ਸਾਬਕਾ ਸੈਨਿਕਾਂ ਨਾਲ ਕੀਤੇ ਧੋਖੇ ਦਾ ਖਮਿਆਜ਼ਾ ਭਾਜਪਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਭੁਗਤਣਾ ਪਵੇਗਾ

01/11/2019 12:23:40 PM

ਖੰਨਾ (ਸੁਖਵਿੰਦਰ ਕੌਰ)- ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕੈਪਟਨ ਜਰਨੈਲ ਸਿੰਘ ਜਲਾਲਣ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਨਜ਼ਦੀਕ ਹੋਈ , ਜਿਸ ’ਚ ਸਾਬਕਾ ਸੈਨਿਕਾਂ ਤੇ ਵੀਰ ਨਾਰੀਆਂ ਨੇ ਵੱਧ-ਚਡ਼੍ਹ ਕੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਜਰਨੈਲ ਸਿੰਘ ਜਲਾਜਣ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸਾਬਕਾ ਸੈਨਿਕਾਂ ਦੀਆਂ ਮੰਗਾਂ ਨਾ ਮੰਨ ਕੇ ਬਹੁਤ ਵੱਡਾ ਧੋਖਾ ਕੀਤਾ ਹੈ, ਜਿਸ ਦਾ ਖਮਿਆਜ਼ਾ ਭਾਜਪਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਭੁਗਤਣਾ ਪਵੇਗਾ। ਇਸ ਮੌਕੇ ਮੀਤ ਪ੍ਰਧਾਨ ਕੈਪਟਨ ਮੇਹਰ ਸਿੰਘ ਇਕੋਲਾਹੀ ਨੇ ਕਿਹਾ ਕਿ ਦਿੱਲੀ ਦੇ ਜੰਤਰ-ਮੰਤਰ ’ਤੇ ਸਾਬਕਾ ਸੈਨਿਕਾਂ ਨੂੰ ਆਪਣੇ ਹੱਕਾਂ ਲਈ ਬੈਠਿਆ 1305 ਦਿਨ ਹੋ ਗਏ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਸਾਬਕਾ ਸੈਨਿਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਹੁਣ ਸਾਬਕਾ ਸੈਨਿਕ ਭਾਜਪਾ ਦੇ ਮੱਕਡ਼ ਜਾਲ ’ਚ ਨਹੀਂ ਫਸਣਗੇ। ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਰਖਵਾਲਿਆਂ ਲਈ ਝੂਠ ਬੋਲ ਸਕਦਾ ਹੈ ਤਾਂ ਬਾਕੀ ਦੇਸ਼ ਵਾਸੀਆਂ ਲਈ ਕੀ ਕੀਤਾ ਹੈ, ਇਹ ਤਾਂ ਦੇਸ਼ ਵਾਸੀ ਜਾਣਦੇ ਹੀ ਹਨ। ਇਸ ਮੌਕੇ ਸੰਸਥਾ ਦੇ ਖਜ਼ਾਨਚੀ ਕੈਪਟਨ ਨੰਦ ਲਾਲ ਮਾਜਰੀ ਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਨ-ਰੈਂਕ-ਵਨ ਪੈਨਸ਼ਨ ਦੀ ਕੋਈ ਉਮੀਦ ਨਹੀਂ ਹੈ, ਜਿਸ ਦੇਸ਼ ਦੇ ਸਾਬਕਾ ਸੈਨਿਕਾਂ ਨੂੰ ਆਪਣੇ ਹੱਕ ਨਹੀਂ ਮਿਲ ਰਹੇ ਹੋਣ ਤਾਂ ਉਸ ਦੇਸ਼ ਦਾ ਕੀ ਬਣੇਗਾ। ਜਿਸ ਦੇਸ਼ ਦੀ ਪ੍ਰਜਾ ਆਪਣੇ ਰਾਜੇ ਤੋਂ ਖੁਸ਼ ਨਹੀਂ, ਉਸ ਨੂੰ ਦੇਸ਼ ਦਾ ਰਾਜਾ ਕਹਾਉਣ ਦਾ ਕੋਈ ਹੱਕ ਨਹੀਂ ਹੈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਹਾਜ਼ਰ ਵੀਰ ਨਾਰੀਆਂ, ਸੈਨਿਕਾਂ, ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਅਜਿਹੀ ਨਾ ਕਾਬਿਲ ਕੇਂਦਰ ਸਰਕਾਰ ਨੂੰ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ’ਚ ਜਡ਼੍ਹੋਂ ਉਖਾਡ਼ ਦਿੱਤਾ ਜਾਵੇ। ਇਸ ਮੌਕੇ ਨਛੱਤਰ ਸਿੰਘ, ਕਰਨੈਲ ਸਿੰਘ, ਸਾਧੂ ਸਿੰਘ, ਰੱਬੀ ਸਿੰਘ ਅਲੌਡ਼, ਰਣਜੀਤ ਸਿੰਘ, ਕ੍ਰਿਸ਼ਨ ਲਾਲ (ਸਾਰੇ ਸੂਬੇਦਾਰ), ਸਤਿੰਦਰ ਸਿੰਘ, ਜਗਰੂਪ ਸਿੰਘ, ਗੁਰਦਿਆਲ ਸਿੰਘ, ਗੁਰਮੇਲ ਸਿੰਘ, ਚਰਨਜੀਤ ਸਿੰਘ, ਗੁਰਨਾਮ ਸਿੰਘ, ਬੰਤ ਸਿੰਘ, ਰਾਮ ਮੋਹਨ, ਰਜਿੰਦਰ ਸਿੰਘ, ਹਰੀ ਸਿੰਘ (ਸਾਰੇ ਹੌਲਦਾਰ),ਕੇਸਰ ਸਿੰਘ, ਆਲਮ ਸਿੰਘ, ਸੰਤੋਖ ਕੁਮਾਰ (ਸਾਰੇ ਨਾਇਕ) ਅਤੇ ਨਿਰਮਲ ਕੌਰ ਆਦਿ ਹਾਜ਼ਰ ਸਨ।


Related News