ਫਰਜ਼ੀ ਫਰਮ ਬਣਾ ਕੇ 2 ਭਰਾਵਾਂ ਨੇ ਠੱਗੇ 25 ਲੱਖ

11/12/2019 11:12:13 PM

ਅੰਮ੍ਰਿਤਸਰ, (ਸਫਰ)- ਜਾਅਲਸਾਜ਼ ਕਿਸੇ ਚਿਹਰੇ ਦੇ ਪਿੱਛੇ ਲੁਕਿਆ ਹੈ, ਇਹ ਸ਼ਾਇਦ ਹੀ ਕੋਈ ਜਾਣ ਸਕਿਆ ਹੋਵੇ। ਹੁਣ ਦਿਨੇਸ਼ ਮਿੱਡਾ ਦੀ ਮਿਸਾਲ ਲੈ ਲਓ, ਜੋ ਪੰਕਜ ਸ਼ਰਮਾ ਅਤੇ ਨਿਤਿਨ ਸ਼ਰਮਾ ਵਾਸੀ ਗਲੀ ਸੁਰਜੀਤ ਡੇਅਰੀ ਵਾਲੀ ਟੰਡਨ ਨਗਰ ਬਟਾਲਾ ਰੋਡ (ਅੰਮ੍ਰਿਤਸਰ) ਦੇ ਝਾਂਸੇ ’ਚ ਅਜਿਹੇ ਆਏ ਕਿ ਖੂਨ-ਪਸੀਨੇ ਦੀ ਕਮਾਈ ਦੇ 25 ਲੱਖ ਰੁਪਏ ਵਪਾਰ ਲਈ ਦੇ ਦਿੱਤੇ। ਮੁਲਜ਼ਮਾਂ ਨੇ ਵੀ ਇਨ੍ਹਾਂ ਨਾਲ ਠੱਗੀ ਕਰਨ ’ਚ ਕੋਈ ਕਸਰ ਨਹੀਂ ਛੱਡੀ। ਬਾਕਾਇਦਾ ਫਰਜ਼ੀ ਫਰਮ ਬਣਾ ਕੇ ਇਨ੍ਹਾਂ ਨੂੰ ਝਾਂਸੇ ’ਚ ਲਿਆ ਤੇ ਲੱਖਾਂ ਦੀ ਰਕਮ ਡਕਾਰ ਲਈ। ਮਾਮਲਾ ਪੁਲਸ ਕਮਿਸ਼ਨਰ ਕੋਲ ਬੀਤੀ 4 ਜੁਲਾਈ ਨੂੰ ਪਹੁੰਚਿਆ। ਜਾਂਚ ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਨੇ ਕਰਨ ਤੋਂ ਬਾਅਦ ਥਾਣਾ ਸਿਵਲ ਲਾਈਨ ’ਚ ਐੱਫ. ਆਈ. ਆਰ. ਨੰਬਰ 290 ਦਰਜ ਕੀਤੀ ਗਈ। ਜਾਂਚ ਅਧਿਕਾਰੀ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।

ਇਲਾਕੇ ’ਚ ਦੋਵਾਂ ਭਰਾਵਾਂ ਦੇ ਖੂਬ ਹਨ ਚਰਚੇ

ਇਲਾਕੇ ’ਚ ਦੋਵਾਂ ਭਰਾਵਾਂ ਦੇ ਖੂਬ ਚਰਚੇ ਹਨ। ਲੋਕ ਇਨ੍ਹਾਂ ਨੂੰ ਮਿਲਣਸਾਰ ਅਤੇ ਸੁੱਖ-ਦੁੱਖ ’ਚ ਕੰਮ ਕਰਨ ਵਾਲੇ ਇਨਸਾਨ ਮੰਨਦੇ ਹਨ। ਲੋਕ ਇਹ ਵੀ ਕਹਿੰਦੇ ਹਨ ਕਿ ਆਪਣੇ-ਆਪ ਨੂੰ ਦੋਵੇਂ ਭਰਾ ਬਿਜ਼ਨੈੱਸ ਇਨਵੈਸਟਮੈਂਟ ਸੈਂਟਰ ਚਲਾਉਣ ਦੀ ਗੱਲ ਕਰਦੇ ਸਨ। ਹੁਣ ਬਿਜ਼ਨੈੱਸ ਕੀ ਸੀ, ਇਹ ਕੋਈ ਨਹੀਂ ਜਾਣਦਾ। ਫਿਲਹਾਲ ਟੰਡਨ ਨਗਰ ’ਚ ਰਹਿਣ ਵਾਲਾ ਸ਼ਰਮਾ ਪਰਿਵਾਰ ਰਸੂਖਦਾਰ ਮੰਨਿਆ ਜਾਂਦਾ ਹੈ। ਅਜਿਹੇ ’ਚ ਥਾਣਾ ਸਿਵਲ ਲਾਈਨ ਪੁਲਸ ਮੁਲਜ਼ਮਾਂ ਨੂੰ ਜਾਅਲਸਾਜ਼ੀ ’ਚ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ। ਇਲਾਕੇ ’ਚ ਪੁਲਸ ਦੀ ਆਵਾਜਾਈ ਤੋਂ ਬਾਅਦ ਚਰਚਾਵਾਂ ਨੇ ਜ਼ੋਰ ਫਡ਼ ਲਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਹਰਜਿੰਦਰ ਦੀ ਮੰਨੀਏ ਤਾਂ ਦੋਵੇਂ ਭਰਾ ਘਰੋਂ ਫਰਾਰ ਹਨ, ਪਰਿਵਾਰਕ ਮੈਂਬਰ ਵੀ ਨਹੀਂ ਮਿਲ ਰਹੇ।


Bharat Thapa

Content Editor

Related News