ਸਰਕਾਰ ਮਤਰੇਈ ਮਾਂ ਵਰਗਾ ਵਿਵਹਾਰ ਨਾ ਕਰੇ

Friday, Oct 26, 2018 - 04:07 PM (IST)

ਸਰਕਾਰ ਮਤਰੇਈ ਮਾਂ ਵਰਗਾ ਵਿਵਹਾਰ ਨਾ ਕਰੇ

ਲੁਧਿਆਣਾ (ਜ. ਬ.) : ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਨੇ ਅੱਜ ਰਾਜ ਭਰ ਵਿਚ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਮੰਗ ’ਤੇ ਹਡ਼ਤਾਲ ਕੀਤੀ। ਇਸੇ ਲਡ਼ੀ ਵਿਚ ਸਥਾਨਕ ਸਿਵਲ ਸਰਜਨ ਦਫਤਰ ’ਤੇ ਵੀ ਧਰਨੇ ਪ੍ਰਦਰਸ਼ਨ ਕਰਦੇ ਹੋਏ ਯੂਨੀਅਨ ਆਗੂਆਂ ਨੇ ਕਿਹਾ ਕਿ ਵਾਅਦੇ ਪੂਰੇ ਨਾ ਕਰਨ ’ਤੇ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਪਣੇ ਸੰਬੋਧਨ ਵਿਚ ਯੂਨੀਅਨ ਦੇ ਜ਼ਿਲਾ ਪ੍ਰਧਾਨ ਤੇ ਸੂਬਾ ਕਮੇਟੀ ਤੇ ਮੈਂਬਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ 15 ਹਜ਼ਾਰ ਦੇ ਕਰੀਬ ਇੰਪਲਾਈਜ਼ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ 13 ਸਾਲ ਤੋਂ ਨਾਮਾਤਰ ਤਨਖਾਹ ’ਤੇ ਠੇਕੇ ’ਤੇ ਕੰਮ ਕਰ ਰਹੇ ਹਨ।

2016 ਵਿਚ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ, ਜੋ ਠੇਕੇ ’ਤੇ ਕੰਮ ਕਰ ਰਹੇ ਸਨ, ਨੂੰ ਰੈਗੂਲਰ ਕਰਨ ਸਬੰਧੀ ਬਿੱਲ ਪਾਸ ਕੀਤਾ ਸੀ ਪਰ ਮੌਜੂਦਾ ਸਰਕਾਰ ਉਸ ਨੂੰ ਅਮਲ ਵਿਚ ਨਹੀਂ ਲਿਆ ਰਹੀ ਹੈ ਤੇ ਮਤਰੇਈ ਮਾਂ ਵਰਗਾ ਵਿਵਹਾਰ ਕਰਦੇ ਹੋਏ ਉਨ੍ਹਾਂ ਨੂੰ ਹਮੇਸ਼ਾ ਖਜ਼ਾਨਾ ਖਾਲੀ ਹੋਣ ਦੀ ਗੱਲ ਕਰ ਰਹੀ ਹੈ। ਜਦੋਂਕਿ ਹਰਿਆਣਾ ਰਾਜ ਵਿਚ ਜਨਵਰੀ 2018 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹ ਦਿੱਤੀ ਜਾਣ ਲੱਗੀ ਹੈ। ਇਸ ਮੌਕੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ’ਚ ਦਿਨੇਸ਼ ਕੁਮਾਰ ਗੁਲਾਟੀ, ਸੁਰਿੰਦਰ ਕੁਮਾਰ, ਅਕਮਲ ਅੰਸਾਨੀ, ਮਨਦੀਪ ਸਿੰਘ, ਅਮਰਜੀਤ ਕੌਰ, ਵੀਰਪਾਲ ਕੌਰ, ਰਣਜੀਤ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ ਆਦਿ ਸ਼ਾਮਲ ਸਨ।


Related News