਰ, ਵਿਦਿਆਰਥੀਆਂ ਦੀ ਵੀ ਵਧੇਗੀ ਚਿੰਤਾ

ਪ੍ਰਾਈਵੇਟ ਕੈਮਿਸਟਾਂ ਨੂੰ ਕੀਤਾ ਜਾਵੇਗਾ ਰਜਿਸਟਰਡ : ਸਿਵਲ ਸਰਜਨ

ਇਸ ਸਕੀਮ ਸਬੰਧੀ ਸਿਵਲ ਸਰਜਨ ਡਾ. ਹਰਭਜਨ ਰਾਮ ਮੰਡੀ ਨੇ ਦੱਸਿਆ ਕਿ ਸਾਨੂੰ ਇਕ-ਦੋ ਦਿਨ ਪਹਿਲਾਂ ਹੀ ਇਸ ਸਕੀਮ ਸਬੰਧੀ ਪੱਤਰ ਮਿਲ ਚੁੱਕਾ ਹੈ। ਇਸ ਸਕੀਮ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਾਈਵੇਟ ਕੈਮਿਸਟਾਂ ਦਾ ਇਕ ਪੈਨਲ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਰਜਿਸਟਰਡ ਕੀਤਾ ਜਾਵੇਗਾ। ਉਨ੍ਹਾਂ ਦੇ ਰੇਟ ਤੈਅ ਕਰਨ ਤੋਂ ਬਾਅਦ ਹੀ ਉਨ੍ਹਾਂ ਤੋਂ ਦਵਾਈਆਂ ਖ਼ਰੀਦੀਆਂ ਜਾਣਗੀਆਂ। ਇਸੇ ਤਰ੍ਹਾਂ ਐਕਸ-ਰੇ ਮਸ਼ੀਨ ਮਾਲਕਾਂ ਦਾ ਇਕ ਪੈਨਲ ਵੀ ਬਣਾਇਆ ਜਾਵੇਗਾ, ਜਿਸ ਰਾਹੀਂ ਸਸਤੇ ਰੇਟਾਂ ’ਤੇ ਮਰੀਜ਼ਾਂ ਦੇ ਐਮਰਜੈਂਸੀ ਦੀ ਸੂਰਤ ’ਚ ਐਕਸਰੇ ਕੀਤੇ ਜਾਣਗੇ। ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿਚ ਇਕ ਹਫ਼ਤਾ ਲੱਗੇਗਾ। ਕੈਮਿਸਟਾਂ ਅਤੇ ਐਕਸਰੇ ਲੋਕਾਂ ਨੂੰ ਖਜ਼ਾਨਾ ਵਿਭਾਗ ਰਾਹੀਂ ਭੁਗਤਾਨ ਕੀਤਾ ਜਾਵੇਗਾ।

 ਇਹ ਵੀ ਪੜ੍ਹੋ : ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ, ਰੇਤ ਦੀਆਂ ਸਰਕਾਰੀ ਖੱਡਾਂ 'ਚ ਸੈਨਾ ਤੇ BSF ਦੀ NOC ਬਿਨਾਂ ਨਹੀਂ ਹੋਵੇਗੀ ਮਾਈਨਿੰਗ

ਸਿਵਲ ਹਸਪਤਾਲ ਗੁਰਦਾਸਪੁਰ ’ਚ ਦਵਾਈਆਂ ਦੀ ਮੌਜੂਦਾ ਸਥਿਤੀ 

ਸਿਵਲ ਹਸਪਤਾਲ ਗੁਰਦਾਸਪੁਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਵੇਰਕਾ ਸਟੋਰ ਤੋਂ ਲਗਭਗ 272 ਕਿਸਮ ਦੀਆਂ ਦਵਾਈਆਂ ਅਲਾਟ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਵੇਲੇ ਸਾਨੂੰ ਵੇਰਕਾ ਸਟੋਰ ਤੋਂ ਸਿਰਫ਼ 220 ਕਿਸਮ ਦੀਆਂ ਦਵਾਈਆਂ ਮਿਲ ਰਹੀਆਂ ਹਨ ਜੋ ਕਿ ਸਾਨੂੰ ਮਰੀਜ਼ਾਂ ਨੂੰ ਮੁਫ਼ਤ ਦੇਣੀਆਂ ਪੈਂਦੀਆਂ ਹਨ। ਹੋਰ ਕਿਸਮ ਦੀਆਂ ਦਵਾਈਆਂ ਜਾਂ ਤਾਂ ਵੇਰਕਾ ਸਟੋਰ ਤੋਂ ਉਪਲੱਬਧ ਹੋਣਗੀਆਂ ਜਾਂ ਬਾਜ਼ਾਰ ਤੋਂ ਖਰੀਦ ਕੇ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ।

ਡਾਕਟਰਾਂ ਦੀ ਮਨਮਰਜ਼ੀ ਹੋਵੇਗੀ ਖ਼ਤਮ : ਚੇਅਰਮੈਨ ਬਹਿਲ

ਇਸ ਨਵੀਂ ਸਕੀਮ ਬਾਰੇ ਜਦੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਪੰਜਾਬ ਹੀ ਅਜਿਹਾ ਸੂਬਾ ਹੋਵੇਗਾ, ਜਿਸ ’ਚ ਇਹ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਦਵਾਈਆਂ ਨੂੰ ਲੈ ਕੇ ਡਾਕਟਰਾਂ ਦੀ ਮਨਮਾਨੀ ਵੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਲੰਬੇ ਸਮੇਂ ਦੀ ਮਿਹਨਤ ਤੋਂ ਬਾਅਦ ਇਹ ਸਕੀਮ ਤਿਆਰ ਕਰਕੇ ਪੂਰੇ ਪੰਜਾਬ ’ਚ ਲਾਗੂ ਕਰਵਾ ਦਿੱਤੀ ਹੈ ਅਤੇ ਜਲਦੀ ਹੀ ਇਸ ਸਕੀਮ ਨੂੰ ਅਮਲੀ ਰੂਪ ’ਚ ਸ਼ੁਰੂ ਕਰਕੇ ਮਰੀਜ਼ਾਂ ਨੂੰ ਕਾਫ਼ੀ ਲਾਭ ਮਿਲੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ ਪ੍ਰੀ-ਵੈਡਿੰਗ ਸ਼ੂਟ ਲਈ ਬਣੀ ਹੌਟਸਪੌਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News