​​​​​​​ਕਿਸਾਨਾਂ ਵਿੱਚ ਬੇਹੱਦ ਹਰਮਨ ਪਿਆਰੀ ਹੋ ਰਹੀ ਹੈ 'ਪੀਏਯੂ ਕਿਸਾਨ ਐਪ'

04/28/2019 1:43:25 PM

ਲੁਧਿਆਣਾ : ਪੀਏਯੂ ਲੁਧਿਆਣਾ ਵੱਲੋਂ ਕਿਸਾਨਾਂ, ਪਸਾਰ ਅਧਿਕਾਰੀਆਂ ਅਤੇ ਹੋਰ ਲੋਕਾਂ ਦੀ ਜਾਣਕਾਰੀ ਲਈ ਬਣਾਈ ਗਈ 'ਪੀਏਯੂ ਕਿਸਾਨ ਐਪ' ਬੇਹੱਦ ਹਰਮਨ ਪਿਆਰੀ ਹੋਈ ਹੈ। ਕਿਸਾਨਾਂ ਨੇ ਵਿਸ਼ੇਸ਼ ਤੌਰ ਤੇ ਇਸ ਐਪ ਨੂੰ ਬੇਹੱਦ ਲਾਭਕਾਰੀ ਦੱਸਿਆ ਹੈ । ਇਹ ਐਪ ਖੇਤੀ ਨਾਲ ਸੰਬੰਧਿਤ ਜਾਣਕਾਰੀ ਜਿਵੇਂ ਵੱਖ-ਵੱਖ ਫ਼ਸਲਾਂ ਦੀਆਂ ਭਿੰਨ-ਭਿੰਨ ਕਿਸਮਾਂ, ਬਿਜਾਈ ਦਾ ਸਮਾਂ, ਬਿਮਾਰੀਆਂ ਅਤੇ ਕੀੜੇ-ਮਕੌੜੇ ਉਹਨਾਂ ਦੀ ਰੋਕਥਾਮ, ਫਾਰਮ ਮਸ਼ੀਨਰੀ ਆਦਿ ਬਾਰੇ ਨਵੀਨ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦਾ ਮਾਧਿਅਮ ਬਣੀ ਹੈ । ਇਸ ਐਪ ਰਾਹੀਂ ਯੂਨੀਵਰਸਿਟੀ ਦੇ ਬੀਜ ਮਿਲਣ ਬਾਰੇ ਜਾਣਕਾਰੀ ਅਤੇ ਮੌਸਮ ਸੰਬੰਧੀ ਸੂਚਨਾ ਵੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ । ਇਸ ਤੋਂ ਬਿਨਾਂ ਇਸ ਐਪ ਰਾਹੀਂ ਕਿਸਾਨ ਯੂਨੀਵਰਸਿਟੀ ਦੇ ਹਫ਼ਤਾਵਰ ਡਿਜੀਟਲ ਅਖਬਾਰ 'ਖੇਤੀ ਸੰਦੇਸ਼' ਨੂੰ ਵੀ ਇਸ ਐਪ ਦੇ ਜ਼ਰੀਏ ਪੜ੍ਹ੍ਹ ਸਕਦੇ ਹਨ । ਸਮੇਂ-ਸਮੇਂ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਸਿਫ਼ਾਰਸ਼ਾਂ ਇਸ ਐਪ ਰਾਹੀਂ ਕਿਸਾਨਾਂ ਤੱਕ ਪਹੁੰਚਦੀਆਂ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਸ ਐਪ ਦਾ ਡਾਟਾ ਪੀਏਯੂ ਵੱਲੋਂ ਹਰ ਰੋਜ਼ ਅਪਡੇਟ ਕੀਤਾ ਜਾਂਦਾ ਹੈ ਅਤੇ ਹਰ ਵਾਰ ਕਿਸਾਨ ਵੱਲੋਂ ਇਸ ਐਪ ਦੀ ਵਰਤੋਂ ਕਰਨ ਤੇ ਉਸ ਨੂੰ ਤਾਜ਼ਾ ਜਾਣਕਾਰੀ ਮਿਲਦੀ ਹੈ । ਉਹਨਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹਾੜੀ ਅਤੇ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਸਿਫ਼ਾਰਸ਼ਾਂ ਦੀ ਤਕਰੀਬਨ ਸਾਰੀ ਜਾਣਕਾਰੀ ਇਸ ਐਪ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ  ਇਸ ਐਪ ਤੇ ਵੱਖ-ਵੱਖ ਕੀੜਿਆਂ, ਬਿਮਾਰੀਆਂ ਦੇ ਲੱਛਣਾਂ ਅਤੇ ਪੋਸ਼ਕ ਤੱਤਾਂ ਦੀ ਫ਼ਸਲਾਂ ਵਿੱਚ ਘਾਟ ਦੀਆਂ ਨਿਸ਼ਾਨੀਆਂ ਦੀਆਂ ਫੋਟੋਆਂ ਵੀ ਦੇਖੀਆ ਜਾ ਸਕਦੀਆਂ ਹਨ । ਯੂਨੀਵਰਸਿਟੀ ਵੱਲੋਂ ਯੂ-ਟਿਊਬ ਤੇ ਜਾਰੀ ਕੀਤੇ ਵੀਡੀਓ ਮੋਬਾਈਲ ਫੋਨ ਤੇ ਇਸ ਐਪ ਦੀ ਵਰਤੋਂ ਰਾਹੀਂ ਦੇਖੇ ਜਾ ਸਕਦੇ ਹਨ । ਪੀਏਯੂ ਕਿਸਾਨ ਐਪ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਦੇਖੀ ਜਾ ਸਕਦੀ ਹੈ । ਇਸ ਨੂੰ ਗੂਗਲ ਪਲੇਅ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ । ਰਜਿਸਟਰਡ ਮੋਬਾਈਲ ਨੰਬਰ ਤੇ ਵਨ ਟਾਈਮ ਪਾਸਵਰਡ ਦੇ ਜ਼ਰੀਏ ਲਾਗ ਇਨ ਕਰਕੇ ਇਹ ਐਪ ਖਪਤਕਾਰ ਦੇ ਮੋਬਾਈਲ ਦਾ ਹਿੱਸਾ ਬਣ ਜਾਂਦੀ ਹੈ ਅਤੇ ਇਸ ਤੋਂ ਬਾਅਦ ਖਪਤਕਾਰ ਇਸ ਐਪ ਰਾਹੀਂ ਸਿੱਧੇ ਤੌਰ ਤੇ ਯੂਨੀਵਰਸਿਟੀ ਨਾਲ ਜੁੜ ਜਾਂਦਾ ਹੈ । ਡਾ. ਮਾਹਲ ਨੇ ਕਿਹਾ ਕਿ ਇਹ ਐਪ ਕਿਸਾਨਾਂ, ਪਸਾਰ ਅਧਿਕਾਰੀਆਂ ਅਤੇ ਖੇਤੀ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਲੋਕਾਂ ਲਈ ਬੇਹੱਦ ਲਾਭਕਾਰੀ ਸਾਬਤ ਹੋ ਰਹੀ ਹੈ । ਉਹਨਾਂ ਨੇ ਭਵਿੱਖ ਵਿੱਚ ਇਸ ਐਪ ਵਿੱਚ ਹੋਰ ਸੁਧਾਰ ਕਰਕੇ ਇਸਨੂੰ ਸਮੇਂ ਦੀ ਹਾਣੀ ਬਣਾਉਣ ਸੰਬੰਧੀ ਬਾਰੇ ਵੀ ਭਰੋਸਾ ਦਿੱਤਾ ।


Aarti dhillon

Content Editor

Related News