ਏ. ਟੀ. ਐੱਮ. ਰਾਹੀਂ ਠੱਗੀ ਮਾਰਨ ਦੇ ਦੋਸ਼ ’ਚ ਮਾਮਲਾ ਦਰਜ

12/24/2018 4:09:21 AM

ਅੰਮ੍ਰਿਤਸਰ,    (ਜਸ਼ਨ)-  ਥਾਣਾ ਸਿਵਲ ਲਾਈਨ ਦੀ ਪੁਲਸ  ਦੇ ਮੁਖੀ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਨੇ ਵੱਖ-ਵੱਖ ਲੋਕਾਂ ਦੇ ਬੈਂਕ ਖਾਤਿਆਂ ’ਚੋਂ ਏ. ਟੀ. ਐੱਮ.  ਜ਼ਰੀਏ ਠੱਗੀ ਮਾਰਨ ਦੇ ਦੋਸ਼ ’ਚ ਗਿਰੀਰਾਜ ਕੁਮਾਰ ਉਪਾਧਿਆਏ ਪੁੱਤਰ ਰਜਿੰਦਰ ਪ੍ਰਸਾਦ ਵਾਸੀ ਗੋਰਖਪੁਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਜਾਂਚ ਅਧਿਕਾਰੀ ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਪੰਕਜ ਸੇਠ ਡਿਪਟੀ ਮੈਨੇਜਰ ਐੱਚ. ਡੀ. ਐੱਫ. ਸੀ. ਬੈਂਕ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ  ਬੈਂਕ ਦੇ ਏ. ਟੀ. ਐੱਮ. ਤੋਂ ਲੋਕਾਂ ਦੇ ਵੱਖ-ਵੱਖ ਖਾਤਿਅਾਂ ’ਚੋਂ ਏ. ਟੀ. ਐੱਮ. ਰਾਹੀਂ ਪੈਸੇ ਕਢਵਾਏ ਜਾ ਰਹੇ ਹਨ।
 ਇਸ ਸਬੰਧੀ ਬੈਂਕ ਮੈਨੇਜਰ ਕੋਲ ਲੋਕਾਂ ਨੇ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ। ਇਸ ਦੌਰਾਨ ਪੁਲਸ ਨੇ ਉਕਤ ਬੈਂਕ ਦੇ ਏ. ਟੀ. ਐੱਮ. ’ਤੇ ਪੈਨੀ ਨਜ਼ਰ ਰੱਖੀ ਹੋਈ ਸੀ ਤੇ ਪੈਸੇ ਕਢਵਾਉਣ ਵਾਲਿਆਂ ’ਤੇ ਵੀ ਸਖਤ ਨਜ਼ਰ ਗਈ ਸੀ। ਸੀ. ਸੀ. ਟੀ. ਵੀ. ਕੈਮਰੇ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿਚ ਦੋਸ਼ੀ ਗਿਰੀਰਾਜ ਕਈ ਵਾਰ ਪੈਸੇ ਕਢਵਾਉਂਦਾ ਸਾਹਮਣੇ ਆਇਆ। ਇਸ ਦੌਰਾਨ ਜਦੋਂ ਉਸ ਨੂੰ ਜਾਂਚ ਲਈ ਫਡ਼ਿਆ ਤਾਂ ਉਸ ਨੇ ਕਿਹਾ ਕਿ ਉਹੀ ਕਈ ਲੋਕਾਂ ਦੇ ਏ. ਟੀ. ਐੱਮ. ’ਚੋਂ ਪੈਸੇ ਕਢਵਾ ਚੁੱਕਾ ਹੈ। ਏ. ਐੱਸ. ਆਈ. ਬਲਰਾਜ ਸਿੰਘ ਨੇ ਕਿਹਾ ਕਿ ਦੋਸ਼ੀ ਨੇ ਇਸ ਸਬੰਧੀ ਕੁਲ 6 ਲੱਖ 30 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਦੋਸ਼ੀ ਤੋਂ 2 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।  ਉਨ੍ਹਾਂ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ। ਮਾਣਯੋਗ ਜੱਜ ਨੇ ਜਾਂਚ ਲਈ 5 ਦਿਨ ਦੇ ਪੁਲਸ ਰਿਮਾਂਡ ਦਿੱਤਾ ਹੈ। 


Related News