ਕਬੱਡੀ ਖਿਡਾਰੀ ਦੀ ਮੌਤ ਦੇ ਮਾਮਲਾ: ਜੇਲ੍ਹ ’ਚ ਬੈਠੇ ਗੈਂਗਸਟਰਾਂ ਸਮੇਤ 5 ਖਿਲਾਫ਼ ਪਰਚਾ ਦਰਜ

Tuesday, Nov 26, 2024 - 04:23 PM (IST)

ਕਬੱਡੀ ਖਿਡਾਰੀ ਦੀ ਮੌਤ ਦੇ ਮਾਮਲਾ: ਜੇਲ੍ਹ ’ਚ ਬੈਠੇ ਗੈਂਗਸਟਰਾਂ ਸਮੇਤ 5 ਖਿਲਾਫ਼ ਪਰਚਾ ਦਰਜ

ਤਰਨਤਾਰਨ (ਰਮਨ)-ਬੀਤੇ ਦਿਨੀਂ ਦੇਰ ਸ਼ਾਮ ਕਸਬਾ ਨੌਸ਼ਹਿਰਾ ਪੰਨੂਆਂ ਵਿਖੇ ਇਕ ਖੇਤੀਬਾੜੀ ਸਟੋਰ ਦੇ ਬਾਹਰ ਵਿਦੇਸ਼ ਵਿਚ ਬੈਠੇ ਗੈਂਗਸਟਰ ਸਤਨਾਮ ਸੱਤਾ ਦੇ ਚਚੇਰੇ ਭਰਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਦਕਿ 2 ਅਣਪਛਾਤੇ ਭੱਜਣ ਵਿਚ ਕਾਮਯਾਬ ਹੋ ਗਏ ਸਨ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ ਗੈਂਗਸਟਰਾਂ ਸਮੇਤ ਕੁੱਲ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਅਹਿਮ ਖ਼ਬਰ, ਅੱਜ ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ

ਮਿਲੀ ਜਾਣਕਾਰੀ ਅਨੁਸਾਰ ਸਕੱਤਰ ਸਿੰਘ ਸੰਧੂ ਉਰਫ ਹੈਪੀ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਠੱਠੀਆਂ ਮਹੰਤਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਭਰਾ ਗੁਰਜੰਟ ਸਿੰਘ ਸਮੇਤ ਕਸਬਾ ਨੌਸ਼ਹਿਰਾ ਪੰਨੂਆਂ ਬਾਈਪਾਸ ’ਤੇ ਖੇਤੀਬਾੜੀ ਸਟੋਰ ਅਤੇ ਸਪੇਅਰ ਪਾਰਟ ਦਾ ਕਾਰੋਬਾਰ ਕਰਦਾ ਹੈ। ਬੀਤੇ ਕੁਝ ਸਮੇਂ ਤੋਂ ਵਿਦੇਸ਼ ਵਿਚ ਬੈਠੇ ਗੈਂਗਸਟਰ ਸਤਨਾਮ ਸਿੰਘ ਉਰਫ ਸੱਤਾ ਦਾ ਚਚੇਰਾ ਭਰਾ ਸੁਖਵਿੰਦਰ ਸਿੰਘ ਉਰਫ ਸੁੱਖ ਉਰਫ ਨੋਨੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਤੋਂ ਇਲਾਵਾ ਜੇਲ੍ਹ ਵਿਚ ਬੰਦ ਗੈਂਗਸਟਰ ਮੋਹਪ੍ਰੀਤ ਸਿੰਘ ਉਰਫ ਮੋਹ ਅਤੇ ਗੋਪੀ ਨੰਬਰਦਾਰ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਿਰੌਤੀ ਮੰਗੀ ਗਈ ਸੀ, ਜਿਸ ਸਬੰਧੀ ਉਨ੍ਹਾਂ ਵੱਲੋਂ ਸੱਤਾ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਉਰਫ ਨੋਨੀ ਨੂੰ ਤਿੰਨ ਵਾਰ ਫਿਰੌਤੀ ਦੀ ਰਕਮ ਦਿੱਤੀ ਜਾ ਚੁੱਕੀ ਹੈ। ਬੀਤੀ 24 ਨਵੰਬਰ ਐਤਵਾਰ ਸ਼ਾਮ ਜਦੋਂ ਉਹ ਅਤੇ ਉਸਦਾ ਭਰਾ ਖੇਤੀ ਸਟੋਰ ਉਪਰ ਮੌਜੂਦ ਸਨ ਤਾਂ ਇਕ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਸਵਾਰ ਹੋ ਸਾਡੀ ਦੁਕਾਨ ਬਾਹਰ ਆ ਗਏ। ਇਸ ਦੌਰਾਨ ਇਕ ਨੌਜਵਾਨ ਮੋਟਰਸਾਈਕਲ ਉਪਰ ਬੈਠਾ ਰਿਹਾ ਜਦਕਿ ਸੁਖਵਿੰਦਰ ਸਿੰਘ ਉਰਫ ਨੋਨੀ ਅਤੇ ਇਕ ਹੋਰ ਅਣਪਛਾਤਾ ਨੌਜਵਾਨ ਦੁਕਾਨ ਦੇ ਅੰਦਰ ਆ ਗਏ। ਦੁਕਾਨ ਵਿਚ ਦਾਖਲ ਹੋਏ ਸੁਖਵਿੰਦਰ ਸਿੰਘ ਉਰਫ ਨੋਨੀ ਦੇ ਹੱਥ ਵਿਚ ਦੇਸੀ ਪਿਸਤੌਲ ਮੌਜੂਦ ਸੀ, ਜਿਸਨੇ ਆਪਣੇ ਫੋਨ ਤੋਂ ਗੋਪੀ ਨੰਬਰਦਾਰ ਨਾਲ ਗੱਲ ਕਰਵਾਈ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ। 

ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਜਦ ਉਨ੍ਹਾਂ ਵੱਲੋਂ ਪੈਸੇ ਦੇਣ ਤੋਂ ਮਨਾ ਕੀਤਾ ਤਾਂ ਸੁਖਵਿੰਦਰ ਸਿੰਘ ਉਰਫ ਨੋਨੀ ਅਤੇ ਦੂਸਰਾ ਅਣਪਛਾਤਾ ਨੌਜਵਾਨ ਦੁਕਾਨ ਦੇ ਬਾਹਰ ਆ ਧੱਕਾ ਮੁੱਕੀ ਕਰਨ ਲੱਗ ਪਏ। ਜਦੋਂ ਉਨ੍ਹਾਂ ਵਿਚ ਧੱਕਾ ਮੁੱਕੀ ਹੋ ਰਹੀ ਸੀ ਤਾਂ ਇਸ ਦੌਰਾਨ ਸੁਖਵਿੰਦਰ ਸਿੰਘ ਉਰਫ ਨੋਨੀ ਨੇ ਆਪਣੇ ਦੇਸੀ ਪਿਸਤੌਲ ਨਾਲ ਉਨ੍ਹਾਂ 'ਤੇ ਮਾਰ ਦੇਣ ਦੀ ਨੀਅਤ ਤਹਿਤ ਫਾਇਰ ਕੀਤਾ ਜੋ ਸਾਡੇ ਉਪਰੋਂ ਦੀ ਲੰਘ ਗਿਆ। ਜਿਸ ਤੋਂ ਬਾਅਦ ਗੁਰਜੰਟ ਸਿੰਘ ਨੇ ਆਪਣੇ ਬਚਾਅ ਕਰਦਿਆਂ ਆਪਣੇ ਲਾਇਸੈਂਸੀ ਪਿਸਤੌਲ ਨਾਲ ਫਾਇਰ ਕੀਤੇ, ਜੋ ਸੁਖਵਿੰਦਰ ਸਿੰਘ ਉਰਫ ਨੋਨੀ ਦੇ ਜਾ ਲੱਗਾ ਜੋ ਕੁਝ ਦੂਰੀ ਉਪਰ ਜਾ ਡਿੱਗਾ। ਫਰਾਰ ਹੋਣ ਸਮੇਂ ਸੁਖਵਿੰਦਰ ਸਿੰਘ ਦਾ ਦੇਸੀ ਪਿਸਤੌਲ ਰਸਤੇ ਵਿਚ ਡਿੱਗ ਗਿਆ ਅਤੇ ਮੋਟਰਸਾਈਕਲ ਉਪਰ ਸਵਾਰ ਦੋਵੇਂ ਸਾਥੀ ਵੀ ਮੌਕੇ ਤੋਂ ਫਰਾਰ ਹੋ ਗਏ।

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਦੱਸਿਆ ਕਿ ਸਕੱਤਰ ਸਿੰਘ ਸੰਧੂ ਦੇ ਬਿਆਨਾਂ ਉਪਰ ਮੋਹ ਪ੍ਰੀਤ ਸਿੰਘ ਉਰਫ ਮੋਹ ਵਾਸੀ ਠੱਠੀਆਂ ਮਹੰਤਾਂ, ਗੋਪੀ ਨੰਬਰਦਾਰ ਵਾਸੀ ਨੌਸ਼ਹਿਰਾ ਪੰਨੂਆਂ, ਸੁਖਵਿੰਦਰ ਸਿੰਘ ਉਰਫ ਨੋਨੀ ਪੁੱਤਰ ਗੁਰਪ੍ਰੀਤ ਸਿੰਘ ਜੋ ਵਿਦੇਸ਼ ਵਿਚ ਬੈਠੇ ਗੈਂਗਸਟਰ ਸਤਨਾਮ ਸਿੰਘ ਉਰਫ ਸੱਤਾ ਦਾ ਚਚੇਰਾ ਭਰਾ ਹੈ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਸੁਖਵਿੰਦਰ ਸਿੰਘ ਉਰਫ ਨੋਨੀ ਦਾ ਦੇਸੀ ਪਿਸਤੌਲ ਵੀ ਕਬਜ਼ੇ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ- ਲਾਲ ਚੂੜੇ ਵਾਲੀ ਕੁੜੀ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌਤ, ਬੇਹੱਦ ਖੌਫ਼ਨਾਕ ਤਸਵੀਰਾਂ

ਕਬੱਡੀ ਖਿਡਾਰੀ ਦੇ ਗੈਂਗਸਟਰਾਂ ਨਾਲ ਜੁੜੇ ਸਨ ਤਾਰ

ਜਾਣਕਾਰੀ ਦੇ ਅਨੁਸਾਰ ਬੀਤੇ ਕੱਲ੍ਹ ਸ਼ਾਮ ਖੇਤੀਬਾੜੀ ਸਟੋਰ ਮਾਲਕ ਪਾਸੋਂ ਫਿਰੌਤੀ ਦੀ ਰਕਮ ਲੈਣ ਪੁੱਜੇ ਕਬੱਡੀ ਦੇ ਖਿਡਾਰੀ ਸੁਖਵਿੰਦਰ ਸਿੰਘ ਉਰਫ ਨੋਨੀ ਪੁੱਤਰ ਗੁਰਪ੍ਰੀਤ ਸਿੰਘ ਜੋ ਵਿਦੇਸ਼ ਵਿਚ ਬੈਠੇ ਗੈਂਗਸਟਰ ਸਤਨਾਮ ਸਿੰਘ ਉਰਫ ਸੱਤਾ ਦਾ ਚਚੇਰਾ ਭਰਾ ਹੈ ਦੇ ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਗੋਪੀ ਨੰਬਰਦਾਰ ਅਤੇ ਕਪੂਰਥਲਾ ਜੇਲ੍ਹ ਵਿਚ ਬੰਦ ਗੈਂਗਸਟਰ ਮੋਹਪ੍ਰੀਤ ਸਿੰਘ ਉਰਫ ਮੋਹ ਨਾਲ ਹੋਣੇ ਸਾਬਤ ਹੋ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ਨਾਲ ਫੋਨ ਰਾਹੀਂ ਸ਼ਰੇਆਮ ਖੇਤੀਬਾੜੀ ਸਟੋਰ ਮਾਲਕ ਨਾਲ ਸੁਖਵਿੰਦਰ ਸਿੰਘ ਉਰਫ ਨੋਨੀ ਵੱਲੋਂ ਗੱਲ ਕਰਵਾਈ ਜਾਣੀ ਜੇਲ੍ਹ ਪ੍ਰਸ਼ਾਸਨ ਦੀ ਸਖ਼ਤੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਜੇਲ੍ਹ ਵਿਚ ਮੌਜੂਦ ਗੈਂਗਸਟਰਾਂ ਵੱਲੋਂ ਜੇਲ੍ਹ ਤੋਂ ਹੀ ਆਪਣਾ ਨੈਟਵਰਕ ਚਲਾਉਂਦੇ ਹੋਏ ਵਾਰਦਾਤਾਂ ਨੂੰ ਜਿੱਥੇ ਅੰਜਾਮ ਦਿੱਤਾ ਜਾ ਰਿਹਾ ਹੈ, ਉਥੇ ਹੀ ਲੋਕਾਂ ਨੂੰ ਜਾਨ ਤੋਂ ਮਰਨ ਦੀ ਦੀਆਂ ਧਮਕੀਆਂ ਦਿੰਦੇ ਹੋਏ ਲੱਖਾਂ ਰੁਪਏ ਦੀਆਂ ਫਿਰੌਤੀਆਂ ਇਕੱਤਰ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਖੇਤੀਬਾੜੀ ਸਟੋਰ ਮਾਲਕ ਪਾਸੋਂ ਫਿਰੌਤੀ ਲੈਣ ਪੁੱਜੇ ਸੁਖਵਿੰਦਰ ਸਿੰਘ ਉਰਫ ਨੋਨੀ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ, ਜੋ ਕਬੱਡੀ ਦਾ ਖਿਡਾਰੀ ਦੱਸਿਆ ਜਾ ਰਿਹਾ ਹੈ ਅਤੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਰੀਬ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News