ਗੈਂਗਸਟਰ ਲੰਡਾ ਨਾਲ ਸਬੰਧਿਤ ਮੁਲਜ਼ਮ ਪਾਸੋਂ ਜੇਲ੍ਹ ਅੰਦਰੋਂ ਮਿਲੇ 3 ਮੋਬਾਇਲ ਤੇ ਨਸ਼ੀਲੇ ਪਦਾਰਥ ਬਰਾਮਦ
Monday, Jan 15, 2024 - 12:28 PM (IST)
ਤਰਨਤਾਰਨ (ਰਮਨ ਚਾਵਲਾ)- ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਦਿਨ ਵੱਡੀ ਗਿਣਤੀ ਵਿਚ ਮੋਬਾਇਲ ਫੋਨ ਨਸ਼ੀਲੇ ਪਦਾਰਥ ਅਤੇ ਹੋਰ ਸਾਮਾਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਸਬੰਧਿਤ ਮੁਲਜ਼ਮ ਪਾਸੋਂ ਜੇਲ੍ਹ ਅੰਦਰੋਂ 3 ਮੋਬਾਇਲ ਫੋਨ ਸਮੇਤ ਸਿਮ ਬਰਾਮਦ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਵਲੋਂ ਕਾਰਵਾਈ ਕਰਦੇ ਹੋਏ 2 ਹੋਰ ਮੋਬਾਇਲ ਫੋਨ, 3 ਪੈਕਟ ਸਿਗਰੇਟ, 5 ਬੀੜੀਆਂ ਦੇ ਬੰਡਲ, 2 ਈਅਰਫੋਨ, 4 ਚਾਰਜਰ ਅਤੇ 2 ਡਾਟਾ ਕੇਬਲ ਬਰਾਮਦ ਕਰਦੇ ਹੋਏ 2 ਹਵਾਲਾਤੀਆਂ ਨੂੰ ਨਾਮਜ਼ਦ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ
ਜਾਣਕਾਰੀ ਦੇ ਅਨੁਸਾਰ ਸਾਲ 2022 ਦੀ 11 ਅਕਤੂਬਰ ਨੂੰ ਪਿੰਡ ਅਲਾਦੀਨਪੁਰ ਵਿਖੇ ਰੈਡੀਮੇਡ ਕੱਪੜੇ ਦੀ ਦੁਕਾਨ ਕਰਦੇ ਗੁਰਜੰਟ ਸਿੰਘ ਜੰਟਾ ਪੁੱਤਰ ਅਜੈਬ ਸਿੰਘ ਦੀ ਗੁਰਕੀਰਤ ਸਿੰਘ ਉਰਫ ਘੁੱਗੀ ਅਤੇ ਅਜਮੀਤ ਸਿੰਘ ਵਲੋਂ ਗੋਲੀਆਂ ਮਾਰਦੇ ਹੋਏ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਬਾਬਤ ਥਾਣਾ ਸਦਰ ਤਰਨਤਾਰਨ ਵਿਖੇ ਮ੍ਰਿਤਕ ਦੇ ਚਚੇਰੇ ਭਰਾ ਅਰਸ਼ਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਨਿਵਾਸੀ ਅਲਾਦੀਨਪੁਰ,ਗੈਂਗਸਟਰ ਲਖਬੀਰ ਸਿੰਘ ਲੰਡਾ,ਗੁਰਕੀਰਤ ਸਿੰਘ ਉਰਫ਼ ਘੁੱਗੀ, ਅਜਮੇਰ ਸਿੰਘ ਖ਼ਿਲਾਫ਼ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਾਮਜ਼ਦ 2 ਗੈਂਗਸਟਰਾਂ ਕੋਲੋਂ ਮੋਬਾਈਲ ਬਰਾਮਦ
ਇਸ ਦੌਰਾਨ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵਲੋਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਪੁਲਸ ਨੂੰ ਧਮਕੀ ਵੀ ਦਿੱਤੀ ਗਈ ਸੀ।ਪੁਲਸ ਵਲੋਂ ਇਸ ਕਤਲ ਕੇਸ ਨਾਲ ਜੁੜੇ ਦੋ ਹੋਰ ਵਿਅਕਤੀਆਂ ਰਵੀਸ਼ੇਰ ਸਿੰਘ ਉਰਫ ਰਵੀ ਪੁੱਤਰ ਬਲਦੇਵ ਸਿੰਘ ਨਿਵਾਸੀ ਸ਼ੇਰੋਂ ਅਤੇ ਵਰਿੰਦਰ ਸਿੰਘ ਉਰਫ਼ ਭਿੰਡੀ ਉਰਫ਼ ਕਾਕਾ ਪੁੱਤਰ ਗੁਰਦੇਵ ਸਿੰਘ ਨਿਵਾਸੀ ਨੌਸ਼ਹਿਰਾ ਪੰਨੂਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ । ਗੁਰਕੀਰਤ ਸਿੰਘ ਉਰਫ ਘੁੱਗੀ ਜੋ ਇਸ ਵੇਲੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੰਦ ਹੈ ਪਾਸੋਂ ਜੇਲ੍ਹ ਪ੍ਰਸ਼ਾਸਨ ਵਲੋਂ ਤਲਾਸ਼ੀ ਅਭਿਆਨ ਦੌਰਾਨ ਤਿੰਨ ਵੱਖ-ਵੱਖ ਮੋਬਾਇਲ ਸਮੇਤ ਸਿਮ ਬਰਾਮਦ ਕੀਤੇ ਗਏ ਹਨ। ਜਿਸ ਬਾਬਤ ਪੁਲਸ ਨੇ ਗੁਰਕੀਰਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਵਲੋਂ ਵੱਖਰੇ ਤੌਰ ਉੱਪਰ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਹਵਾਲਾਤੀ ਗੁਰ ਪ੍ਰਤਾਪ ਸਿੰਘ ਵਾਸੀ ਨਬੀਪੁਰ ਅਤੇ ਸੁਖਵਿੰਦਰ ਸਿੰਘ ਪੁੱਤਰ ਅਨੂਮ ਸਿੰਘ ਵਾਸੀ ਲੁਹਾਰਕਾ ਤੋਂ ਇਲਾਵਾ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕਰਦੇ ਹੋਏ 2 ਹੋਰ ਮੋਬਾਇਲ ਫੋਨ, 3 ਪੈਕਟ ਸਿਗਰੇਟ, 5 ਬੀੜੀਆਂ ਦੇ ਬੰਡਲ, 2 ਈਅਰਫੋਨ, 4 ਚਾਰਜਰ ਅਤੇ 2 ਡਾਟਾ ਕੇਬਲ ਬਰਾਮਦ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8