ਬਿਆਨੇ ਵਜੋਂ ਦਿੱਤੇ 55 ਲੱਖ ਰੁਪਏ ਹੜੱਪ ਕਰਨ ਦੇ ਦੋਸ਼ ’ਚ ਇਕ ਦਰਜਨ ਲੋਕਾਂ ਖ਼ਿਲਾਫ਼ ਕੇਸ ਦਰਜ
Saturday, Dec 20, 2025 - 02:50 PM (IST)
ਤਰਨਤਾਰਨ (ਰਾਜੂ)- ਜਲੰਧਰ ਬਾਈਪਾਸ ਲੁਧਿਆਣਾ ਸਥਿਤ ਕਰੋੜਾਂ ਰੁਪਏ ਦੀ ਜ਼ਮੀਨ ਖ੍ਰੀਦਣ ਲਈ ਬਤੌਰ ਬਿਆਨੇ ਵਜੋਂ ਦਿੱਤੇ 55 ਲੱਖ ਰੁਪਏ ਕਥਿਤ ਤੌਰ ’ਤੇ ਹੜੱਪ ਕਰ ਜਾਣ ਅਤੇ ਇਕਰਾਰਨਾਮਾਂ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਮੁਕੇਸ਼ ਵਰਮਾ ਪੁੱਤਰ ਜਗਦੀਸ਼ ਵਰਮਾ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਮਈ 2025 ਵਿਚ ਪ੍ਰਗਟ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਜਵੰਦਾ ਕਲਾਂ ਜ਼ਿਲਾ ਤਰਨਤਾਰਨ ਨੇ ਉਸ ਨਾਲ 18 ਕਨਾਲ 8 ਮਰਲੇ ਜ਼ਮੀਨ ਵਾਕਿਆ ਰਕਬਾ ਪਿੰਡ ਭੱਟੀਆਂ ਨਜ਼ਦੀਕ ਜਲੰਧਰ ਬਾਈਪਾਸ ਲੁਧਿਆਣਾ ਵੇਚਣ ਲਈ 5 ਕਰੋੜ 50 ਲੱਖ ਰੁਪਏ ਵਿਚ ਸੌਦਾ ਤੈਅ ਕੀਤਾ ਸੀ। ਜਿਸ ਸਬੰਧੀ ਬਤੌਰ ਬਿਆਨੇ ਵਜੋਂ ਉਸ ਨੇ ਪ੍ਰਗਟ ਸਿੰਘ ਨੂੰ ਕੁੱਲ 55 ਲੱਖ ਰੁਪਏ ਦੇ ਦਿੱਤੇ। ਪਰ ਹੁਣ 15 ਦਿਨ ਪਹਿਲਾਂ ਪ੍ਰਗਟ ਸਿੰਘ ਨੇ ਫੋਨ ਕਰਕੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਆਪਣੀ ਜ਼ਮੀਨ ਨਹੀਂ ਵੇਚੇਗਾ। ਜਿਸ ਨੇ ਉਸ ਨੂੰ ਤਰਨਤਾਰਨ ਆ ਕੇ ਆਪਣੇ ਬਿਆਨੇ ਦੀ ਰਕਮ ਵਾਪਸ ਲੈ ਜਾਣ ਲਈ ਕਿਹਾ। ਜਿਸ ’ਤੇ ਉਹ ਆਪਣੇ ਸਾਥੀਆਂ ਜਸਵਿੰਦਰ ਸਿੰਘ, ਵਿੱਕੀ ਸਿੰਘ ਸਮੇਤ ਆਪਣੇ ਗੱਡੀ ’ਤੇ ਸਵਾਰ ਹੋ ਕੇ ਤਰਨਤਾਰਨ ਆ ਗਿਆ ਅਤੇ ਪ੍ਰਗਟ ਸਿੰਘ ਵੱਲੋਂ ਉਸ ਨੂੰ ਇਕ ਢਾਬੇ ’ਤੇ ਬੁਲਾ ਕੇ ਗੱਲਬਾਤ ਕੀਤੀ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਜਿੱਥੇ ਰੋਟੀ ਪਾਣੀ ਖਾਣ ਤੋਂ ਬਾਅਦ ਪ੍ਰਗਟ ਸਿੰਘ ਨੇ ਉਸ ਕੋਲੋਂ ਇਕਰਾਰਨਾਮੇ ਦੀ ਮੰਗ ਕੀਤੀ ਜੋ ਉਸ ਨੇ ਦੇ ਦਿੱਤਾ ਤਾਂ ਪ੍ਰਗਟ ਸਿੰਘ ਦੇ ਇਕ ਸਾਥੀ ਨੇ ਉਕਤ ਇਕਰਾਰਨਾਮਾ ਪਾੜ੍ਹ ਕੇ ਢਾਬੇ ਵਾਲੇ ਦੇ ਤੰਦੂਰ ਵਿਚ ਸੁੱਟ ਕੇ ਸਾੜ ਦਿੱਤਾ ਅਤੇ ਫਿਰ ਉਸ ਨੂੰ ਕਿਹਾ ਕਿ ਉਹ ਬੈਂਕ ਵਿਚੋਂ ਗਿਣਤੀ ਕਰਵਾ ਕੇ ਉਸ ਨੂੰ ਸਾਰੀ ਰਕਮ ਵਾਪਸ ਕਰ ਦਿੰਦੇ ਹਨ। ਜਦ ਉਹ ਬੈਂਕ ਪਹੁੰਚੇ ਤਾਂ ਪ੍ਰਗਟ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਕੋਲੋਂ ਪੈਸਿਆਂ ਵਾਲਾ ਲਿਫਾਫਾ ਖੋਹ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਓਧਰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਮੁਦਈ ਦੀ ਸ਼ਿਕਾਇਤ ’ਤੇ ਪ੍ਰਗਟ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਜਵੰਦਾ ਕਲਾਂ, ਜਰਮਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਾਸਟਰ ਕਲੋਨੀ, ਲਵਪ੍ਰੀਤ ਸਿੰਘ ਉਰਫ਼ ਰਵੀ ਪੁੱਤਰ ਦਲੀਪ ਸਿੰਘ ਵਾਸੀ ਸੇਖਵਾਂ, ਹਰਦੇਵ ਸਿੰਘ ਵਾਸੀ ਪੱਟੀ ਅਤੇ 7-8 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 287 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
