ਮਾਛੀਵਾੜਾ ਸਾਹਿਬ ''ਚ ਕਰੀਬ 1 ਦਰਜਨ ਮਕਾਨਾਂ ਦੇ ਧਸੇ ਫਰਸ਼ ਤੇ ਕੰਧਾਂ ''ਚ ਪਈਆਂ ਤਰੇੜਾਂ, ਪ੍ਰਸ਼ਾਸਨ ਬੇਖ਼ਬਰ

03/21/2023 5:05:57 PM

ਮਾਛੀਵਾੜਾ ਸਾਹਿਬ (ਟੱਕਰ) : ਉੱਤਰਾਖੰਡ ਪ੍ਰਦੇਸ਼ ਦੇ ਸ਼ਹਿਰ ਜੋਸ਼ੀਮੱਠ ਵਿਚ ਜ਼ਮੀਨ ਧਸਣ ਅਤੇ ਲੋਕਾਂ ਦੇ ਮਕਾਨ ਨੁਕਸਾਨੇ ਗਏ ਅਤੇ ਹੁਣ ਇਹੀ ਹਾਲਾਤ ਮਾਛੀਵਾੜਾ ਸਾਹਿਬ ਦੇ ਕ੍ਰਿਸ਼ਨਾਪੁਰੀ ਮੁਹੱਲੇ ਵਿਚ ਬਣ ਰਹੇ ਹਨ, ਜਿੱਥੇ ਕਿ ਕਰੀਬ 1 ਦਰਜਨ ਤੋਂ ਵੱਧ ਮਕਾਨਾਂ ਦੇ ਫਰਸ਼ ਧਸਣ ਕਾਰਨ ਤਰੇੜਾਂ ਪੈ ਗਈਆਂ। ਜਾਣਕਾਰੀ ਮੁਤਾਬਕ ਕਰੀਬ 15 ਮਕਾਨਾਂ ਦੀਆਂ ਕੰਧਾਂ ਵਿਚ ਤਰੇੜਾਂ ਪਈਆਂ ਹੋਈਆਂ ਹਨ ਤੇ ਫਰਸ਼ ਵੀ ਕਈ ਥਾਵਾਂ ਤੋਂ ਉੱਚੇ ਤੇ ਕਈ ਥਾਵਾਂ ’ਤੇ ਦਬੇ ਹੋਏ ਹਨ। ਨੁਕਸਾਨੇ ਗਏ ਮਕਾਨਾਂ ਦੇ ਮਾਲਕ ਸੰਜੀਵ ਸੂਦ, ਹਰਕੇਸ਼ ਨਹਿਰਾ, ਵਿਜੈ ਕਪਿਲ, ਸੁਭਾਸ਼ ਚੰਦਰ, ਪ੍ਰਮੋਦ ਚੋਪਡ਼ਾ, ਰਜਿੰਦਰ ਕੁਮਾਰ, ਦਰਸ਼ਨ ਨਹਿਰਾ, ਰਮੇਸ਼ ਕੁਮਾਰ, ਵਿਸ਼ਾਲ ਸਿੰਗਲਾ, ਵਿਨੋਦ ਸਿੰਗਲਾ, ਸਤਪਾਲ, ਸਤੀਸ਼ ਸੂਦ, ਲਵ ਨਹਿਰਾ ਨੇ ਦੱਸਿਆ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਉਨ੍ਹਾਂ ਦੇ ਮਕਾਨਾਂ ਦੀਆਂ ਕੰਧਾਂ ਵਿਚ ਇਸੇ ਤਰ੍ਹਾਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਫਰਸ਼ ਦਬਣੇ ਸ਼ੁਰੂ ਹੋ ਗਏ। 

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀਕਾਂਡ : ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸੁਖਬੀਰ ਬਾਦਲ ਨੂੰ ਵੱਡੀ ਰਾਹਤ

ਮਕਾਨ ਮਾਲਕਾਂ ਵਲੋਂ ਇਨ੍ਹਾਂ ਦੀ ਮੁਰੰਮਤ ਵੀ ਕਰਵਾ ਦਿੱਤੀ ਗਈ ਪਰ ਫਿਰ ਵੀ ਤਰੇੜਾਂ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਈ ਮਕਾਨਾਂ ਦੇ ਹਾਲਾਤ ਤਾਂ ਇਹ ਹਨ ਕਿ ਫਰਸ਼ ਉੱਚੇ-ਨੀਵੇਂ ਹੋ ਗਏ ਅਤੇ ਜਦੋਂ ਉਹ ਪੁੱਟ ਕੇ ਮੁਰੰਮਤ ਕਰਵਾਈ ਗਈ ਤਾਂ ਥੱਲੇ ਟੋਏ ਪਏ ਹੋਏ ਸਨ। ਮਕਾਨ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰੀਬ 1 ਸਾਲ ਪਹਿਲਾਂ ਵੀ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਨ੍ਹਾਂ ਵਲੋਂ ਸੀਵਰੇਜ਼ ਦੀ ਮੁਰੰਮਤ ਕੀਤੀ ਗਈ ਪਰ ਉਸ ਤੋਂ ਬਾਅਦ ਹੀ ਮਕਾਨਾਂ ’ਚ ਤਰੇੜਾਂ ਤੇ ਜ਼ਮੀਨ ਧਸਦੀ ਰਹੀ।

ਕ੍ਰਿਸ਼ਨਾਪੁਰੀ ਮੁਹੱਲਾ ਦੇ ਵਾਸੀਆਂ ਨੇ ਘਰਾਂ ਦੇ ਬਾਹਰ ਬਣੀ ਸੜਕ ਵੀ ਦਿਖਾਈ, ਜੋ ਕਈ ਥਾਵਾਂ ਤੋਂ ਧਸ ਚੁੱਕੀ ਸੀ ਅਤੇ ਉਨ੍ਹਾਂ ਸ਼ੱਕ ਜ਼ਾਹਰ ਕੀਤੀ ਕਿ ਸੀਵਰੇਜ਼ ਦੀਆਂ ਬਣਾਈਆਂ ਹੋਦੀਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ, ਜਿਨ੍ਹਾਂ ਤੋਂ ਪਾਣੀ ਰਿਸ ਕੇ ਮਕਾਨਾਂ ਦੀਆਂ ਨੀਹਾਂ ਵਿਚ ਜਾ ਰਿਹਾ ਹੈ, ਜਿਸ ਕਾਰਨ ਉਹ ਨੁਕਸਾਨੇ ਜਾ ਰਹੇ ਹਨ।  ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਗਰ ਕੌਂਸਲ ਵਲੋਂ ਸਮੱਸਿਆਵਾਂ ਸੁਣਨ ਲਈ ਜਨਤਕ ਦਰਬਾਰ ਵੀ ਲਗਾਇਆ ਸੀ, ਜਿਸ ਵਿਚ ਪੁੱਜੀ ਉੱਚ ਅਧਿਕਾਰੀ ਏ. ਡੀ. ਸੀ. ਅਨੀਤਾ ਦਰਸ਼ੀ ਦੇ ਧਿਆਨ ਵਿਚ ਵੀ ਲਿਆਂਦਾ ਕਿ ਉਨ੍ਹਾਂ ਦੇ ਮਕਾਨ ਧਸ ਰਹੇ ਹਨ ਪਰ ਉਸ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ। ਜਦੋਂ ਮੀਂਹ ਪੈਂਦਾ ਹੈ ਤਾਂ ਉਨ੍ਹਾਂ ਨੂੰ ਹਮੇਸ਼ਾ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਮਕਾਨ ਨਾ ਡਿੱਗ ਜਾਵੇ ਅਤੇ ਉਨ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ। 

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਦੀ ਮਨਸੁਖ ਕੌਰ ਢਿੱਲੋਂ ਨੇ ਅਮਰੀਕਾ ’ਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ

ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਕਿਉਂਕਿ ਉਹ ਕਈ ਵਾਰ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਲਿਆ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਜੋ ਸੀਵਰੇਜ ਪਾਈਪਾਂ ਨੂੰ ਪੁੱਟ ਕੇ ਹੋਦੀਆਂ ਦੀ ਮੁਰੰਮਤ ਕੀਤੀ ਜਾਵੇ ਅਤੇ ਜੇਕਰ ਕਿਤੇ ਵੀ ਕੋਈ ਪਾਣੀ ਦੀ ਲੀਕੇਜ਼ ਹੈ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ। ਇਸ ਸਬੰਧੀ ਨਗਰ ਕੌਂਸਲ ਦੇ ਜਨਰਲ ਇੰਸਪੈਕਟਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕ੍ਰਿਸ਼ਨਾਪੁਰੀ ਮੁਹੱਲਾ ਦੇ ਲੋਕਾਂ ਦੇ ਮਕਾਨਾਂ ਵਿਚ ਆ ਰਹੀਆਂ ਤਰੇੜਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਕੌਂਸਲ ਵਲੋਂ ਸੀਵਰੇਜ ਦੀ ਮੁਰੰਮਤ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਤਾਂ ਉਹ ਮੁੜ ਮੌਕਾ ਦੇਖ ਕੇ ਇਸ ਦਾ ਹੱਲ ਕੱਢਣਗੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News